ਕਰਨਾਟਕ ਵਿਧਾਨ ਸਭਾ ਚੋਣਾਂ  'ਚ ਸਫ਼ਲਤਾ 'ਤੇ ਬੋਲੇ ​​ਪ੍ਰਿਅੰਕਾ ਗਾਂਧੀ :  'ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ'

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਕਾਂਗਰਸ ਕਰੇਗੀ ਸਾਰੇ ਵਾਅਦੇ ਪੂਰੇ 

Priyanka Gandhi Vadra

ਬੈਂਗਲੁਰੂ : ਕਰਨਾਟਕ ਵਿਧਾਨ ਸਭਾ ਚੋਣਾਂ 2023 ਦੇ ਨਤੀਜਿਆਂ 'ਚ ਕਾਂਗਰਸ ਇਤਿਹਾਸਕ ਜਿੱਤ ਵੱਲ ਵਧ ਰਹੀ ਹੈ। ਕਈ ਸੀਟਾਂ ਦੇ ਨਤੀਜਿਆਂ ਅਤੇ ਕੁੱਝ ਦੇ ਰੁਝਾਨਾਂ ਨੂੰ ਮਿਲਾ ਕੇ ਕਾਂਗਰਸ ਲਗਭਗ 136 ਸੀਟਾਂ ਦੀ ਵੱਡੀ ਲੀਡ ਨਾਲ ਭਾਰੀ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ। ਇਸ ਸਫ਼ਲਤਾ 'ਤੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਕਾਂਗਰਸ ਦੀ ਜਿੱਤ 'ਤੇ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ, ਕਰਨਾਟਕ ਦੇ ਲੋਕਾਂ ਦੀ ਜਿੱਤ ਹੈ। ਕਾਂਗਰਸ ਪਾਰਟੀ ਕਰਨਾਟਕ ਦੇ ਲੋਕਾਂ ਨੂੰ ਦਿਤੀਆਂ ਗਰੰਟੀਆਂ ਅਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ।

ਇਹ ਵੀ ਪੜ੍ਹੋ:   ਕਰਨਾਟਕ ਵਿਧਾਨ ਸਭਾ ਚੋਣਾਂ 'ਚ ਸੰਭਾਵੀ ਜਿੱਤ 'ਤੇ ਬੋਲੇ ਰਾਹੁਲ ਗਾਂਧੀ : 'ਨਫ਼ਰਤ ਦਾ ਬਾਜ਼ਾਰ ਬੰਦ, ਮੁਹੱਬਤ ਦੀ ਦੁਕਾਨ ਖੁੱਲ੍ਹੀ'

ਗ਼ੌਰਤਲਬ ਹੈ ਕਿ ਪ੍ਰਿਅੰਕਾ ਗਾਂਧੀ ਨੇ ਵੀ ਕਰਨਾਟਕ ਵਿਚ ਕਾਂਗਰਸ ਦੀ ਜਿੱਤ ਲਈ ਜ਼ੋਰਦਾਰ ਪ੍ਰਚਾਰ ਕੀਤਾ। ਜਦੋਂ ਉਨ੍ਹਾਂ ਨੇ ਜਨਤਾ ਦੇ ਸਾਹਮਣੇ ਭਾਜਪਾ ਸਰਕਾਰ 'ਤੇ ਹਮਲਾ ਬੋਲਿਆ ਤਾਂ ਉਨ੍ਹਾਂ ਨੇ ਸਥਾਨਕ ਸਮੱਸਿਆਵਾਂ ਵੀ ਚੁੱਕੀਆਂ। ਹੁਣ ਜਦੋਂ ਇਥੇ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ ਤਾਂ ਪ੍ਰਿਅੰਕਾ ਗਾਂਧੀ ਨੇ ਇਤਿਹਾਸਕ ਫ਼ਤਵਾ ਦੇਣ ਲਈ ਕਰਨਾਟਕ ਦੇ ਲੋਕਾਂ ਦਾ ਤਹਿ ਦਿਲੋਂ ਧਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਤੁਹਾਡੇ ਮੁੱਦਿਆਂ ਦੀ ਜਿੱਤ ਹੈ। ਇਹ ਤਰੱਕੀ ਦੇ ਵਿਚਾਰ ਨੂੰ ਤਰਜੀਹ ਦੇਣ ਲਈ ਕਰਨਾਟਕ ਦੀ ਜਿੱਤ ਹੈ। ਇਹ ਰਾਜਨੀਤੀ ਦੀ ਜਿੱਤ ਹੈ ਜੋ ਦੇਸ਼ ਨੂੰ ਇਕਜੁੱਟ ਕਰਦੀ ਹੈ।

ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਇਹ ਜਿੱਤ ਕਰਨਾਟਕ ਦੇ ਸਾਰੇ ਮਿਹਨਤੀ ਕਾਂਗਰਸੀ ਵਰਕਰਾਂ ਅਤੇ ਨੇਤਾਵਾਂ ਦੀ ਇਕਜੁੱਟਤਾ ਅਤੇ ਸਖ਼ਤ ਮਿਹਨਤ ਕਾਰਨ ਮਿਲੀ ਹੈ, ਇਸ ਲਈ ਮੇਰੀਆਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਕਾਂਗਰਸ ਪਾਰਟੀ ਕਰਨਾਟਕ ਦੇ ਲੋਕਾਂ ਨਾਲ ਕੀਤੇ ਗਏ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ।