ਮੋਹਨ ਭਾਗਵਤ ਦਾ ਅਜੀਬ ਦਾਅਵਾ: ਭਾਰਤ ਪੰਜ ਹਜ਼ਾਰ ਸਾਲਾਂ ਤੋਂ ਧਰਮ ਨਿਰਪੱਖ ਰਾਸ਼ਟਰ ਹੈ
ਉਨ੍ਹਾਂ ਕਿਹਾ, ‘‘ਅਸੀਂ ਅਪਣੀ ਮਾਤ ਭੂਮੀ ਨੂੰ ਸਾਡੀ ਰਾਸ਼ਟਰੀ ਏਕਤਾ ਦਾ ਇਕ ਜ਼ਰੂਰੀ ਹਿੱਸਾ ਮੰਨਦੇ ਹਾਂ।’’
ਨਵੀਂ ਦਿੱਲੀ : ਰਾਸ਼ਟਰੀ ਸਵੈਂ ਸੇਵਕ ਸੰਘ (ਆਰਐਸਐਸ) ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦਾ ਪੰਜ ਹਜ਼ਾਰ ਸਾਲ ਪੁਰਾਣੀ ਸੰਸਕ੍ਰਿਤੀ ਧਰਮ ਨਿਰਪੱਖ ਹੈ ਅਤੇ ਉਨ੍ਹਾਂ ਨੇ ਲੋਕਾਂ ਨੂੰ ਇਕਜੁੱਟ ਰਹਿ ਕੇ ਦੁਨੀਆਂ ਦੇ ਸਾਹਮਣੇ ਮਨੁੱਖੀ ਵਿਵਹਾਰ ਦੀ ਸਰਵੋਤਮ ਉਦਾਹਰਣ ਪੇਸ਼ ਕਰਨ ਦਾ ਸੱਦਾ ਦਿਤਾ। ਇਕ ਕਿਤਾਬ ਦੀ ਰਿਲੀਜ਼ ਲਈ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਭਾਗਵਤ ਨੇ ਲੋਕਾਂ ਨੂੰ ਅਪਣੀ ਮਾਤ ਭੂਮੀ ਲਈ ਭਗਤੀ, ਪ੍ਰੇਮ ਅਤੇ ਸਮਰਪਣ ਦੀ ਭਾਵਨਾ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਅਪਣੀ ਮਾਤ ਭੂਮੀ ਨੂੰ ਸਾਡੀ ਰਾਸ਼ਟਰੀ ਏਕਤਾ ਦਾ ਇਕ ਜ਼ਰੂਰੀ ਹਿੱਸਾ ਮੰਨਦੇ ਹਾਂ।’’
ਕੁੱਝ ਸਾਲ ਪਹਿਲਾਂ ‘ਘਰ ਵਾਪਸੀ’ ਵਿਵਾਦ ਦੌਰਾਨ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨਾਲ ਅਪਣੀ ਮੁਲਾਕਾਤ ਦਾ ਜ਼ਿਕਰ ਕਰਦੇ ਹੋਏ ਭਾਗਵਤ ਨੇ ਕਿਹਾ, ‘‘ਉਨ੍ਹਾਂ (ਪ੍ਰਣਬ ਨੇ) ਕਿਹਾ ਸੀ ਕਿ ਭਾਰਤ ਦਾ ਸੰਵਿਧਾਨ ਧਰਮ ਨਿਰਪੱਖ ਹੈ। ਉਹ ਕੁੱਝ ਦੇਰ ਲਈ ਚੁੱਪ ਰਹੇ ਅਤੇ ਉਸ ਦੇ ਬਾਅਦ ਕਿਹਾ ਕਿ ਅਸੀਂ ਸਾਡੇ ਸੰਵਿਧਾਨ ਕਾਰਨ ਹੀ ਧਰਮ ਨਿਰਪੱਖ ਨਹੀਂ ਹਾਂ ਸਗੋਂ ਸੰਵਿਧਾਨ ਬਣਾਉਣ ਵਾਲੇ ਮਹਾਨ ਨੇਤਾਵਾਂ ਕਾਰਨ ਵੀ ਧਰਮ ਨਿਰਪੱਖ ਹਾਂ ਕਿਉਂਕਿ ਉਹ ਧਰਮ ਨਿਰਪੱਖ ਸਨ।’’
ਭਾਗਵਤ ਨੇ ਸਾਬਕਾ ਰਾਸ਼ਟਰਪਤੀ ਦੀਆਂ ਗੱਲਾਂ ਨੂੰ ਯਾਦ ਕਰਦੇ ਹੋਏ ਕਿਹਾ, ‘‘ਉਹ ਫਿਰ ਕੁੱਝ ਸਮੇਂ ਲਈ ਰੁਕੇ ਅਤੇ ਉਸ ਤੋਂ ਬਾਅਦ ਕਿਹਾ ਕਿ ਅਸੀਂ ਉਦੋਂ ਤੋਂ ਹੀ ਧਰਮ ਨਿਰਪੱਖ ਨਹੀਂ ਹਨ। ਸਾਡਾ ਪੰਜ ਹਜ਼ਾਰ ਸਾਲ ਪੁਰਾਣਾ ਸਭਿਆਚਾਰ ਹੀ ਅਜਿਹਾ ਹੈ।’’ ਸੰਘ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਪੰਜ ਹਜ਼ਾਰ ਸਾਲਾਂ ਤੋਂ ਇਕ ਧਰਮ ਨਿਰਪੱਖ ਰਾਸ਼ਟਰ ਹੈ। ਭਾਗਵਤ ਨੇ ਕਿਹਾ, ‘‘ਸਾਡੇ ਦੇਸ਼ ਵਿਚ ਬਹੁਤ ਵਿਭਿੰਨਤਾ ਹੈ। ਇਕ-ਦੂਜੇ ਨਾਲ ਨਾ ਲੜੋ। ਅਪਣੇ ਦੇਸ਼ ਨੂੰ ਦੁਨੀਆਂ ਨੂੰ ਇਹ ਸਿਖਾਉਣ ਲਈ ਸਮਰੱਥ ਬਣਾਉ ਕਿ ਅਸੀਂ ਇਕ ਹਾਂ।’’ ਉਨ੍ਹਾਂ ਕਿਹਾ ਕਿ ਭਾਰਤ ਦੀ ਹੋਂਦ ਦਾ ਇਹੀ ਇਕ ਟੀਚਾ ਹੈ।(ਏਜੰਸੀ)