ਕੰਗਨਾ ਰਣੌਤ ਬਨਾਮ ਰੀਆ ਚੱਕਰਵਰਤੀ,ਫ਼ਿਲਮੀ ਦੁਨੀਆਂ ਦੀਆਂ ਸੁੰਦਰੀਆਂ 'ਚੋਂ ਜਿਤਿਆ ਕੌਣ ਤੇ ਹਾਰਿਆ ਕੌਣ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਕੰਗਨਾ ਰਣੌਤ, ਸੁਸ਼ਾਂਤ ਰਾਜਪੂਤ ਤੇ ਰੀਆ ਚੱਕਰਵਰਤੀ ਵਾਂਗ ਇਕ ਆਮ ਸਾਧਾਰਣ ਪ੍ਰਵਾਰ ਤੋਂ ਉਠ ਕੇ ਆਈ ਲੜਕੀ ਸੀ.....

Kangana Ranaut

ਕੰਗਨਾ ਰਣੌਤ, ਸੁਸ਼ਾਂਤ ਰਾਜਪੂਤ ਤੇ ਰੀਆ ਚੱਕਰਵਰਤੀ ਵਾਂਗ ਇਕ ਆਮ ਸਾਧਾਰਣ ਪ੍ਰਵਾਰ ਤੋਂ ਉਠ ਕੇ ਆਈ ਲੜਕੀ ਸੀ ਜਿਸ ਦਾ ਫ਼ਿਲਮ ਜਗਤ ਵਿਚ ਕੋਈ ਵਲੀ-ਵਾਰਸ ਨਹੀਂ ਸੀ। ਪੰਜਾਬ 'ਵਰਸਿਟੀ ਤੋਂ ਅਪਣਾ ਕੰਮ ਸ਼ੁਰੂ ਕਰਨ ਵਾਲੀ ਕੰਗਨਾ ਦਾ ਅੱਜ ਤਕ ਦਾ ਸਫ਼ਰ ਔਕੜਾਂ ਤੋਂ ਖ਼ਾਲੀ ਨਹੀਂ ਰਿਹਾ। 

ਅੰਦਰ ਦੀ ਕਸ਼ਮਕਸ਼ ਦੀ ਗਹਿਰਾਈ ਤਾਂ ਉਹ ਆਪ ਹੀ ਜਾਣ ਸਕਦੀ ਹੈ ਪਰ ਜਾਪਦਾ ਤਾਂ ਇਹੀ ਹੈ ਕਿ ਕੰਗਨਾ ਰਣੌਤ ਨੇ ਫ਼ਿਲਮੀ ਸਿਤਾਰਾ ਬਣਨ ਵਾਸਤੇ ਉਹੀ ਰਸਤੇ ਅਪਣਾਏ ਜੋ ਹਰ ਚਾਹਵਾਨ ਅਪਣਾਉਂਦਾ ਹੈ। ਕੰਗਨਾ ਬਾਰੇ ਗਲੀਆਂ ਬਾਜ਼ਾਰਾਂ ਵਿਚ ਜੋ ਕੁੱਝ ਕਿਹਾ ਗਿਆ, ਉਸ ਬਾਰੇ ਕੋਈ ਟਿਪਣੀ ਨਾ ਕਰਦੇ ਹੋਏ, ਇਹ ਜ਼ਰੂਰ ਆਖਿਆ ਜਾ ਸਕਦਾ ਹੈ ਕਿ ਕੰਗਨਾ ਵੀ ਫ਼ਿਲਮੀ ਦੁਨੀਆਂ ਦੇ ਰੰਗ ਵਿਚ ਰੰਗੀ ਗਈ।

ਰਿਤਿਕ ਰੌਸ਼ਨ ਜੋ ਕਿ ਵਿਆਹੇ ਹੋਏ ਸਨ, ਨਾਲ ਰਿਸ਼ਤਾ ਜੋੜਿਆ ਪਰ ਬਾਅਦ ਵਿਚ ਦੋਹਾਂ ਨੇ ਇਕ ਦੂਜੇ ਉਪਰ ਕਈ ਗੰਭੀਰ ਦੋਸ਼ ਮੜ੍ਹ ਦਿਤੇ। ਪ੍ਰੰਤੂ ਕੰਗਨਾ ਵਿਚ ਇਕ ਗੱਲ ਸੀ ਜਿਸ ਕਰ ਕੇ ਉਹ ਬਾਕੀ ਸਾਰੇ ਸਿਤਾਰਿਆਂ ਤੋਂ ਅਲੱਗ ਸੀ। ਉਹ ਸਿਰਫ਼ ਇਕ ਸੁੰਦਰ ਚਿਹਰਾ ਨਹੀਂ ਸੀ, ਕੰਗਨਾ ਰਣੌਤ ਇਕ ਬਹੁਤ ਹੀ ਸੁਲਝੀ ਹੋਈ ਕਲਾਕਾਰ ਹੈ ਜਿਸ ਨੇ ਫ਼ਿਲਮਾਂ ਵਿਚ ਹੀਰੋ ਦੀ ਲੋੜ ਨੂੰ ਹੀ ਖ਼ਤਮ ਕਰ ਦਿਤਾ।

ਕੰਗਨਾ ਰਣੌਤ ਇਕ ਬਹੁਤ ਹੀ ਪ੍ਰਭਾਵਸ਼ਾਲੀ ਲੜਕੀ ਹੈ ਜਿਸ ਨੇ ਅਪਣੇ ਕਲਾਕਾਰਾਂ ਨੂੰ ਚਮਕਾਉਣ ਵਾਸਤੇ ਇਕ ਯੋਜਨਾ ਬਣਾਈ ਤੇ ਉਸ ਨੂੰ ਸਫ਼ਲਤਾ ਨਾਲ ਇਸਤੇਮਾਲ ਕੀਤਾ ਤੇ ਕੰਗਨਾ ਰਣੌਤ ਨੇ ਅਪਣੇ ਵਾਸਤੇ ਅਗਲਾ ਟੀਚਾ ਮਿਥ ਲਿਆ ਹੈ ਜਿਸ ਵਿਚ ਉਹ ਅਪਣੇ ਆਪ ਨੂੰ ਜਾਂ ਤਾਂ ਭਾਜਪਾ ਦਾ ਪ੍ਰਚਾਰਕ ਬਣਾਉਣ ਦੀ ਤਿਆਰੀ ਕਰ ਰਹੀ ਹੈ ਜਾਂ ਉਸ ਨੇ ਅਪਣੇ ਵਾਸਤੇ ਰਾਜ ਸਭਾ ਦੀ ਕੁਰਸੀ ਪੱਕੀ ਕਰ ਲਈ ਹੈ। ਅੱਜ ਕੰਗਨਾ ਨੇ ਸ਼ਿਵ ਸੈਨਾ ਨੂੰ ਚੁਨੌਤੀ ਦੇ ਕੇ ਅਪਣੀ ਅਗਲੀ ਚਾਲ ਚਲ ਦਿਤੀ ਹੈ।

ਉਸ ਦੀ ਕਿਸਮਤ ਚੰਗੀ ਹੈ ਕਿ ਸ਼ਿਵ ਸੈਨਾ ਨੇ ਅਪਣੀ ਸਿਆਸੀ ਤਾਕਤ ਦੇ ਸਿਰ ਤੇ ਕੰਗਨਾ ਦੇ ਦਫ਼ਤਰ ਵਿਚ ਗ਼ੈਰ ਕਾਨੂੰਨੀ ਉਸਾਰੀ ਤੋੜਨ ਵਿਚ ਕਾਹਲ ਕਰ ਦਿਤੀ। ਇਸ ਨਾਲ ਕੰਗਨਾ ਦੀ ਨਫ਼ਰਤ ਇਕ ਆਮ ਆਦਮੀ ਦਾ ਗੁੱਸਾ ਬਣ ਗਿਆ। ਪਰ ਹਾਰਿਆ ਕੌਣ? ਹਾਰੀ ਇਕ ਹੋਰ ਆਮ ਪ੍ਰਵਾਰ ਦੀ ਲੜਕੀ ਰੀਆ ਚੱਕਰਵਰਤੀ ਜੋ ਕੰਗਨਾ ਵਾਂਗ ਚਲਾਕ ਨਹੀਂ ਸੀ।

ਇਕ ਸਫ਼ਲ ਕਲਾਕਾਰ ਸੁਸ਼ਾਂਤ ਰਾਜਪੂਤ ਨਾਲ ਪਿਆਰ ਕਰਦੀ ਸੀ ਜਾਂ ਉਸ ਦਾ ਇਸਤੇਮਾਲ ਕਰਦੀ ਸੀ, ਪਰ ਉਹ ਵੀ ਉਹੀ ਕੁੱਝ ਕਰ ਰਹੀ ਸੀ ਜੋ ਕੰਗਨਾ ਨੇ ਕਦੇ ਕੀਤਾ ਸੀ। ਇਕ ਹੋਰ ਫ਼ਰਕ ਵੀ ਹੈ ਇਨ੍ਹਾਂ ਦੋਵਾਂ ਵਿਚ। ਕੰਗਨਾ ਅੰਦਰ ਨਫ਼ਰਤ ਇਸ ਕਦਰ ਭਰ ਚੁੱਕੀ ਹੈ ਕਿ ਉਹ ਹੁਣ ਅਪਣੇ ਵਰਗੀ ਹੀ ਇਕ ਹੋਰ ਲੜਕੀ ਨੂੰ ਤਬਾਹ ਕਰਨ ਵਿਚ ਕੋਈ ਕਸਰ ਨਹੀਂ ਛੱਡ ਰਹੀ।

ਰੀਆ ਵਿਰੁਧ ਕੋਈ ਦੋਸ਼ ਸਾਬਤ ਨਹੀਂ ਹੋ ਸਕਿਆ, ਸਿਵਾਏ ਇਸ ਦੇ ਕਿ ਸ਼ਾਇਦ ਉਸ ਨੇ ਆਪ ਵੀ ਨਸ਼ੇ ਦਾ ਸੇਵਨ ਕੀਤਾ ਤੇ ਸੁਸ਼ਾਂਤ ਨੂੰ ਵੀ ਨਸ਼ੇ ਦਿਤੇ। ਜੇਕਰ ਉਸ ਨੇ ਨਸ਼ਾ ਕੀਤਾ ਹੁੰਦਾ ਤਾਂ ਉਸ ਨੂੰ ਇਲਾਜ ਦੀ ਵੀ ਲੋੜ ਹੋਵੇਗੀ, ਕਿਉਂਕਿ ਅੱਜ ਤਕ ਅਸੀ ਨਸ਼ਾ ਕਰਨ ਵਾਲੇ ਨੂੰ ਨਹੀਂ ਬਲਕਿ ਨਸ਼ਾ ਦੇ ਕਾਰੋਬਾਰ ਕਰਨ ਵਾਲੇ ਨੂੰ ਜ਼ਿੰਮੇਵਾਰ ਮੰਨਦੇ ਆਏ ਹਾਂ।

ਪਰ ਨਫ਼ਰਤ ਉਗਲਦੀ ਕੰਗਨਾ ਰਣੌਤ ਨੇ ਦੇਸ਼ ਨੂੰ ਇਸ ਕਦਰ ਭਾਵੁਕ ਕਰ ਦਿਤਾ ਹੈ ਕਿ ਅੱਜ ਦੇਸ਼ ਗੁਨਾਹ ਸਾਬਤ ਹੋਣ ਤੋਂ ਪਹਿਲਾਂ ਹੀ ਰੀਆ ਨੂੰ ਸਜ਼ਾ-ਏ-ਮੌਤ ਸੁਣਾ ਰਿਹਾ ਹੈ। ਅਫ਼ਸੋਸ ਕਿ ਜਿਹੜੀ ਅਦਾਕਾਰਾ ਇਕ ਸਮੇਂ ਇਕ ਨਵੀਂ ਲਹਿਰ ਦੀ ਸ਼ੁਰੂਆਤ ਕਰ ਰਹੀ ਸੀ, ਅੱਜ ਅਪਣੀ ਨਫ਼ਰਤ ਸਦਕੇ ਉਸੇ ਦਾਗ਼ੀ ਫ਼ਿਲਮੀ ਜਗਤ ਦਾ ਇਕ ਸਿਆਸੀ 'ਡਾਨ' ਬਣ ਚੁੱਕੀ ਹੈ ਤੇ ਅਪਣੇ ਵਰਗਿਆਂ ਨੂੰ ਹੀ ਮਾਰ ਕੇ ਉਨ੍ਹਾਂ ਦੀਆਂ ਕਬਰਾਂ ਨੂੰ ਅਪਣੀ ਪੌੜੀ ਵਜੋਂ ਵਰਤਣਾ ਚਾਹੁੰਦੀ ਹੈ।
- ਨਿਮਰਤ ਕੌਰ