ਏਮਸ ਤੋਂ ਬਾਅਦ ਗ੍ਰਹਿ ਨਿਵਾਸ ਗੋਆ ਲਿਆਏ ਗਏ ਮਨੋਹਰ ਪਰੀਰਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਏਮਸ ਦੇ ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਸਵੇਰੇ ਉਨਾਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਥੋੜੀ ਦੇਰ ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ।

Goa CM Manohar Parrikar

ਪਣਜੀ, ( ਭਾਸ਼ਾ ) : ਲਗਭਗ ਇਕ ਮਹੀਨੇ ਤੱਕ ਦਿੱਲੀ ਦੇ ਏਮਸ ਵਿਚ ਭਰਤੀ ਰਹਿਣ ਤੋਂ ਬਾਅਦ  ਮੁਖਮੰਤਰੀ ਮਨੋਹਰ ਪਰੀਰਕਰ ਨੂੰ ਅੱਜ ਦਿੱਲੀ ਤੋਂ ਗੋਆ ਲਿਆਂਦਾ ਗਿਆ। ਏਮਸ ਦੇ ਅਧਿਕਾਰੀਆਂ ਨੇ ਦਸਿਆ ਕਿ ਐਤਵਾਰ ਸਵੇਰੇ ਉਨਾਂ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਥੋੜੀ ਦੇਰ ਉਨ੍ਹਾਂ ਨੂੰ ਆਈਸੀਯੂ ਵਿਚ ਰੱਖਿਆ ਗਿਆ। ਕੁਝ ਦੇਰ ਬਾਅਦ ਹਸਪਤਾਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਛੁੱਟੀ ਦੇਣ ਦਾ ਫੈਸਲਾ ਲਿਆ ਗਿਆ। ਹਾਲਾਂਕਿ ਏਮਸ ਤੋਂ ਡਿਸਚਾਰਜ ਕਰਨ ਤੋਂ ਬਾਅਦ ਗੋਆ ਵਿਚ ਵੀ ਉਨ੍ਹਾਂ ਦਾ ਇਲਾਜ ਚਲਦਾ ਰਹੇਗਾ।

ਇਸ ਸਬੰਧੀ ਸਰਕਾਰੀ ਅਧਿਕਾਰੀਆਂ ਨੇ ਦਸਿਆ ਕਿ ਸੀਐਮ ਦਫਤਰ ਨੇ ਗੋਆ ਮੈਡੀਕਲ ਕਾਲਜ ਅਥਾਰਿਟੀ ਨੂੰ ਨਿਰਦੇਸ਼ ਦਿਤਾ ਹੈ ਕਿ ਪਰੀਰਕਰ ਦੀ ਸਿਹਤ ਨੂੰ ਦੇਖਦੇ ਹੋਏ ਉਨ੍ਹਾਂ ਦਾ ਇਲਾਜ ਇਥੇ ਜਾਰੀ ਰੱਖਿਆ ਜਾਵੇ। ਪਰੀਰਕਰ ਨੇ ਅਪਣੇ ਮੰਤਰੀ ਮੰਡਲ ਸਹਿਯੋਗੀਆਂ ਨਾਲ ਏਮਸ ਵਿਚ ਹੀ ਸ਼ੁਕਰਵਾਰ ਨੂੰ ਬੈਠਕ ਕੀਤੀ ਸੀ। ਦਸ ਦਿਤਾ ਜਾਵੇ ਕਿ ਸਕੈਨੇਟਿਕ ਦੀ ਬੀਮਾਰੀ ਕਾਰਣ ਇਲਾਜ ਲਈ ਪਰੀਰਕਰ ਨੂੰ 15 ਸਤੰਬਰ ਨੂੰ ਦਿੱਲੀ ਦੇ ਏਮਸ ਵਿਖੇ ਲਿਆਾਂਦਾ ਗਿਆ ਸੀ। ਮੁਖ ਮੰਤਰੀ ਦਫਤਰ ਦੇ ਅਧਿਕਾਰੀ ਨੇ ਕਿਹਾ ਕਿ ਪਰੀਰਕਰ ਪਣਜੀ ਵਿਖੇ ਅਪਣੇ ਘਰ ਵਿਚ ਹੀ ਰਹਿਣਗੇ।

ਅਪਣੀ ਖਰਾਬ ਸਿਹਤ ਕਾਰਣ ਮੁਖ ਮੰਤਰੀ ਦਫਤਰ ਵਿਚ ਗੈਰ ਹਾਜਰੀ ਦੋਰਾਨ ਸਰਕਾਰ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਦੇ ਤਰੀਕਿਆਂ ਤੇ ਚਰਚਾ ਕਰਨ ਲਈ ਸ਼ੁਕਰਵਾਰ ਨੂੰ ਪਰੀਰਕਰ ਨੇ ਭਾਜਪਾ ਦੀ ਗੋਆ ਇਕਾਈ ਦੀ ਕੋਰ ਕਮੇਟੀ ਦੇ ਮੈਂਬਰਾਂ ਅਤੇ ਗਠਬੰਧਨ ਸਹਿਯੋਗੀ ਦਲਾਂ ਦੇ ਮੰਤਰੀਆਂ ਨਾਲ ਏਮਸ ਵਿਚ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਪੈਡਿੰਗ ਵਿਕਾਸ ਕੰਮਾਂ ਦੀ ਵੀ ਸਮੀਖਿਆ ਕੀਤੀ ਤੇ ਅਪਣੇ ਕੁਝ ਵਿਭਾਗਾਂ ਦਾ ਕੰਮ ਕਾਜ ਮੰਤਰੀਮੰਡਲ ਦੇ ਕੁਝ ਸਾਥੀਆਂ ਨਾਲ ਵੰਡੇ ਜਾਣ ਤੇ ਵੀ ਚਰਚਾ ਕੀਤੀ।

ਪਰੀਰਕਰ ਨਾਲ ਵਖਰੇ ਤੌਰ ਤੇ ਮੁਲਾਕਾਤ ਕਰਨ ਵਾਲੀ ਸੱਤਾਧਾਰੀ ਭਾਜਪਾ ਅਤੇ ਉਸਦੀ ਸਹਿਯੋਗੀ ਪਾਰਟੀ ਦੇ ਨੇਤਾਵਾਂ ਨੇ ਰਾਜ ਦੀ ਅਗਵਾਈ ਵਿਚ ਕਿਸੇ ਤਰਾਂ ਦੇ ਬਦਲਾਅ ਕਰਨ ਤੋਂ ਨਾ ਕਰ ਦਿਤੀ ਹੈ। ਦਸ ਦਈਏ ਕਿ ਪਰੀਰਕਰ ਫਰਵਰੀ ਤੋਂ ਹੀ ਬੀਮਾਰ ਹਨ ਅਤੇ ਉਨ੍ਹਾਂ ਦਾ ਗੋਆ, ਮੁੰਬਈ ਅਤੇ ਅਮਰੀਕਾ ਸਮੇਤ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਹੋਇਆ ਹੈ। ਉਨ੍ਹਾਂ ਦੇ ਗੋਆ ਤੋਂ ਲੰਮੇ ਸਮੇਂ ਤੱਕ ਗੈਰ ਹਾਜਰ ਰਹਿਣ ਤੋਂ ਬਾਅਦ ਕਾਂਗਰਸ ਨੇ ਸਰਕਾਰ ਬਣਾਉਣ ਦਾ ਦਾਅਵਾ ਤੱਕ ਠੋਕ ਦਿਤਾ ਸੀ।