ਜਾਖੜ ਤੇ ਰੰਧਾਵਾ ਵੱਲੋਂ ਮਜੀਠੀਏ ‘ਤੇ ਪਲਟਵਾਰ, ਗੈਂਗਸਟਰਾਂ ਨਾਲ ਜਾਰੀ ਕੀਤੀਆਂ ਮਜੀਠੀਏ ਦੀਆਂ ਤਸਵੀਰਾਂ
ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਗੈਂਗਸਟਰਾਂ...
ਚੰਡੀਗੜ੍ਹ: ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਗੈਂਗਸਟਰਾਂ ਨਾਲ ਸਬੰਧਾਂ ਦੇ ਲਾਏ ਦੋਸ਼ਾਂ ਦਾ ਮੋੜਵਾਂ ਜਵਾਬ ਦਿੱਤਾ ਹੈ। ਰੰਧਾਵਾ ਨੇ ਮਜੀਠੀਆ ਦੀਆਂ ਕੁਝ ਤਸਵੀਰਾਂ ਦਿਖਾਉਂਦੇ ਹੋਏ ਕਿਹਾ ਕਿ ਮਜੀਠੀਆ ਦੇ ਖਤਰਨਾਕ ਬਦਮਾਸ਼ਾ ਨਾਲ ਸਬੰਧ ਹਨ। ਪੰਜਾਬ 'ਚ ਮਜੀਠੀਆ ਦੇ ਆਉਣ ਤੋਂ ਬਾਅਦ ਹੀ ਗੈਂਗਸਟਰ ਆਏ ਸਨ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਮਜੀਠੀਆ ਨੂੰ ਇਸੇ ਕੰਮ ਲਈ ਰੱਖਿਆ ਹੈ। ਉਨ੍ਹਾਂ ਮਜੀਠੀਆ ਨੂੰ ਵੰਗਾਰਦਿਆਂ ਆਖਿਆ ਹੈ ਕਿ ਜਿੰਨਾ ਚਿਰ ਤੈਨੂੰ ਜੇਲ੍ਹ ਨਹੀਂ ਭੇਜ ਦਿੰਦਾ, ਤੇਰੇ ਪਿੱਛੇ ਰਹਾਂਗਾ।
ਇਸ ਮਾਮਲੇ ਦੀ ਜਾਂਚ ਨਾ ਤਾਂ ਸੀ.ਬੀ.ਆਈ ਨੇ ਕਰਨੀ ਹੈ ਅਤੇ ਨਾ ਹੀ ਈ.ਡੀ.ਏ ਨੇ। ਉਨ੍ਹਾਂ ਕਿਹਾ ਕਿ ਈ.ਡੀ.ਏ ਨੇ ਮਜੀਠੀਆ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਸੀ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਰੰਧਾਵਾ ਨੇ ਮਜੀਠੀਆ ਨੂੰ ਵੰਗਾਰਦੇ ਹੋਏ ਕਿਹਾ ਕਿ ਉਹ ਉਸ ਦੇ ਨਾਲ ਹਾਈਕੋਰਟ ਚੱਲੇ, ਜਿਥੇ ਜਾ ਕੇ ਉਹ ਇਸ ਮਾਮਲੇ ਦੀ ਜਾਂਚ ਜੱਜ ਵੱਲੋਂ ਕਰਵਾਉਗੇ।
ਦੱਸ ਦਈਏ ਕਿ ਬੀਤੇ ਦਿਨ ਬਿਕਰਮ ਸਿੰਘ ਮਜੀਠੀਆ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਵੱਲੋਂ ਜੇਲ੍ਹ ਵਿਚੋਂ ਚਲਾਏ ਜਾ ਰਹੇ 1000 ਕਰੋੜ ਰੁਪਏ ਦੇ ਫਿਰੌਤੀ ਰੈਕੇਟ ਦੀ ਜਾਂਚ ਕੇਂਦਰੀ ਏਜੰਸੀ ਜਾਂ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਈ ਕਰਨ ਦੀ ਮੰਗ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਕੀਤੀ ਸੀ। ਉਨ੍ਹਾਂ ਮੰਗ ਕੀਤੀ ਕਿ ਸਾਬਕਾ ਅਕਾਲੀ ਸਰਪੰਚ ਦਲਬੀਰ ਢਿੱਲਵਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਕਾਂਗਰਸੀਆਂ ਦੀ ਪੁਸ਼ਤ-ਪਨਾਹੀ ਕਰਨ ਲਈ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਖ਼ਿਲਾਫ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ। ਇਸ ਕਤਲ ਵਿਚ ਜੱਗੂ ਭਗਵਾਨਪੁਰੀਆ ਦੀ ਭੂਮਿਕਾ ਅਤੇ ਜੱਗੂ ਵੱਲੋਂ ਜੇਲ੍ਹ ਵਿਚੋਂ ਚਲਾਏ ਜਾ ਰਹੇ ਫਿਰੌਤੀ ਰੈਕੇਟ ਦੀ ਜਾਂਚ ਕਰਵਾਈ ਜਾਵੇ।