16 ਫਰਵਰੀ ਨੂੰ ਹੋਣ ਵਾਲੀ ਮੇਅਰ ਦੀ ਚੋਣ ਮੁਲਤਵੀ ਕਰ ਦਿੱਤੀ ਜਾਵੇਗੀ, ਲੈਫ਼ਟੀਨੈਂਟ ਗਵਰਨਰ ਦੇ ਦਫ਼ਤਰ ਨੇ ਅਦਾਲਤ ਨੂੰ ਦੱਸਿਆ

ਏਜੰਸੀ

ਖ਼ਬਰਾਂ, ਰਾਜਨੀਤੀ

 ਮੇਅਰ ਦੀ ਚੋਣ ਸੰਬੰਧੀ ਪਟੀਸ਼ਨ 'ਤੇ ਸੁਪਰੀਮ ਕੋਰਟ ਹੁਣ 17 ਫਰਵਰੀ ਨੂੰ ਸੁਣਵਾਈ ਕਰੇਗੀ

Image For Representational Purpose Only

 

ਨਵੀਂ ਦਿੱਲੀ - ਦਿੱਲੀ ਦੇ ਉਪ-ਰਾਜਪਾਲ ਦੇ ਦਫ਼ਤਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ 16 ਫਰਵਰੀ ਨੂੰ ਹੋਣ ਵਾਲੀਆਂ ਮੇਅਰ ਚੋਣਾਂ ਨੂੰ 17 ਫਰਵਰੀ ਤੋਂ ਬਾਅਦ ਦੀ ਤਰੀਕ ਤੱਕ ਮੁਲਤਵੀ ਕਰ ਦੇਵੇਗਾ।

ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਨਾਮਜ਼ਦ ਮੈਂਬਰ ਚੋਣਾਂ ਵਿੱਚ ਵੋਟ ਨਹੀਂ ਪਾ ਸਕਦੇ। ਬੈਂਚ ਨੇ ਕਿਹਾ, "ਨਾਮਜ਼ਦ ਮੈਂਬਰ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਦੇ। ਸੰਵਿਧਾਨਕ ਵਿਵਸਥਾਵਾਂ ਬਹੁਤ ਸਪੱਸ਼ਟ ਹਨ।"

ਬੈਂਚ ਆਮ ਆਦਮੀ ਪਾਰਟੀ ਦੀ ਮੇਅਰ ਅਹੁਦੇ ਦੀ ਉਮੀਦਵਾਰ ਸ਼ੈਲੀ ਓਬਰਾਏ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ, ਜਿਸ 'ਚ ਮੇਅਰ ਦੀ ਚੋਣ ਜਲਦੀ ਕਰਵਾਉਣ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਹੁਣ ਇਸ ਪਟੀਸ਼ਨ 'ਤੇ 17 ਫਰਵਰੀ ਨੂੰ ਸੁਣਵਾਈ ਕਰੇਗੀ।

ਸੁਪਰੀਮ ਕੋਰਟ ਵੱਲੋਂ ਸ਼ੁੱਕਰਵਾਰ ਨੂੰ ਪਟੀਸ਼ਨ ਸੂਚੀਬੱਧ ਕੀਤੇ ਜਾਣ ਤੋਂ ਬਾਅਦ, ਉਪ-ਰਾਜਪਾਲ ਦੇ ਦਫ਼ਤਰ ਵੱਲੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਸੰਜੇ ਜੈਨ ਨੇ ਕਿਹਾ ਕਿ 16 ਫਰਵਰੀ ਨੂੰ ਹੋਣ ਵਾਲੀਆਂ ਚੋਣਾਂ ਨੂੰ 17 ਫਰਵਰੀ ਤੋਂ ਬਾਅਦ ਦੀ ਤਰੀਕ ਤੱਕ ਮੁਲਤਵੀ ਕਰ ਦਿੱਤਾ ਜਾਵੇਗਾ।

ਸੁਪਰੀਮ ਕੋਰਟ ਨੇ 8 ਫਰਵਰੀ ਨੂੰ ਓਬਰਾਏ ਦੀ ਪਟੀਸ਼ਨ 'ਤੇ ਲੈਫ਼ਟੀਨੈਂਟ ਗਵਰਨਰ ਦਫਤਰ, ਦਿੱਲੀ ਨਗਰ ਨਿਗਮ ਦੇ ਅਸਥਾਈ ਪ੍ਰੀਜ਼ਾਈਡਿੰਗ ਅਫਸਰ ਸੱਤਿਆ ਸ਼ਰਮਾ ਅਤੇ ਹੋਰਨਾਂ ਤੋਂ ਜਵਾਬ ਮੰਗਿਆ ਸੀ।