Lok Sabha Elections 2024: ਔਰਤਾਂ ਲਈ ਕਾਂਗਰਸ ਦੀ ਗਾਰੰਟੀ; ਮਿਲਣਗੇ ਸਾਲਾਨਾ 1 ਲੱਖ ਰੁਪਏ

ਏਜੰਸੀ

ਖ਼ਬਰਾਂ, ਰਾਜਨੀਤੀ

ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ ਮਿਲੇਗਾ 50 ਫ਼ੀ ਸਦੀ ਰਾਖਵਾਂਕਰਨ

Congress promises Rs 1 lakh cash transfer to women

Lok Sabha Elections 2024: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਵਿਚ ਸੱਤਾ 'ਚ ਆਉਂਦੀ ਹੈ ਤਾਂ ਗਰੀਬ ਔਰਤਾਂ ਦੇ ਬੈਂਕ ਖਾਤਿਆਂ 'ਚ ਸਾਲਾਨਾ ਇਕ ਲੱਖ ਰੁਪਏ ਜਮ੍ਹਾ ਕੀਤੇ ਜਾਣ ਤੋਂ ਇਲਾਵਾ ਸਰਕਾਰੀ ਨੌਕਰੀਆਂ 'ਚ 50 ਫ਼ੀ ਸਦੀ ਰਾਖਵਾਂਕਰਨ ਸਮੇਤ ਪੰਜ ਮਹਿਲਾ ਨਿਆਂ ਗਾਰੰਟੀ ਦਿਤੀਆਂ ਜਾਣਗੀਆਂ।

ਭਾਰਤ ਜੋੜੋ ਨਿਆਂ ਯਾਤਰਾ ਦੇ ਹਿੱਸੇ ਵਜੋਂ ਮਹਾਰਾਸ਼ਟਰ ਦੇ ਧੁਲੇ ਜ਼ਿਲ੍ਹੇ ਵਿਚ ਇਕ ਮਹਿਲਾ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਇਹ ਵੀ ਵਾਅਦਾ ਕੀਤਾ ਕਿ ਮਾਨਤਾ ਪ੍ਰਾਪਤ ਸਮਾਜਿਕ ਸਿਹਤ ਕਾਰਕੁਨਾਂ (ਆਸ਼ਾ), ਆਂਗਣਵਾੜੀ ਵਰਕਰਾਂ ਅਤੇ ਮਿਡ-ਡੇਅ ਮੀਲ ਸਕੀਮਾਂ ਵਿਚ ਕੰਮ ਕਰਨ ਵਾਲੀਆਂ ਔਰਤਾਂ ਲਈ ਬਜਟ ਵਿਚ ਕੇਂਦਰ ਸਰਕਾਰ ਦਾ ਹਿੱਸਾ ਦੁੱਗਣਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਅਤੇ ਉਨ੍ਹਾਂ ਦੇ ਕੇਸ ਲੜਨ ਲਈ ਇਕ ਨੋਡਲ ਅਧਿਕਾਰੀ ਨਿਯੁਕਤ ਕੀਤਾ ਜਾਵੇਗਾ। ਗਾਂਧੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਵਿਚ ਔਰਤਾਂ ਲਈ ਸਾਵਿਤਰੀਬਾਈ ਫੂਲੇ ਹੋਸਟਲ ਸਥਾਪਤ ਕੀਤੇ ਜਾਣਗੇ।

ਰਾਹੁਲ ਗਾਂਧੀ ਦੇ ਭਾਸ਼ਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਇਕ ਵੀਡੀਉ ਬਿਆਨ 'ਚ ਕਿਹਾ ਸੀ ਕਿ 'ਮਹਾਲਕਸ਼ਮੀ' ਗਾਰੰਟੀ ਦੇ ਤਹਿਤ ਗਰੀਬ ਔਰਤਾਂ ਦੇ ਬੈਂਕ ਖਾਤਿਆਂ 'ਚ ਸਾਲਾਨਾ ਇਕ ਲੱਖ ਰੁਪਏ ਜਮ੍ਹਾ ਕਰਵਾਏ ਜਾਣਗੇ।

ਉਨ੍ਹਾਂ ਕਿਹਾ,’ਅੱਧੀ ਆਬਾਦੀ ਪੂਰਾ ਹੱਕ’, ਜਿਸ ਦਾ ਮਤਲਬ ਹੈ ਕਿ ਸਰਕਾਰੀ ਨੌਕਰੀਆਂ ਵਿਚ ਔਰਤਾਂ ਨੂੰ 50 ਫ਼ੀ ਸਦੀ ਰਾਖਵਾਂਕਰਨ ਦਿਤਾ ਜਾਵੇਗਾ।  ਖੜਗੇ ਨੇ ਕਿਹਾ ਕਿ ਕਾਂਗਰਸ ਦੀ ਗਾਰੰਟੀ ‘ਪੱਥਰ ਦੀ ਲਕੀਰ’ ਹੈ ਅਤੇ ਇਹ ਕੋਈ ‘ਜੁਮਲਾ’ ਨਹੀਂ ਹੈ।

(For more Punjabi news apart from Lok Sabha Elections Congress promises Rs 1 lakh cash transfer to women, stay tuned to Rozana Spokesman)