ਸੰਸਦ ਦੇ ਮੁਲਾਜ਼ਮਾਂ ਨੂੰ ਮਿਲੀ ਨਵੀਂ ਵਰਦੀ, ਕਾਂਗਰਸ ਨੇ ਪ੍ਰਗਟਾਇਆ ਇਤਰਾਜ਼

ਏਜੰਸੀ

ਖ਼ਬਰਾਂ, ਰਾਜਨੀਤੀ

ਸੰਸਦ ਮੁਲਾਜ਼ਮਾਂ ਦੀ ਨਵੀਂ ਵਰਦੀ ’ਤੇ ਸਿਰਫ਼ ‘ਕਮਲ’ ਕਿਉਂ, ਬਾਘ ਅਤੇ ਮੋਰ ਕਿਉਂ ਨਹੀਂ : ਕਾਂਗਰਸ ਸੰਸਦ ਮੈਂਬਰ

Congress Pans Lotus Motif on New Uniforms of Parliament Staff ahead of Special Session

 

ਨਵੀਂ ਦਿੱਲੀ: 18 ਸਤੰਬਰ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਵਿਸ਼ੇਸ਼ ਸੈਸ਼ਨ ਦੇ ਦੂਜੇ ਦਿਨ 19 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਮੌਕੇ ’ਤੇ ਪੂਜਾ ਕਰਨ ਮਗਰੋਂ ਨਵੇਂ ਸੰਸਦ ਭਵਨ ’ਚ ਕੰਮ ਸ਼ੁਰੂ ਹੋ ਜਾਵੇਗਾ। ਇਸ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਭਵਨ ਦੇ ਕਰਮਚਾਰੀ ਵੀ ਨਵੀਂਆਂ ਪੁਸ਼ਾਕਾਂ ’ਚ ਨਜ਼ਰ ਆਉਣਗੇ। ਸੰਸਦ ਦੇ ਇਸ ਵਿਸ਼ੇਸ਼ ਸੈਸ਼ਨ ’ਚ ਸੰਸਦ ਦੇ ਸਾਰੇ ਮਰਦ ਅਤੇ ਔਰਤ ਮੁਲਾਜ਼ਮ ਨਵੀਂ ਵਰਗੀ ’ਚ ਨਜ਼ਰ ਆਉਣਗੇ। ਹਾਲਾਂਕਿ ਇਸ ਵਰਦੀ ’ਤੇ ਕਾਂਗਰਸ ਨੇ ਇਤਰਾਜ਼ ਪ੍ਰਗਟਾਇਆ ਹੈ।
ਦਸਿਆ ਜਾ ਰਿਹਾ ਹੈ ਕਿ ਸਾਰੇ ਮੁਲਾਜ਼ਮਾਂ ਦੇ ਪਹਿਰਾਵੇ ਅਤੇ ਜੁੱਤੀਆਂ ਵੀ ਬਦਲ ਦਿਤੀਆਂ ਗਈਆਂ ਹਨ। ਨਵੇਂ ਪਹਿਰਾਵੇ ’ਚ ਕਮਲ ਦੇ ਫੁੱਲ ਅਤੇ ਖਾਕੀ ਰੰਗ ਨੂੰ ਵੀ ਮਹੱਤਵ ਦਿਤਾ ਗਿਆ ਹੈ।

 

ਸੰਸਦ ਭਵਨ ਦੇ ਕਰਮਚਾਰੀਆਂ ਲਈ ਇਹ ਨਵੀਂ ਵਰਦੀ ਐੱਨ.ਆਈ.ਐੱਫ਼.ਟੀ. ਵਲੋਂ ਡਿਜ਼ਾਈਨ ਕੀਤੀ ਗਈ ਹੈ। ਹੁਣ ਸਕੱਤਰੇਤ ਦੇ ਕਰਮਚਾਰੀ ਬੰਦ ਗਲੇ ਵਾਲੇ ਸੂਟ ਦੀ ਬਜਾਏ ਗੂੜ੍ਹੇ ਗੁਲਾਬੀ ਨਹਿਰੂ ਜੈਕਟਾਂ ’ਚ ਨਜ਼ਰ ਆਉਣਗੇ। ਉਧਰ ਕਾਂਗਰਸ ਦੇ ਇਕ ਸੰਸਦ ਮੈਂਬਰ ਮਣੀਕਮ ਟੈਗੋਰ ਨੇ ਸੰਸਦ ਦੇ ਮੁਲਾਜ਼ਮਾਂ ਦੀ ਨਵੀਂ ਵਰਦੀ ’ਤੇ ਕਮਲ ਦੇ ਫੁੱਲ ਛਪੇ ਹੋਣ ਨਾਲ ਸਬੰਧਤ ਖ਼ਬਰਾਂ ਨੂੰ ਲੈ ਕੇ ਸੋਮਵਾਰ ਨੂੰ ਦੋਸ਼ ਲਾਇਆ ਕਿ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਨੂੰ ਇਕਪਾਸੜ ਮੰਚ ਬਣਾ ਰਹੀ ਹੈ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਕੌਮੀ ਪਸ਼ੂ ਅਤੇ ਕੌਮੀ ਪੰਛੀ ਲੜੀਵਾਰ ਬਾਘ ਅਤੇ ਮੋਰ ਦੀ ਬਜਾਏ ਸਿਰਫ਼ ‘ਕਮਲ’ ਹੀ ਕਿਉਂ ਦਰਸਾਇਆ ਜਾ ਰਿਹਾ ਹੈ?

 

ਟੈਗੋਰ ਨੇ ਕਿਹਾ, ‘‘ਸੰਸਦ ਦੇ ਮੁਲਾਜ਼ਮਾਂ ਦੀ ਵਰਗੀ ’ਤੇ ਭਾਜਪਾ ਦਾ ਚੋਣ ਨਿਸ਼ਾਨ ਹੈ। ਉਨ੍ਹਾਂ ਨੇ ਜੀ20 ’ਚ ਵੀ ਇਹੀ ਕੀਤਾ। ਹੁਣ ਇਹ ਲੋਕ ਫਿਰ ਅਜਿਹਾ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਹ ਕੌਮੀ ਫੁੱਲ ਹੈ।’’ ਉਨ੍ਹਾਂ ਅੱਗੇ ਕਿਹਾ, ‘‘ਇਸ ਤਰ੍ਹਾਂ ਦਾ ਨੀਵਾਂਪਣ ਠੀਕ ਨਹੀਂ ਹੈ। ਉਮੀਦ ਹੈ ਕਿ ਭਾਜਪਾ ਇਸ ਸਭ ਤੋਂ ਉੱਪਰ ਉਠੇਗੀ ਅਤੇ ਸੰਸਦ ਨੂੰ ਇਕਪਾਸੜ ਮੰਚ ਨਹੀਂ ਬਣਾਏਗੀ।’’

 

ਖ਼ਬਰਾਂ ’ਚ ਕਿਹਾ ਗਿਆ ਹੈ ਕਿ ਸੰਸਦ ਭਵਨ ਦੇ ਟੇਬਲ ਦਫ਼ਤਰ ਦਾ ਸਟਾਫ਼ ਯਾਨੀ ਸਦਨ ’ਚ ਸਪੀਕਰ ਦੇ ਸਾਹਮਣੇ ਬੈਠਣ ਵਾਲਾ ਸਟਾਫ਼ ਦੀਆਂ ਕਮੀਜ਼ਾਂ ਵੀ ਗੂੜ੍ਹੇ ਗੁਲਾਬੀ ਰੰਗ ਦੀਆਂ ਹੋਣਗੀਆਂ ਜਿਨ੍ਹਾਂ ’ਤੇ ਕਮਲ ਦੇ ਫੁੱਲ ਲੱਗੇ ਹੋਣਗੇ ਅਤੇ ਇਹ ਕਰਮਚਾਰੀ ਹੁਣ ਖਾਕੀ ਰੰਗ ਦੀ ਪੈਂਟ ਪਹਿਨੇ ਨਜ਼ਰ ਆਉਣਗੇ।
ਨਵੀਂ ਸੰਸਦ ’ਚ ਦੋਹਾਂ ਸਦਨਾਂ ਦੇ ਮਾਰਸ਼ਲ ਵੀ ਮਨੀਪੁਰੀ ਪਗੜੀ ’ਚ ਨਜ਼ਰ ਆਉਣਗੇ। ਇਸ ਦੇ ਨਾਲ ਹੀ ਸੰਸਦ ਭਵਨ ਦੇ ਹੋਰ ਸੁਰੱਖਿਆ ਕਰਮਚਾਰੀਆਂ ਦਾ ਪਹਿਰਾਵਾ ਵੀ ਬਦਲਿਆ ਗਿਆ ਹੈ। ਹੁਣ ਇਹ ਸੁਰੱਖਿਆ ਕਰਮਚਾਰੀ ਸਫਾਰੀ ਸੂਟ ਦੀ ਬਜਾਏ ਸਿਪਾਹੀਆਂ ਵਾਂਗ ਕੈਮੋਫਲੇਜ ਡਰੈੱਸ ਪਾਈ ਨਜ਼ਰ ਆਉਣਗੇ।