ਸਰਕਾਰ ਦੇ ਕੰਮ ਤੋਂ ਜਾਖੜ ਵੀ ਨਰਾਜ਼
ਪੰਜਾਬ ਕਾਂਗਰਸ ਵਿਚਕਾਰ ਇਕ ਵਾਰ ਫਿਰ ਤੋਂ ਲੜਾਈ ਸ਼ੁਰੂ ਹੁੰਦੀ ਨਜ਼ਰ ਆ ਰਹੀ ਹੈ। ਇਸ ਵਾਰ ਸਭ ਦੇ ਨਿਸ਼ਾਨੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹਨ।
ਚੰਡੀਗੜ੍ਹ: ਮੌਜੂਦਾ ਪੰਜਾਬ ਸਰਕਾਰ ਦੀਆਂ ਘੁੰਮਣਘੇਰੀਆਂ ਜਾਰੀ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦੇ ਮੁੱਖ ਮੰਤਰੀ ਤੇ ਸਵਾਲ ਲਗਾਤਾਰ ਤਿੱਖੇ ਹੋ ਰਹੇ ਹਨ। ਇਸ ਵਾਰ ਉਹਨਾਂ ਦੇ ਨਿਸ਼ਾਨੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਮੰਨਣ ਲੱਗੇ ਹਨ ਕਿ ਸਰਕਾਰ ਤੋਂ ਲੋਕ ਖੁਸ਼ ਨਹੀਂ ਹਨ। ਕਾਂਗਰਸ ਪ੍ਰਧਾਨ ਤਾਂ ਮੰਤਰੀਆਂ ਦੇ ਰਵੱਈਏ ਤੋਂ ਵੀ ਨਿਰਾਸ਼ ਨਜ਼ਰ ਆ ਰਹੇ ਹਨ।
ਪਿਛਲੇ ਦਿਨੀਂ ਬੇਰੁਜ਼ਗਾਰ ਅਧਿਆਪਕਾਂ ਪ੍ਰਤੀ ਅਪਸ਼ਬਦ ਬੋਲ ਕੇ ਚਰਚਾ ਵਿਚ ਆਏ ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਵੀ ਉਹਨਾਂ ਨੇ ਝਾੜ ਪਾਈ ਹੈ। ਜਾਖੜ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਇਤਰਾਜ਼ਯੋਗ ਭਾਸ਼ਾ ਸਿੱਖਿਆ ਮੰਤਰੀ ਨੇ ਵਰਤੀ ਹੈ, ਉਹ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਅਜਿਹੇ ਦੋਸ਼ ਅਕਾਲੀ ਆਗੂਆਂ ’ਤੇ ਲੱਗਦੇ ਸਨ।
ਉਹਨਾਂ ਕਿਹਾ ਜੇ ਹੁਣ ਕਾਂਗਰਸ ਦੇ ਮੰਤਰੀਆਂ ਜਾਂ ਆਗੂਆਂ ਨੇ ਵੀ ਉਹੀ ਰਾਹ ਫੜ ਲਿਆ ਤਾਂ ਅਕਾਲੀਆਂ ਤੇ ਕਾਂਗਰਸੀਆਂ ਵਿਚ ਕੀ ਫ਼ਰਕ ਰਹਿ ਜਾਵੇਗਾ। ਜਾਖੜ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦਾ ਪ੍ਰਭਾਵਸ਼ਾਲੀ ਤੇ ਲੋਕ ਪੱਖੀ ਅਕਸ ਦਿਖਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪ੍ਰਸ਼ਾਸਨ ਦੀ ਕਮਾਨ ਆਪਣੇ ਹੱਥਾਂ ’ਚ ਲੈਣੀ ਪਵੇਗੀ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੈਪਟਨ ਤੋਂ ਜੋ ਉਮੀਦਾਂ ਸਨ, ਉਹ ਪੂਰੀਆਂ ਨਹੀਂ ਹੋ ਰਹੀਆਂ। ਇਸ ਦਾ ਵੱਡਾ ਕਾਰਨ ਅਫ਼ਸਰਸ਼ਾਹੀ ਦਾ ਹਾਵੀ ਹੋਣਾ ਹੈ। ਉਨ੍ਹਾਂ ਮੰਨਿਆ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਅਕਸਰ ਸਵਾਲ ਉੱਠਦੇ ਹਨ ਤੇ ਇਹ ਸਵਾਲ ਆਮ ਜਨਤਾ ਹੀ ਨਹੀਂ ਸਗੋਂ ਕਾਂਗਰਸ ਦੇ ਵਰਕਰ ਤੇ ਆਗੂ ਵੀ ਖੜ੍ਹੇ ਕਰਦੇ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਵਰਕਰਾਂ ਦੇ ਗਿਲੇ ਸ਼ਿਕਵਿਆਂ ਤੋਂ ਇਕ ਗੱਲ ਜ਼ਾਹਿਰ ਹੁੰਦੀ ਹੈ ਕਿ ਸੂਬੇ ਵਿਚ ‘ਲੋਕਾਂ ਦੀ ਸਰਕਾਰ’ ਹੋਣ ਦਾ ਅਹਿਸਾਸ ਨਹੀਂ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਲੰਧਰ ’ਚ ਵਰਕਰਾਂ ਦੀ ਮੀਟਿੰਗ ਦੌਰਾਨ ਜੋ ਤੱਥ ਸਾਹਮਣੇ ਆਏ ਹਨ, ਉਸ ਤੋਂ ਇਹੀ ਜਾਪਦਾ ਹੈ ਕਿ ਲੋਕਾਂ ਦੇ ਮਸਲੇ ਹੱਲ ਨਹੀਂ ਹੋ ਰਹੇ ਤੇ ਸਰਕਾਰੀ ਦਫ਼ਤਰਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਜਮਹੂਰੀਅਤ ਵਿਚ ਲੋਕਾਂ ਨੂੰ ‘ਆਪਣੀ ਚੁਣੀ ਹੋਈ ਸਰਕਾਰ’ ਹੋਣ ਦਾ ਅਹਿਸਾਸ ਹੋਣਾ ਬੇਹੱਦ ਜ਼ਰੂਰੀ ਹੈ।