ਰਾਹੁਲ ਦਾ ਮੋਦੀ ‘ਤੇ ਨਿਸ਼ਾਨਾ, ‘ਗਲਤ ਪ੍ਰਚਾਰ ਨਾਲ ਅਰਥ ਵਿਵਸਥਾ ਠੀਕ ਨਹੀਂ ਹੋਵੇਗੀ’

ਏਜੰਸੀ

ਖ਼ਬਰਾਂ, ਰਾਜਨੀਤੀ

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥ ਵਿਵਸਥਾ ਨੂੰ ਲੈ ਕੇ ਵੀਰਵਾਰ ਨੂੰ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ।

Rahul Gandhi

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅਰਥ ਵਿਵਸਥਾ ਨੂੰ ਲੈ ਕੇ ਵੀਰਵਾਰ ਨੂੰ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਥਿਤੀ ਨੂੰ ਠੀਕ ਕਰਨ ਲਈ ਗ਼ਲਤ ਪ੍ਰਚਾਰ ਦੀ ਨਹੀਂ ਬਲਕਿ ਠੋਸ ਨੀਤੀ ਦੀ ਜ਼ਰੂਰਤ ਹੈ। ਇਕ ਅੰਗਰੇਜ਼ੀ ਅਖ਼ਬਾਰ ਵਿਚ ਛਪੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਇੰਟਰਵਿਊ ਦਾ ਹਵਾਲਾ ਦਿੰਦੇ ਹੋਏ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਪਹਿਲਾਂ ਸਰਕਾਰ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਅਰਥ ਵਿਵਸਥਾ ਨੂੰ ਲੈ ਕੇ ਸਮੱਸਿਆ ਹੈ।

ਉਹਨਾਂ ਨੇ ਮਨਮੋਹਨ ਸਿੰਘ ਦੇ ਜਿਸ ਇੰਟਰਵਿਊ ਦਾ ਹਵਾਲਾ ਦਿੱਤਾ, ਉਸ ਵਿਚ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਨੋਟਬੰਦੀ ਅਤੇ ਗਲਤ ਢੰਗ ਨਾਲ ਜੀਐਸਟੀ ਲਾਗੂ ਕਰਨ ਦੇ ਕਾਰਨ ਅਰਥ ਵਿਵਸਥਾ ਦੀ ਸਥਿਤੀ ਖ਼ਰਾਬ ਹੋਈ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ ਕਿ ਇਸ ਸਮੇਂ ਗਲਤ ਪ੍ਰਚਾਰ, ਮਨਘੜਤ ਖ਼ਬਰਾਂ ਅਤੇ ਨੌਜਵਾਨਾਂ ਬਾਰੇ ਮੂਰਖਤਾ ਭਰੀਆਂ ਗੱਲਾਂ ਕਰਨ ਦੀ ਲੋੜ ਨਹੀਂ ਹੈ ਬਲਕਿ ਭਾਰਤ ਨੂੰ ਇਕ ਠੋਸ ਨੀਤੀ ਦੀ ਲੋੜ ਹੈ ਤਾਂ ਜੋ ਅਰਥ ਵਿਵਸਥਾ ਦੀ ਸਥਿਤੀ ਨੂੰ ਠੀਕ ਕੀਤਾ ਜਾ ਸਕੇ। ਗਾਂਧੀ ਨੇ ਕਿਹਾ ਕਿ ਪਹਿਲਾਂ ਸਵੀਕਾਰ ਕਰੋ ਕਿ ਸਾਡੇ ਸਾਹਮਣੇ ਸਮੱਸਿਆ ਹੈ, ਇਹ ਸਵੀਕਾਰ ਕਰਨਾ ਹੀ ਚੰਗੀ ਸ਼ੁਰੂਆਤ ਹੋਵੇਗੀ।

ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ, ‘ਚੋਣਾ ਤੋਂ ਪਹਿਲਾਂ ਬੋਲਿਆ ਗਿਆ ਸੀ ਕਿ ਓਲਾ-ਉਬਰ ਨੇ ਰੁਜ਼ਗਾਰ ਵਧਾਏ, ਹੁਣ ਬੋਲਿਆ ਜਾ ਰਿਹਾ ਹੈ ਕਿ ਇਹਨਾਂ ਕਾਰਨ ਮੰਦੀ ਆ ਗਈ, ਸਰਕਾਰ ਇੰਨੀ ਕੰਨਫਿਊਜ਼ ਕਿਉਂ ਹੈ। ਭਾਜਪਾ ਸਰਕਾਰ ਅਰਥ ਵਿਵਸਥਾ ਦੇ ਮਾਮਲੇ ਵਿਚ ਅਪਣੀ ਹੀ ਗੱਲ ਨੂੰ ਲੈ ਕੇ ਹੀ ਉਲਝਣ ਵਿਚ ਹੈ, ਵਾਹਨਾਂ ਦੀ ਵਿਕਰੀ ਵਿਚ ਗਿਰਾਵਟ ਨੂੰ ਓਲਾ ਅਤੇ ਉਬਰ ਨਾਲ ਕਿਉਂ ਜੋੜਿਆ ਜਾ ਰਿਹਾ ਹੈ’।

ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਮੰਗਲਵਾਰ ਨੂੰ ਕਿਹਾ ਕਿ ਆਟੋ ਸੈਕਟਰ ਵਿਚ ਸੁਸਤੀ ਦਾ ਕਾਰਨ ਨੌਜਵਾਨਾਂ ਦੀ ਸੋਚ ਵਿਚ ਬਦਲਾਅ  ਵੀ ਹੈ ਕਿਉਂਕਿ ਲੋਕ ਹੁਣ ਖ਼ੁਦ ਦੇ ਵਾਹਨ ਖਰੀਦਣ ਦੀ ਬਜਾਏ ਓਲਾ ਅਤੇ ਉਬਰ ਨੂੰ ਜ਼ਿਆਦਾ ਪਹਿਲ ਦਿੰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।