ਸਨਾਤਨ ਧਰਮ ‘ਭਾਰਤ ਦਾ ਰਾਸ਼ਟਰੀ ਧਰਮ’, ਇਸ ’ਤੇ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ: ਯੋਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, ਜਦੋਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਮੁਸਲਮਾਨ ਹੱਜ ਕਰਨ ਲਈ ਮੱਕਾ ਜਾਂਦੇ ਹਨ ਤਾਂ ਸਾਊਦੀ ਅਰਬ ’ਚ ਉਨ੍ਹਾਂ ਨੂੰ ‘ਹਿੰਦੂ’ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ

Yogi Adityanath

 

ਇੰਦੌਰ (ਮੱਧ ਪ੍ਰਦੇਸ਼): ਸਨਾਤਨ ਧਰਮ ਨੂੰ ‘ਭਾਰਤ ਦਾ ਰਾਸ਼ਟਰੀ ਧਰਮ’ ਦਸਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁਧਵਾਰ ਨੂੰ ਕਿਹਾ ਕਿ ਇਸ ਧਰਮ ’ਤੇ ਪਹਿਲਾਂ ਵੀ ਹਮਲੇ ਹੁੰਦੇ ਰਹੇ ਹਨ ਅਤੇ ਇਹ ਮੰਦਭਾਗਾ ਹੈ ਕਿ ਅੱਜ ਬਹੁਤ ਸਾਰੇ ਲੋਕ ਇਸ ਨੂੰ ਕੋਸ ਵੀ ਰਹੇ ਹਨ। ਯੋਗੀ ਨੇ ਇਹ ਗੱਲ ਅਜਿਹੇ ਸਮੇਂ ’ਚ ਕਹੀ ਜਦੋਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੇ ਪੁੱਤਰ ਉਦੈਨਿਧੀ ਸਟਾਲਿਨ ਦੇ ਸਨਾਤਨ ਧਰਮ ਬਾਰੇ ਦਿਤੇ ਬਿਆਨ ’ਤੇ ਵਿਵਾਦ ਤੋਂ ਬਾਅਦ ਭਾਜਪਾ ਲਗਾਤਾਰ ਇਹ ਦੋਸ਼ ਲਾ ਰਹੀ ਹੈ ਕਿ ਵਿਰੋਧੀ ‘ਇੰਡੀਆ’ ਗਠਜੋੜ ਸਨਾਤਨ ਧਰਮ ਵਿਰੋਧੀ ਹੈ।

ਉਨ੍ਹਾਂ ਨੇ ਇੰਦੌਰ ਦੇ ਨਾਥ ਮੰਦਰ ’ਚ ਝੰਡੇ ਦੇ ਥੰਮ੍ਹ ਦੇ ਉਦਘਾਟਨ ਸਮਾਰੋਹ ’ਚ ਕਿਹਾ, ‘‘ਸਨਾਤਨ ਧਰਮ ਭਾਰਤ ਦਾ ਰਾਸ਼ਟਰੀ ਧਰਮ ਹੈ। ਕੋਈ ਵੀ ਇਸ ਦੀ ਸਦੀਵੀਤਾ ’ਤੇ ਸਵਾਲ ਨਹੀਂ ਉਠਾ ਸਕਦਾ।’’ ਉਨ੍ਹਾਂ ਕਿਹਾ ਕਿ ਪੌਰਾਣਿਕ ਕਾਲ ਤੋਂ ਹੀ ਪ੍ਰਮਾਤਮਾ ਦੀ ਅਸਲੀਅਤ ’ਚ ਅਵਿਸ਼ਵਾਸ ਅਤੇ ਸਨਾਤਨ ਧਰਮ ’ਤੇ ਹਮਲੇ ਹੁੰਦੇ ਆ ਰਹੇ ਹਨ ਅਤੇ ਇਹ ਮੰਦਭਾਗਾ ਹੈ ਕਿ ਅੱਜ ਵੀ ਭਾਰਤ ’ਚ ਵਸਦੇ ਬਹੁਤ ਸਾਰੇ ਲੋਕ ਸਨਾਤਨ ਧਰਮ ਨੂੰ ਕੋਸ ਰਹੇ ਹਨ।

ਯੋਗੀ ਨੇ ਕਿਹਾ, ‘‘ਰਾਵਣ ਨੇ ਵੀ ਭਗਵਾਨ ਦੀ ਅਸਲੀਅਤ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਨਤੀਜਾ ਕੀ ਨਿਕਲਿਆ? ਰਾਵਣ ਨੂੰ ਅਪਣੀ ਹਉਮੈ ਨਾਲ ਨਸ਼ਟ ਕੀਤਾ ਗਿਆ ਸੀ।’’ ਉਨ੍ਹਾਂ ਇਹ ਵੀ ਕਿਹਾ ਕਿ ‘ਹਿੰਦੂ’ ਧਰਮ ਨੂੰ ਦਰਸਾਉਂਦਾ ਸ਼ਬਦ ਨਹੀਂ ਹੈ, ਸਗੋਂ ਭਾਰਤੀਆਂ ਲਈ ਵਰਤਿਆ ਜਾਣ ਵਾਲਾ ਸਭਿਆਚਾਰਕ ਸੰਬੋਧਨ ਹੈ। ਉਨ੍ਹਾਂ ਕਿਹਾ, ‘‘ਪਰ ਬਦਕਿਸਮਤੀ ਨਾਲ ਕੁਝ ਲੋਕਾਂ ਨੇ ਹਿੰਦੂ ਸੰਬੋਧਨ ਨੂੰ ਇਕ ਤੰਗ ਦਾਇਰੇ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।’’

‘ਭਾਰਤ ਅਤੇ ਇੰਡੀਆ' ਵਿਵਾਦ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਨੂੰ ਪੁਰਾਣੇ ਸਮੇਂ ਤੋਂ ਭਾਰਤ ਕਹਿ ਕੇ ਸੰਬੋਧਨ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਦੇ ਨਾਗਰਿਕਾਂ ਨੂੰ ‘ਹਿੰਦੂ’ ਕਿਹਾ ਜਾਂਦਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਮੁਸਲਮਾਨ ਹੱਜ ਕਰਨ ਲਈ ਮੱਕਾ ਜਾਂਦੇ ਹਨ ਤਾਂ ਸਾਊਦੀ ਅਰਬ ’ਚ ਉਨ੍ਹਾਂ ਨੂੰ ‘ਹਿੰਦੂ’ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ।