ਰਾਜਸਥਾਨ 'ਚ ਸਿਆਸੀ ਹਲਚਲ: ਸਚਿਨ ਪਾਇਲਟ ‘ਤੇ ਕਾਂਗਰਸ ਦਾ ਐਕਸ਼ਨ, ਪਾਰਟੀ ‘ਚੋਂ ਕੀਤਾ ਬਰਖ਼ਾਸਤ
ਕਾਂਗਰਸ ਨੇ ਸਚਿਨ ਪਾਇਲਟ ਨੂੰ ਕਾਂਗਰਸ ਪ੍ਰਦੇਸ਼ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ
ਨਵੀਂ ਦਿੱਲੀ: ਰਾਜਸਥਾਨ ਵਿਚ ਜਾਰੀ ਸਿਆਸੀ ਹਲਚਲ ਵਿਚ ਮੰਗਲਾਵਰ ਨੂੰ ਵੱਡਾ ਫੇਰਬਦਲ ਹੋਇਆ ਹੈ। ਕਾਂਗਰਸ ਪਾਰਟੀ ਨੇ ਐਕਸ਼ਨ ਲੈਂਦੇ ਹੋਏ ਸਚਿਨ ਪਾਇਲਟ ਨੂੰ ਉਪ ਮੁੱਖ ਮੰਤਰੀ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਸਚਿਨ ਪਾਇਲਟ ਨੂੰ ਸਮਰਥਨ ਦੇਣ ਵਾਲੇ ਮੰਤਰੀਆਂ ਨੂੰ ਵੀ ਹਟਾ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਹੁਣ ਅਸ਼ੋਕ ਗਹਿਲੋਤ ਇਕ ਵਾਰ ਫਿਰ ਸਿਆਸੀ ਦੰਗਲ ਵਿਚ ਵਿਜੇਤਾ ਬਣ ਕੇ ਸਾਹਮਣੇ ਆਏ ਹਨ। ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਕਾਂਗਰਸੀ ਵਿਧਾਇਕਾਂ ਨੇ ਅਸ਼ੋਕ ਗਹਿਲੋਤ ਨੂੰ ਅਪਣਾ ਨੇਤਾ ਮੰਨਿਆ ਹੈ। ਸਚਿਨ ਪਾਇਲਟ ਨੂੰ ਮੰਤਰੀ ਮੰਡਲ ਤੋਂ ਬਰਖ਼ਾਸਤ ਕੀਤੇ ਜਾਣ ਦੇ ਨਾਲ ਹੀ ਕਾਂਗਰਸ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਹੈ।
ਉਹਨਾਂ ਦੀ ਜਗ੍ਹਾ ਸਿੱਖਿਆ ਮੰਤਰੀ ਗੋਵਿੰਦ ਸਿੰਘ ਡੋਟਾਸਰਾ ਨੂੰ ਪ੍ਰਦੇਸ਼ ਪ੍ਰਧਾਨ ਬਣਾਇਆ ਗਿਆ ਹੈ। ਸਚਿਨ ਪਾਇਲਟ ਤੋਂ ਇਲਾਵਾ ਵਿਸ਼ਵਿੰਦਰ ਸਿੰਘ ਅਤੇ ਰਮੇਸ਼ ਮੀਨਾ ਨੂੰ ਮੰਤਰੀ ਮੰਡਲ ‘ਚੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸਚਿਨ ਪਾਇਲਟ ਨੂੰ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਹਟਾਉਣ ਦਾ ਐਲਾਨ ਕੀਤਾ ਹੈ। ਸੁਰਜੇਵਾਲਾ ਨੇ ਕਿਹਾ ਕਿ ਕਾਂਗਰਸ ਵਿਧਾਇਕ ਸਚਿਨ ਪਾਇਲਟ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸੀ।
ਸੁਰਜੇਵਾਲਾ ਨੇ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ‘ਤੇ ਬਹੁਮਤ ਦੀ ਸਰਕਾਰ ਨੂੰ ਗਿਰਾਉਣ ਲਈ ਪੈਸੇ ਦੀ ਵਰਤੋਂ ਕਰਨ ਦੀ ਸਾਜਿਸ਼ ਰਚਣ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਕਿਹਾ ਕਿ ਕੁਝ ਹੋਰ ਕਾਂਗਰਸੀ ਵਿਧਾਇਕ ਵੀ ਸਚਿਨ ਪਾਇਲਟ ਨਾਲ ਭਾਜਪਾ ਦੀ ਇਸ ਸਾਜ਼ਿਸ਼ ਵਿਚ ਸ਼ਾਮਲ ਹੋਏ।
ਦੱਸ ਦਈਏ ਕਿ ਮੰਤਰੀ ਅਤੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਚਿਨ ਪਾਇਲਟ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਸਚਿਨ ਪਾਇਲਟ ਨੇ ਟਵੀਟ ਕਰ ਕੇ ਕਿਹਾ ਕਿ ਸੱਚ ਨੂੰ ਪਰੇਸ਼ਾਨ ਕੀਤਾ ਜਾ ਸਕਦਾ ਹੈ, ਹਰਾਇਆ ਨਹੀਂ ਜਾ ਸਕਦਾ। ਇਸ ਦੇ ਨਾਲ ਹੀ ਸਚਿਨ ਪਾਇਲਟ ਨੇ ਅਪਣੇ ਟਵਿਟਰ ਤੋਂ ਡਿਪਟੀ ਸੀਐਮ ਹਟਾ ਦਿੱਤਾ ਹੈ ਅਤੇ ਕਿੱਤੇ ਵੀ ਕਾਂਗਰਸ ਦਾ ਜ਼ਿਕਰ ਨਹੀਂ ਹੈ।