ਸਰਕਾਰ ਗਿਰਾਉਣ ਲਈ ਕਾਂਗਰਸੀ ਵਿਧਾਇਕਾਂ ਨੂੰ 15 ਕਰੋੜ ਰੁਪਏ ਦਾ ਆਫਰ ਦੇ ਰਹੀ BJP, ਦੋ ਨੇਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਰਾਜਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਰਕਾਰ ਨੂੰ ਕਥਿਤ ਤੌਰ ‘ਤੇ ਗਿਰਾਉਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵਿਚ ਭਾਜਪਾ ਨੇਤਾਵਾਂ ਦਾ ਨਾਮ ਸਾਹਮਣੇ ਆਇਆ ਹੈ।

Ashok Gehlot

ਨਵੀਂ ਦਿੱਲੀ: ਰਾਜਸਥਾਨ ਵਿਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਸਰਕਾਰ ਨੂੰ ਕਥਿਤ ਤੌਰ ‘ਤੇ ਗਿਰਾਉਣ ਦੀਆਂ ਕੋਸ਼ਿਸ਼ਾਂ ਦੇ ਮਾਮਲੇ ਵਿਚ ਭਾਜਪਾ ਨੇਤਾਵਾਂ ਦਾ ਨਾਮ ਸਾਹਮਣੇ ਆਇਆ ਹੈ। ਰਾਜਸਥਾਨ ਪੁਲਿਸ ਨੇ ਇਸ ਮਾਮਲੇ ਵਿਚ ਦੋ ਭਾਜਪਾ ਨੇਤਾਵਾਂ ਨੂੰ ਦੇਰ ਰਾਤ ਹਿਰਾਸਤ ਵਿਚ ਲਿਆ ਸੀ।

ਸ਼ਨੀਵਾਰ ਨੂੰ ਅਸ਼ੋਕ ਗਹਿਲੋਤ ਨੇ ਭਾਜਪਾ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕਾਂ ਨੂੰ 15 ਕਰੋੜ ਰੁਪਏ ਤੱਕ ਆਫਰ ਕਰ ਰਹੀ ਹੈ। ਗਹਿਲੋਤ ਨੇ ਕਿਹਾ ਕਿ ਕੋਰੋਨਾ ਸੰਕਟ ਦੌਰਾਨ ਜਿੱਥੇ ਸਰਕਾਰ ਲੋਕਾਂ ਲਈ ਕੰਮ ਕਰ ਰਹੀ ਹੈ। ਉੱਥੇ ਹੀ ਭਾਜਪਾ ਸੂਬੇ ਦੀ ਚੁਣੀ ਹੋਈ ਸਰਕਾਰ ਅਤੇ ਲੋਕਾਂ ਲਈ ਪਰੇਸ਼ਾਨੀ ਖੜ੍ਹੀ ਕਰ ਰਹੀ ਹੈ।

ਉਹਨਾਂ ਕਿਹਾ ਭਾਜਪਾ ਲਗਾਤਾਰ ਸੂਬੇ ਦੀ ਸਰਕਾਰ ਗਿਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਗਹਿਲੋਤ ਨੇ ਕਿਹਾ ਕਿ ਕਰਨਾਟਕ ਅਤੇ ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਖਰੀਦ-ਫਰੋਖਤ ਦੇ ਜ਼ਰੀਏ ਕਾਂਗਰਸ ਦੀਆਂ ਸਰਕਾਰਾਂ ਗਿਰਾਈਆਂ ਹਨ। ਉਹਨਾਂ ਕਿਹਾ ਕਿ ਇਸੇ ਤਰ੍ਹਾਂ ਭਾਜਪਾ ਨੇ ਕੁਝ ਕਾਂਗਰਸੀ ਵਿਧਾਇਕਾਂ ਨੂੰ 15 ਕਰੋੜ ਅਤੇ ਹੋਰ ਕਈ ਤਰ੍ਹਾਂ ਦੇ ਆਫਰ ਦਿੱਤੇ ਹਨ। ਰਿਪੋਰਟ ਮੁਤਾਬਕ ਰਾਜਸਥਾਨ ਵਿਚ ਵਿਧਾਇਕਾਂ ਦੀ ਖਰੀਦ ਦੇ ਮਾਮਲੇ ਵਿਚ ਦੋ ਭਾਜਪਾ ਨੇਤਾਵਾਂ ਦਾ ਨਾਮ ਸਾਹਮਣੇ ਆਇਆ ਹੈ।

ਇਹਨਾਂ ਨੇਤਾਵਾਂ ਦੇ ਨਾਮ ਹਨ ਭਰਤ ਮਾਲਾਨੀ ਅਤੇ ਅਸ਼ੋਕ ਸਿੰਘ। ਇਹਨਾਂ ਨੂੰ ਬੇਵਰ ਉਦੇਪੁਰ ਤੋਂ ਸਪੇਸ਼ਲ ਅਪਰੇਸ਼ਨ ਗਰੁੱਪ ਨੇ ਗ੍ਰਿਫ਼ਤਾਰ ਕੀਤਾ ਹੈ। ਰਾਜਸਥਾਨ ਐਸਓਜੀ ਮੁਤਾਬਕ ਮਾਲਾਨੀ ਦੀ ਕਾਲ ਰਿਕਾਰਡਿੰਗ ਤੋਂ ਪਤਾ ਚੱਲਿਆ ਹੈ ਕਿ  ਸੂਬੇ ਵਿਚ ਕਾਂਗਰਸ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਰਾਜਸਥਾਨ ਵਿਚ ਸਰਕਾਰ ਗਿਰਾਉਣ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਸਪੈਸ਼ਲ ਅਪਰੇਸ਼ਨ ਗਰੁੱਪ ਨੇ ਕੇਸ ਦਰਜ ਕੀਤਾ ਹੈ।