ਕੰਗਨਾ ਦਾ ਸੋਨੀਆ ਗਾਂਧੀ ‘ਤੇ ਨਿਸ਼ਾਨਾ, ‘ਇਤਿਹਾਸ ਕਰੇਗਾ ਤੁਹਾਡੀ ਚੁੱਪੀ ‘ਤੇ ਫੈਸਲਾ’

ਏਜੰਸੀ

ਖ਼ਬਰਾਂ, ਰਾਜਨੀਤੀ

ਮਹਾਰਾਸ਼ਟਰ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਪੂਰੇ ਵਿਵਾਦ ਵਿਚ ਕਾਂਗਰਸ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

Kangana Ranaut Targets Sonia Gandhi

ਮੁੰਬਈ: ਮਹਾਰਾਸ਼ਟਰ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਪੂਰੇ ਵਿਵਾਦ ਵਿਚ ਕਾਂਗਰਸ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਕੰਗਨਾ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਾਂਗਰਸ ਦੇ ਬਹਾਨੇ ਸ਼ਿਵਸੈਨਾ ‘ਤੇ ਹਮਲਾ ਬੋਲਿਆ ਹੈ, ਉੱਥੇ ਹੀ ਮਾਮਲੇ ਵਿਚ ਸੋਨੀਆ ਗਾਂਧੀ ਦੀ ਦਖਲ ਲਈ ਬੇਨਤੀ ਕੀਤੀ ਹੈ। 

ਕੰਗਨਾ ਨੇ ਕਿਹਾ ਕਿ ਕੀ ਸੋਨੀਆ ਗਾਂਧੀ ਉਹਨਾਂ ਦੇ ਨਾਲ ਹੋਏ ਇਸ ਵਰਤਾਅ ‘ਤੇ ਕੁਝ ਨਹੀਂ ਬੋਲੇਗੀ? ਕੰਗਨਾ ਨੇ ਇਕ ਟਵੀਟ ਜ਼ਰੀਏ ਸ਼ਿਵਸੈਨਾ ਦੇ ਸੰਸਥਾਪਕ ਬਾਲਾ ਸਾਹਿਬ ਠਾਕਰੇ ਨੂੰ ਯਾਦ ਕਰਦਿਆਂ ਉਹਨਾਂ ਦੀ ਇਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ ਅਤੇ ‘ਸ਼ਿਵਸੈਨਾ ਦੀ ਹਾਲਤ’ ਬਾਰੇ ਬੋਲਿਆ ਹੈ। ਉਹਨਾਂ ਨੇ ਲਿਖਿਆ। ‘ਮੇਰੇ ਪਸੰਦੀਦਾ ਆਦਰਸ਼ਾਂ ਵਿਚੋਂ ਇਕ ਮਹਾਨ ਬਾਲਾ ਸਾਹਿਬ ਠਾਕਰੇ ਦਾ ਸਭ ਤੋਂ ਵੱਡਾ ਡਰ ਸੀ ਕਿ ਸ਼ਿਵਸੈਨਾ ਕਿਸੇ ਦਿਨ ਗਠਜੋੜ ਕਰ ਲਵੇਗੀ ਅਤੇ ਕਾਂਗਰਸ ਬਣ ਜਾਵੇਗੀ। ਮੈਂ ਜਾਣਨਾ ਚਾਹੁੰਦੀ ਹਾਂ ਕਿ ਅੱਜ ਉਹ ਅਪਣੀ ਪਾਰਟੀ ਦੀ ਹਾਲਤ ਦੇਖਦੇ ਤਾਂ ਉਹਨਾਂ ਦੀ ਕੀ ਭਾਵਨਾ ਹੁੰਦੀ’।  

ਕੰਗਨਾ ਨੇ ਇਕ ਦੂਜੇ ਟਵੀਟ ਵਿਚ ਲਿਖਿਆ, ‘ਮਾਣਯੋਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜੀ, ਕੀ ਮਹਾਰਾਸ਼ਟਰ ਵਿਚ ਤੁਸੀਂ ਅਪਣੀ ਸਰਕਾਰ ਵੱਲੋਂ ਮੇਰੇ ਨਾਲ ਕੀਤੇ ਗਏ ਇਸ ਵਰਤਾਅ ਕਾਰਨ ਗੁੱਸੇ ਵਿਚ ਨਹੀਂ ਹੋ? ਕੀ ਤੁਸੀਂ ਅਪਣੀ ਸਰਕਾਰ ਨੂੰ ਡਾਕਟਰ ਅੰਬੇਦਕਰ ਦੇ ਬਣਾਏ ਸੰਵਿਧਾਨ ਦੇ ਸਿਧਾਂਤਾਂ ਦਾ ਪਾਲਣ ਕਰਨ ਲਈ ਨਹੀਂ ਕਹੋਗੇ?

ਟਵੀਟ ਵਿਚ ਉਹਨਾਂ ਨੇ ਅੱਗੇ ਲਿਖਿਆ, ‘ਤੁਸੀਂ ਪੱਛਮ ਵਿਚ ਪੈਦਾ ਹੋਏ ਅਤੇ ਇੱਥੇ ਭਾਰਤ ਵਿਚ ਰਹੇ। ਤੁਹਾਨੂੰ ਔਰਤਾਂ ਦੇ ਸੰਘਰਸ਼ਾਂ ਬਾਰੇ ਪਤਾ ਹੋਵੇਗਾ। ਜਦੋਂ ਤੁਹਾਡੀ ਸਰਕਾਰ ਵਿਚ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਅਜਿਹੇ ਵਿਚ ਤੁਹਾਡੀ ਚੁੱਪੀ ਦਾ ਫੈਸਲਾ ਇਤਿਹਾਸ ਲਵੇਗਾ। ਮੈਨੂੰ ਉਮੀਦ ਹੈ ਕਿ ਤੁਸੀਂ ਦਖਲ ਦਿਓਗੇ’।

ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਕੁਝ ਦਿਨ ਪਹਿਲਾਂ ਮੁੰਬਈ ਨੂੰ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਕਿਹਾ ਸੀ, ਜਿਸ ਤੋਂ ਬਾਅਦ ਸ਼ਿਵਸੈਨਾ ਵੱਲੋਂ ਵਿਰੋਧ ਸਾਹਮਣੇ ਆਇਆ ਸੀ। ਇਸ ਵਿਵਾਦ ਦੌਰਾਨ ਬੀਐਮਸੀ ਨੇ ਕੰਗਨਾ ਦੇ ਦਫ਼ਤਰ ਦੀ ਭੰਨਤੋੜ ਕੀਤੀ, ਜਿਸ ‘ਤੇ ਵਿਵਾਦ ਹੋਰ ਵਧ ਗਿਆ। ਇਸ ਮਾਮਲੇ ਵਿਚ ਕੰਗਨਾ ਮੁੰਬਈ ਹਾਈਕੋਰਟ ਪਹੁੰਚੀ ਹੈ, ਜਿਸ ਤੋਂ ਬਾਅਦ ਬੀਐਮਸੀ ਦੀ ਕਾਰਵਾਈ ‘ਤੇ ਫਿਲਹਾਲ ਰੋਕ ਲਗਾਈ ਗਈ ਹੈ।