Delhi Election: ਨਤੀਜਿਆਂ ਤੋਂ ਪਹਿਲਾਂ ਹੀ ਇਸ ਕਾਂਗਰਸ ਉਮੀਦਵਾਰ ਨੇ ਮੰਨੀ ਹਾਰ
ਰਾਸ਼ਟਰੀ ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਹਨ।
ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਰੁਝਾਨ ਆਉਣੇ ਸ਼ੁਰੂ ਹੋ ਚੁੱਕੇ ਹਨ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਅੱਗੇ ਦਿਖਾਈ ਦੇ ਰਹੀ ਹੈ। ਇਸੇ ਦੌਰਾਨ ਕਾਂਗਰਸ ਆਗੂ ਮੁਕੇਸ਼ ਸ਼ਰਮਾ ਨੇ ਨਤੀਜਿਆਂ ਤੋਂ ਪਹਿਲਾਂ ਹੀ ਹਾਰ ਸਵਿਕਾਰ ਕਰ ਲਈ ਹੈ।
ਉਹਨਾਂ ਨੇ ਟਵੀਟ ਕੀਤਾ ਹੈ ਕਿ ਮੈਂ ਅਪਣੀ ਹਾਰ ਸਵਿਕਾਰ ਕਰਦੇ ਹੋਏ, ਵਿਕਾਸਪੁਰੀ ਵਿਧਾਨ ਸਭਾ ਖੇਤਰ ਦੇ ਸਾਰੇ ਵੋਟਰਾਂ ਅਤੇ ਕਾਂਗਰਸ ਵਰਕਰਾਂ ਦਾ ਧੰਨਵਾਦੀ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਖੇਤਰ ਦਾ ਸਰਬਪੱਖੀ ਵਿਕਾਸ ਹੋਵੇਗਾ। ਮੈਂ ਭਵਿੱਖ ਵਿਚ ਵੀ ਦਿੱਲੀ, ਵਿਕਾਸਪੁਰੀ ਅਤੇ ਉੱਤਮ ਨਗਰ ਵਿਧਾਨ ਸਭਾ ਖੇਤਰ ਦੇ ਸਰਬਪੱਖੀ ਵਿਕਾਸ ਲਈ ਲੜਾਈ ਲੜਦਾ ਰਹਾਂਗਾ।
ਦੱਸ ਦਈਏ ਕਿ ਐਗਜ਼ਿਟ ਪੋਲ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਨੂੰ ਦਿੱਲੀ ਚੋਣਾਂ ਵਿਚ ਬੇਹੱਦ ਅਸਾਨ ਜਿੱਤ ਮਿਲਦੀ ਦਿਖੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਪ ਆਗੂਆਂ ਨੇ ਜਿੱਤ ਦਾ ਭਰੋਸਾ ਪ੍ਰਗਟਾਇਆ ਹੈ।
ਵੋਟਿੰਗ ਖਤਮ ਹੋਣ ਤੋਂ ਬਾਅਦ ਸ਼ਨੀਵਾਰ ਸ਼ਾਮ ਆਏ ਐਗਜ਼ਿਟ ਪੋਲ ਵਿਚ ਆਮ ਆਦਮੀ ਪਾਰਟੀ ਬਹੁਮਤ ਨਾਲ ਸਰਕਾਰ ਬਣਾਉਂਦੀ ਦਿਖ ਰਹੀ ਹੈ। ਪਰ ਭਾਜਪਾ ਦਾ ਦਾਅਵਾ ਹੈ ਕਿ ਆਖਰੀ ਘੰਟਿਆਂ ਵਿਚ ਹੋਈ ਬੰਪਰ ਵੋਟਿੰਗ ਉਹਨਾਂ ਦੇ ਪੱਖ ਵਿਚ ਹੋਈ ਹੈ ਅਤੇ ਅਜਿਹਾ ਕਰਨ ਵਾਲੇ ਲੋਕ ਐਗਜ਼ਿਟ ਪੋਲ ਦੇ ਸੈਂਪਲ ਵਿਚ ਸ਼ਾਮਲ ਨਹੀਂ ਹੋ ਸਕੇ।
ਇਹਨਾਂ ਦਾਅਵਿਆਂ ਵਿਚਕਾਰ ਸਭ ਦੀਆਂ ਨਜ਼ਰਾਂ ਵੋਟਾਂ ਦੀ ਗਿਣਤੀ ‘ਤੇ ਟਿਕ ਗਈਆਂ ਹਨ। ਐਗਜ਼ਿਟ ਪੋਲ ਦੇਖ ਕੇ ਉਤਸ਼ਾਹਿਤ ਆਮ ਆਦਮੀ ਪਾਰਟੀ ਅਪਣੀਆਂ ਪਿਛਲੀਆਂ ਚੋਣਾਂ ਦੇ ਨਤੀਜਿਆਂ ਨੂੰ ਦੁਹਰਾਉਣਾ ਚਾਹੇਗੀ।
ਉੱਥੇ ਹੀ ਭਾਜਪਾ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਬਾਅਦ ਰਾਜਧਾਨੀ ਦੀ ਸੱਤਾ ਵਿਚ ਵਾਪਸੀ ਦੀ ਰਾਹ ਦੇਖ ਰਹੀ ਹੈ। ਉੱਥੇ ਹੀ ਕਾਂਗਰਸ ਵੀ ਵਾਪਸੀ ਦੀ ਕੋਸ਼ਿਸ਼ ਵਿਚ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਨੂੰ 70 ਵਿਚੋਂ 67 ਸੀਟਾਂ ਮਿਲੀਆਂ ਸਨ। ਤਿੰਨ ਸੀਟਾਂ ‘ਤੇ ਭਾਜਪਾ ਨੇ ਜਿੱਤ ਦਰਜ ਕੀਤੀ ਸੀ। ਕਾਂਗਰਸ ਨੂੰ ਇਕ ਵੀ ਸੀਟ ਹਾਸਲ ਨਹੀਂ ਹੋਈ ਸੀ।