ਨੌਜੁਆਨ ਕਾਂਗਰਸੀ, ਬੀਜੇਪੀ ਤੋਂ ਨਹੀਂ, ਅਪਣੇ ਕਾਂਗਰਸੀ ਲੀਡਰਾਂ ਤੋਂ ਸੱਤਾ ਖੋਹਣ ਲਈ ਕਾਹਲੇ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ  | ਨਿਮਰਤ ਕੌਰ

ਵਿਚਾਰ, ਸੰਪਾਦਕੀ

ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਰਾਜਸਥਾਨ ਦੇ ਵਿਧਾਇਕਾਂ ਨੂੰ ਭਾਜਪਾ ਤੋਂ ਬਚਾਉਣ ਲਈ ਸਿਆਸਤ ਸ਼ੁਰੂ ਹੋ ਚੁਕੀ ਹੈ।

Sachin Pilot And Ashok Gehlot

ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਰਾਜਸਥਾਨ ਦੇ ਵਿਧਾਇਕਾਂ ਨੂੰ ਭਾਜਪਾ ਤੋਂ ਬਚਾਉਣ ਲਈ ਸਿਆਸਤ ਸ਼ੁਰੂ ਹੋ ਚੁਕੀ ਹੈ। ਭਾਜਪਾ 'ਤੇ ਮੁੜ ਤੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਹ 20-25 ਕਰੋੜ ਵਿਚ ਕਾਂਗਰਸੀ ਵਿਧਾਇਕ ਖ਼ਰੀਦਣ ਦੇ ਯਤਨ ਕਰ ਰਹੇ ਹਨ। ਚਲੋ ਮੰਨਿਆ ਭਾਜਪਾ ਲੋਕਤੰਤਰ ਦੇ ਫ਼ੈਸਲੇ ਨੂੰ ਨਹੀਂ, ਅਪਣੇ ਪੈਸੇ ਦੀ ਤਾਕਤ ਨੂੰ ਮੰਨਦੀ ਹੈ।

ਮੰਨੇ ਵੀ ਕਿਉਂ ਨਾ ਕਿਉਂਕਿ ਇਸੇ ਸੋਚ ਸਦਕਾ ਉਨ੍ਹਾਂ ਨੂੰ ਦੇਸ਼ ਦੀ ਸੱਤਾ ਮਿਲੀ ਹੋਈ ਹੈ। ਸਿਆਸਤ ਵਿਚ ਜਿਹੜੀ ਸੌਦੇਬਾਜ਼ੀ ਵਿਖਾਈ ਦੇ ਰਹੀ ਹੈ, ਉਹ ਕੇਵਲ ਭਾਜਪਾ ਸਿਰ ਨਹੀਂ ਮੜ੍ਹੀ ਜਾ ਸਕਦੀ ਕਿਉਂਕਿ ਖ਼ਰੀਦਣ ਵਾਲਾ ਤਾਂ ਹੀ ਸਫ਼ਲ ਹੁੰਦਾ ਹੈ ਜੇ ਵੇਚਣ ਵਾਲਾ ਵੀ ਤਿਆਰ ਮਿਲੇ। ਜੇ ਭਾਜਪਾ ਨੂੰ 20-25 ਕਰੋੜ ਇਕ ਵਿਧਾਇਕ ਵਾਸਤੇ ਦੇਣੇ ਪੈ ਰਹੇ ਹਨ ਤਾਂ ਇਹ ਕਾਂਗਰਸ ਵਿਧਾਇਕਾਂ ਦੀ ਕੀਮਤ ਹੈ ਜੋ ਭਾਜਪਾ ਨੂੰ ਚੁਕਾਉਣੀ ਪੈ ਰਹੀ ਹੈ।

ਸੋ ਇਥੇ ਭਾਜਪਾ ਨੂੰ ਵਾਰ-ਵਾਰ ਲੋਕਤੰਤਰ ਦਾ ਦੁਸ਼ਮਣ ਆਖਣ ਦੀ ਬਜਾਏ ਅੱਜ ਕਾਂਗਰਸ ਨੂੰ ਸਵਾਲ ਪੁਛਣਾ ਜ਼ਰੂਰੀ ਹੈ ਕਿ ਉਨ੍ਹਾਂ ਦੀ ਪਾਰਟੀ ਵਿਕਾਊ ਕਿਉਂ ਬਣ ਗਈ ਹੈ? ਅੱਜ ਤਕ ਕਾਂਗਰਸ ਭਾਜਪਾ ਦਾ ਇਕ ਵੀ ਵਿਧਾਇਕ ਖ਼ਰੀਦ ਨਹੀਂ ਸਕੀ ਪਰ ਵਾਰ-ਵਾਰ ਵਿਕਣ ਲਈ ਇਸ ਦੇ ਵਿਧਾਇਕ ਤਿਆਰ ਮਿਲਦੇ ਹਨ। ਕਿਉਂ? ਜਿਹੜੀ ਅਜ਼ਾਦੀ ਦੀ ਬੁਨਿਆਦ ਕਾਂਗਰਸ ਦੇ ਅਜ਼ਾਦੀ ਘੁਲਾਟੀਆਂ ਨੇ ਰੱਖੀ ਸੀ, ਕੀ ਉਹ ਕੱਚੀ ਸੀ?

ਕੀ ਕਾਂਗਰਸੀ ਹੱਦ ਤੋਂ ਜ਼ਿਆਦਾ ਭੁੱਖੇ ਹਨ ਜਾਂ ਕਾਂਗਰਸ ਹਾਈ ਕਮਾਂਡ ਅਪਣੀ ਪਾਰਟੀ ਨੂੰ ਸੰਭਾਲ ਨਹੀਂ ਸਕੀ? 2014 ਤੋਂ ਕਾਂਗਰਸ ਅੰਦਰ ਨੌਜਵਾਨ ਤੇ ਬਜ਼ੁਰਗ ਆਗੂਆਂ ਵਿਚਕਾਰ ਖਿੱਚੋਤਾਣ ਚਲ ਰਹੀ ਹੈ। ਭਾਵੇਂ ਉਹ ਕਮਲਨਾਥ ਜਾਂ ਜੋਤੀ ਰਾਜ ਸਿੰਦੀਆ ਹੋਵੇ, ਪਾਇਲਟ ਜਾਂ ਗਹਿਲੋਤ ਹੋਵੇ। ਗੱਲ ਸਿਰਫ਼ ਇਨ੍ਹਾਂ ਨੌਜਵਾਨਾਂ ਦੀ ਜਲਦ ਤੋਂ ਜਲਦ ਸੱਭ ਕੁੱਝ ਅਪਣੇ ਕਾਬੂ ਵਿਚ ਲੈਣ ਦੀ ਹੈ।

ਗ਼ਲਤੀ ਇਨ੍ਹਾਂ ਦੀ ਵੀ ਨਹੀਂ ਕਿਉਂਕਿ ਇਨ੍ਹਾਂ ਦੀ ਉਮਰ ਦੇ ਰਾਹੁਲ ਗਾਂਧੀ ਨੂੰ ਜਦ ਕਾਂਗਰਸ ਦੇ ਸਾਰੇ ਸਿਆਣੇ ਆਗੂ ਸੱਭ ਤੋਂ ਵੱਡੀ ਕੁਰਸੀ ਦੇਣ ਵਾਸਤੇ ਤਿਆਰ ਹਨ ਤਾਂ ਇਨ੍ਹਾਂ ਨੌਜਵਾਨ ਆਗੂਆਂ ਨੂੰ ਪਿਛੇ ਕਿਉਂ ਰਖਿਆ ਜਾ ਰਿਹਾ ਹੈ? ਰਾਜਸਥਾਨ ਵਿਚ ਬਾਹਰੋਂ ਵੇਖਣ ਵਾਲੇ ਨੂੰ ਤਾਂ ਜਾਪਦਾ ਹੈ ਕਿ ਆਖ਼ਰ ਪਾਇਲਟ ਨੂੰ ਕਮੀ ਕਿਸ ਚੀਜ਼ ਦੀ ਸੀ? ਉਪ ਮੁੱਖ ਮੰਤਰੀ ਦੀ ਕੁਰਸੀ ਮੰਗਣ 'ਤੇ, ਪੰਜਾਬ ਵਿਚ ਨਵਜੋਤ ਸਿੰਘ ਸਿੱਧੂ ਨੂੰ ਘਰ ਬਿਠਾ ਦਿਤਾ ਗਿਆ ਸੀ।

ਹੁਣ ਉਪ ਮੁੱਖ ਮੰਤਰੀ ਦੀ ਕੁਰਸੀ ਵੀ ਤਸੱਲੀ ਨਹੀਂ ਕਰਵਾ ਸਕਦੀ ਤਾਂ ਗ਼ਲਤੀ ਕਿਸ ਦੀ ਹੈ? ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣ ਦਾ ਹੱਕ ਹੈ, ਪਰ ਕੀ ਅੱਜ ਕਾਂਗਰਸ ਦੀ ਨੌਜਵਾਨ ਪੀੜ੍ਹੀ ਬਹੁਤੀ ਕਾਹਲ ਕਰ ਕੇ ਅਪਣੀ ਪਾਰਟੀ ਦੀ ਆਪ ਦੁਸ਼ਮਣ ਨਹੀਂ ਬਣਦੀ ਜਾ ਰਹੀ? ਕਾਂਗਰਸ ਦੀ ਸੂਬਾ ਦਰ ਸੂਬਾ ਫਿਸਲਣ ਵੇਖਦੇ ਹੋਏ ਹੁਣ ਕਾਂਗਰਸ ਬਾਰੇ ਸਿਰਫ਼ ਇਕ ਗੱਲ ਕਹਿਣੀ ਰਹਿ ਗਈ ਹੈ ਕਿ ਰਾਹੁਲ ਗਾਂਧੀ ਅਪਣੀ ਪਾਰਟੀ ਨੂੰ ਸੰਭਾਲ ਨਹੀਂ ਪਾ ਰਹੇ।

ਕਾਂਗਰਸ ਪਾਰਟੀ ਵਲੋਂ ਰਾਹੁਲ ਨੂੰ ਹੁਣ ਵੀ ਜੇ ਪਿਛੇ ਕਰ ਕੇ ਇਕ ਤਾਕਤਵਰ ਆਗੂ ਨਾ ਚੁਣਿਆ ਗਿਆ ਤਾਂ ਉਹ ਸਮਾਂ ਦੂਰ ਨਹੀਂ ਜਦ ਕਾਂਗਰਸ ਪਾਰਟੀ ਦੀ ਜਾਣਕਾਰੀ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿਚ ਹੀ ਮਿਲੇਗੀ। ਅੱਜ ਕਾਂਗਰਸ ਨੂੰ ਭਾਜਪਾ ਦੀ ਅਗਵਾਈ ਵਲ ਵੇਖ ਕੇ ਸਿਖਣਾ ਪਵੇਗਾ ਕਿ ਕਿਉਂ ਭਾਜਪਾ ਦੇ ਸਮਰਥਕ ਕਦੇ ਬਗ਼ਾਵਤ ਨਹੀਂ ਕਰਦੇ? ਭਾਜਪਾ ਵਿਚ ਤਾਂ ਅਕਾਲੀ ਵੀ ਭਾਈਵਾਲ ਹਨ ਜਿਹੜੇ ਅਪਣੇ ਸੂਬੇ ਦੇ ਹੱਕਾਂ ਅਧਿਕਾਰਾਂ ਨੂੰ ਭਾਜਪਾ ਦੇ ਪੈਰਾਂ ਹੇਠ ਰੁਲਦੇ ਵੇਖ ਕੇ ਕੁਸਕਦੇ ਵੀ ਨਹੀਂ।

ਇਹ 'ਨਾ ਕੁਸਕਣ' ਦੀ ਸੰਥਿਆ, ਆਰ.ਐਸ.ਐਸ. ਨੇ ਬੀਜੇਪੀ ਦੇ ਕੇਡਰਾਂ ਨੂੰ ਚੰਗੀ ਤਰ੍ਹਾਂ ਦਿਤੀ ਹੋਈ ਹੈ ਤੇ ਭਾਈਵਾਲ ਵੀ ਉਸੇ ਤਰ੍ਹਾਂ ਚੁਪ ਰਹਿਣ ਦੀ ਆਦਤ ਸਿਖ ਗਏ ਹਨ। ਕਾਂਗਰਸ ਵਿਚ ਤਾਂ, ਇਸ ਦੇ ਉਲਟ, ਵੱਧ ਤੋਂ ਵੱਧ ਬੋਲਣ ਦੀ ਸਿਖਿਆ ਦਿਤੀ ਜਾਂਦੀ ਹੈ ਤੇ ਉਪਰ ਜੇ ਕੋਈ ਰੋਅਬਦਾਰ ਪ੍ਰਧਾਨ ਨਾ ਹੋਵੇ ਤਾਂ ਇਸ ਆਦਤ ਦਾ ਬੰਬ ਫੱਟ ਕੇ ਅਪਣਾ ਹੀ ਨੁਕਸਾਨ ਕਰਨ ਲਗਦਾ ਹੈ। ਰਾਹੁਲ ਗਾਂਧੀ ਸਮਝੇ ਜਾਂ ਫਿਰ ਘਰ ਬੈਠ ਜਾਵੇ। ਕਾਂਗਰਸ, ਇਸ ਤੋਂ ਬਿਨਾਂ, ਬਚਾਈ ਨਹੀਂ ਜਾ ਸਕੇਗੀ, ਖ਼ਾਸ ਤੌਰ 'ਤੇ ਨਰਿੰਦਰ ਮੋਦੀ ਦੀ ਧੜੱਲੇਦਾਰੀ ਸਾਹਮਣੇ।       - ਨਿਮਰਤ ਕੌਰ