ਜੋ ਵੀ ਕੇਂਦਰ ਸਰਕਾਰ ਵਿਰੁੱਧ ਆਵਾਜ਼ ਚੁੱਕੇਗਾ, ਉਸ ਨੂੰ ਕੁਚਲ ਦਿੱਤਾ ਜਾਵੇਗਾ : ਭੁਪੇਸ਼ ਬਘੇਲ

ਏਜੰਸੀ

ਖ਼ਬਰਾਂ, ਰਾਜਨੀਤੀ

ਬੀ.ਬੀ.ਸੀ. ਦੇ ਭਾਰਤੀ ਦਫ਼ਤਰਾਂ 'ਤੇ ਆਮਦਨ ਕਰ ਵਿਭਾਗ ਦੇ ਸਰਵੇਖਣ ਬਾਰੇ ਬੋਲਦਿਆਂ ਦਿੱਤਾ ਬਿਆਨ 

Image

 

ਰਾਏਪੁਰ - ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਬੀ.ਬੀ.ਸੀ. ਦੇ ਭਾਰਤੀ ਦਫ਼ਤਰਾਂ 'ਤੇ ਆਮਦਨ ਕਰ ਵਿਭਾਗ ਦੇ ਸਰਵੇਖਣ ਬਾਰੇ ਕਿਹਾ ਹੈ ਕਿ ਜੋ ਵੀ ਕੇਂਦਰ ਸਰਕਾਰ ਵਿਰੁੱਧ ਆਵਾਜ਼ ਚੁੱਕੇਗਾ, ਉਸ ਨੂੰ ਕੁਚਲ ਦਿੱਤਾ ਜਾਵੇਗਾ।

ਸ਼ਨੀਵਾਰ ਨੂੰ ਕਾਂਗਰਸ ਪਾਰਟੀ ਦੇ ਸੂਬਾ ਦਫ਼ਤਰ ਰਾਜੀਵ ਭਵਨ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਘੇਲ ਨੇ ਬੀ.ਬੀ.ਸੀ. ਦਫ਼ਤਰਾਂ 'ਤੇ ਆਮਦਨ ਕਰ ਵਿਭਾਗ ਦੇ ਸਰਵੇਖਣ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਕਿਹਾ, "ਜਿਹੜਾ ਵੀ ਕੇਂਦਰ ਸਰਕਾਰ ਖ਼ਿਲਾਫ਼ ਆਵਾਜ਼ ਚੁੱਕੇਗਾ, ਉਸ ਨੂੰ ਕੁਚਲ ਦਿੱਤਾ ਜਾਵੇਗਾ। ਅੱਜ ਜੇਕਰ ਕਾਂਗਰਸ ਪਾਰਟੀ ਆਵਾਜ਼ ਚੁੱਕਦੀ ਹੈ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ। ਜੇਕਰ ਖੇਤਰੀ ਪਾਰਟੀ ਦੇ ਲੋਕ ਆਵਾਜ਼ ਉਠਾਉਂਦੇ ਹਨ, ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਹੈ।"

ਬਘੇਲ ਨੇ ਕਿਹਾ ਕਿ ਜਿਹੜੇ ਲੋਕ ਇਸ ਦੌਰ ਵਿੱਚ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਨ, ਉਨ੍ਹਾਂ ਦਾ ਸਵਾਗਤ ਹੈ।

ਆਮਦਨ ਕਰ ਵਿਭਾਗ ਨੇ ਮੰਗਲਵਾਰ ਨੂੰ ਕਥਿਤ ਟੈਕਸ ਚੋਰੀ ਦੀ ਜਾਂਚ ਦੇ ਸਿਲਸਿਲੇ 'ਚ ਬੀ.ਬੀ.ਸੀ. ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ ਅਤੇ ਦੋ ਹੋਰ ਸੰਬੰਧਿਤ ਸਥਾਨਾਂ 'ਤੇ 10 ਘੰਟੇ ਤੋਂ ਵੱਧ ਸਮੇਂ ਤੱਕ 'ਸਰਵੇਖਣ ਆਪਰੇਸ਼ਨ' ਕੀਤਾ।

ਇਹ ਹੈਰਾਨੀਜਨਕ ਕਦਮ ਬੀ.ਬੀ.ਸੀ. ਵੱਲੋਂ ਦੋ ਭਾਗਾਂ ਵਾਲੀ ਡਾਕੂਮੈਂਟਰੀ 'ਇੰਡੀਆ: ਦ ਮੋਦੀ ਕਵੇਸਚ ਨ' ਦੇ ਪ੍ਰਸਾਰਣ ਤੋਂ ਹਫ਼ਤੇ ਬਾਅਦ ਆਇਆ ਹੈ। ਇਸ ਸਰਵੇਖਣ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਪਾਰਟੀਆਂ ਵਿਚਾਲੇ ਸਿਆਸੀ ਬਹਿਸ ਸ਼ੁਰੂ ਹੋ ਗਈ ਹੈ।