ਕਾਂਗਰਸ ਹਾਈਕਮਾਂਡ ਦਾ ਫ਼ੈੈਸਲਾ ਤੈਅ ਕਰੇਗਾ ਪੰਜਾਬ ਦੀ ਰਾਜਨੀਤੀ ਦੀ ਦਿਸ਼ਾ
ਕਾਂਗਰਸ ਹਾਈਕਮਾਂਡ ਦਾ ਪੰਜਾਬ ਪ੍ਰਤੀ ਫ਼ੈਸਲਾ ਹੀ ਪੰਜਾਬ ਦੀ ਅਗਲੀ ਰਾਜਨੀਤੀ ਦੀ ਦਿਸ਼ਾ ਤੈਅ ਕਰੇਗਾ।
ਭੁੱਚੋ ਮੰਡੀ (ਜਸਪਾਲ ਸਿੰਘ ਸਿੱਧੂ) : ਕਾਂਗਰਸ ਹਾਈਕਮਾਂਡ ਦਾ ਪੰਜਾਬ ਪ੍ਰਤੀ ਫ਼ੈਸਲਾ ਹੀ ਪੰਜਾਬ ਦੀ ਅਗਲੀ ਰਾਜਨੀਤੀ ਦੀ ਦਿਸ਼ਾ ਤੈਅ ਕਰੇਗਾ। ਕਾਂਗਰਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਪੰਜਾਬ ਦੀ ਰਾਜਨੀਤੀ ਨੂੰ ਬੜੇ ਨੇੜਿਉਂ ਦੇਖ ਰਹੇ ਹਨ ਅਤੇ ਰਾਹੁਲ ਦੀ ਨਿਜੀ ਟੀਮ ਜਮੀਨੀ ਪੱਧਰ ’ਤੇ ਸਥਿਤੀ ਦਾ ਜਾਇਜਾ ਲੈ ਰਹੀ ਹੈ।
ਪੰਚਕੂਲਾ ਜਾਂ ਮੁਹਾਲੀ ਵਿਖੇ ਚੱਲਿਆ ਮੀਟਿੰਗਾਂ ਦਾ ਸਿਲਸਿਲਾ ਵੀ ਕਾਂਗਰਸ ਹਾਈਕਮਾਂਡ ਦੇ ਥਾਪੜੇ ਜਾਂ ਇਸਾਰੇ ਤੋਂ ਬਿਨਾ ਨਹੀ ਹੈ। ਕਾਂਗਰਸ ਹਾਈਕਮਾਂਡ ਪੰਜਾਬ ਪ੍ਰਤੀ ਫ਼ੈਸਲਾ ਜਲਦੀ ਲੈਣ ਲਈ ਤਿਆਰ ਹੈ ਜਿਸਦੇ ਸੰਕੇਤ ਨੇ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਦੇ ਦਿਤੇ ਹਨ। ਕਾਂਗਰਸ ਹਾਈਕਮਾਂਡ ਵੱਖ ਵੱਖ ਫ਼ਾਰਮੂਲਿਆਂ ਤੇ ਵਿਚਾਰ ਕਰ ਰਹੀ ਹੈ ਜਿਸ ਵਿਚ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਲਿਤ ਲੀਡਰ ਚਰਨਜੀਤ ਸਿੰਘ ਚੰਨੀ ਨੂੰ ਅਤੇ ਡਿਪਟੀ ਮੁੱਖ ਮੰਤਰੀ ਦਾ ਅਹੁਦਾ ਨਵਜੋਤ ਸਿੰਘ ਸਿੱਧੂ ਨੂੰ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਨਾਲ ਰੱਖਣ ਦੀ ਕੋਸ਼ਿਸ ਕੀਤੀ ਜਾ ਸਕਦੀ ਹੈ ਜਿਸ ਤਰ੍ਹਾਂ ਇਕ ਵਾਰ ਹਰਿਆਣਾ ਵਿਚ ਚੌਧਰੀ ਭਜਨ ਲਾਲ ਦੀ ਅਗਵਾਈ ਵਿਚ ਚੋਣਾਂ ਲੜਕੇ ਬਾਅਦ ਵਿਚ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਨੂੰ ਬਣਾ ਦਿੱਤਾ ਸੀ।
ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਕਾਂਗਰਸ ਦੇ ਪੁਰਾਣੇ ਇੰਚਾਰਜਾਂ ਆਸਾ ਕੁਮਾਰੀ ਤੇ ਹਰੀਸ਼ ਚੌਧਰੀ ਦੀਆਂ ਸੇਵਾਵਾਂ ਫਿਰ ਲਈਆਂ ਜਾ ਸਕਦੀਆਂ ਹਨ। ਸੀਨੀਅਰ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਦੀਆਂ ਆਪਣੀਆਂ ਖਾਹਿਸਾਂ ਹਨ ਪਰ ਦੋਵੇਂ ਪ੍ਰਮੁੱਖ ਅਹੁੱਦੇ ਜੱਟ ਭਾਈਚਾਰੇ ਨੂੰ ਦੇਣਾ ਮੁਮਕਿਨ ਨਹੀ ਲੱਗ ਰਿਹਾ।
ਕੁੱਝ ਸੀਨੀਅਰ ਮੰਤਰੀ ਇਸ ਦਾਅ ਵਿਚ ਹਨ ਕਿ ਪਾਰਟੀ ਹਾਈਕਮਾਂਡ ਕੈਪਟਨ ਨੂੰ ਭਰੋਸੇ ਵਿਚ ਲੈ ਕੇ ਦੋਵਾਂ ਧੜਿਆਂ ਨੂੰ ਵੀ ਨਾਲ ਲੈ ਕੇ ਕਿਸੇ ਸਾਂਝੇ ਨਾਂ ਤੇ ਵਿਚਾਰ ਕਰਦੀ ਹੈ ਤਾਂ ਉਨ੍ਹਾਂ ਦਾ ਦਾਅ ਵੀ ਲੱਗ ਸਕਦਾ ਹੈ। ਕਾਂਗਰਸ ਹਾਈਕਮਾਂਡ ਵਿਚ ਕੈਪਟਨ ਦੇ ਨਜ਼ਦੀਕੀਆਂ ਦੀ ਗਿਣਤੀ ਵੀ ਘੱਟ ਗਈ ਹੈ। ਪਾਰਟੀ ਹਾਂਈਕਮਾਂਡ ਤੇ ਦਬਾਅ ਰੱਖਣ ਵਾਲੇ ਰਾਜਘਰਾਨੇ ਜਿਨ੍ਹਾਂ ਵਿਚ ਜੋਤਿਸਰਾਜੇ ਸਿੰਧਿਆ, ਨਟਵਰ ਸਿੰਘ ਪਹਿਲਾ ਹੀ ਕਾਂਗਰਸ ਤੋਂ ਦੂਰ ਜਾ ਚੁੱਕੇ ਹਨ। ਦਿਗਵਜੇ ਸਿੰਘ ਮੱਧ ਪ੍ਰਦੇਸ ਵਿਚ ਪਹਿਲਾਂ ਹੀ ਹਾਸ਼ੀਏ ਤੇ ਹਨ।