ਮੋਦੀ ਸਰਕਾਰ ਲਈ ਕਿਸਾਨ ਖਾਲਿਸਤਾਨੀ ਤੇ ਮਿਲੀਭੁਗਤ ਵਾਲੇ ਪੂੰਜੀਪਤੀ ਸਭ ਤੋਂ ਚੰਗੇ ਦੋਸਤ- ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਜਨੀਤੀ

ਰਾਹੁਲ ਗਾਂਧੀ ਦਾ ਮੋਦੀ ਸਰਕਾਰ ‘ਤੇ ਵਾਰ

Rahul Gandhi

ਨਵੀਂ ਦਿੱਲੀ: ਕਿਸਾਨੀ ਮੁੱਦੇ ਨੂੰ ਲੈ ਕੇ ਵਿਰੋਧੀ ਪਾਰਟੀਆਂ ਲਗਾਤਾਰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁੱਧ ਹਮਲਾ ਬੋਲ ਰਹੀਆਂ ਹਨ। ਇਸ ਦੇ ਚਲਦਿਆਂ ਮੁੱਖ ਵਿਰੋਧੀ ਧਿਰ ਕਾਂਗਰਸ ਵੀ ਕਿਸਾਨੀ ਸੰਘਰਸ਼ ਦੇ ਮੁੱਦੇ ਨੂੰ ਜ਼ੋਰਾਂ-ਸ਼ੋਰਾਂ ਨਾਲ ਚੁੱਕ ਰਹੀ ਹੈ।

ਕਿਸਾਨੀ ਸੰਘਰਸ਼ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਹਨਾਂ ਨੇ ਦੋਸ਼ ਲਗਾਇਆ ਕਿ ਮੋਦੀ ਸਰਕਾਰ ਲਈ ਪ੍ਰਦਰਸ਼ਨ ਕਰ ਰਹੇ ਕਿਸਾਨ ਖਾਲਿਸਤਾਨੀ ਹਨ ਤੇ ਮਿਲੀਭੁਗਤ ਵਾਲੇ ਪੂੰਜੀਪਤੀ ਸਭ ਤੋਂ ਚੰਗੇ ਦੋਸਤ ਹਨ।

ਉਹਨਾਂ ਨੇ ਟਵੀਟ ਕੀਤਾ, ‘ਮੋਦੀ ਸਰਕਾਰ ਲਈ: ਵਿਰੋਧ ਕਰਨ ਵਾਲੇ ਵਿਦਿਆਰਥੀ ਦੇਸ਼ ਵਿਰੋਧੀ। ਚਿੰਤਤ ਨਾਗਰਿਕ ਅਰਬਨ ਨਕਸਲੀ। ਪ੍ਰਵਾਸੀ ਮਜ਼ਦੂਰ ਕੋਵਿਡ ਕੈਰੀਅਰ। ਰੇਪ ਪੀੜਤ ਕੁਝ ਨਹੀਂ ਹਨ। ਪ੍ਰਦਰਸ਼ਨ ਕਰ ਰਹੇ ਕਿਸਾਨ ਖਾਲਿਸਤਾਨੀ ਹਨ... ਤੇ ਮਿਲੀਭੁਗਤ ਵਾਲੇ ਪੂੰਜੀਪਤੀ ਸਭ ਤੋਂ ਚੰਗੇ ਦੋਸਤ ਹਨ’।

ਦੱਸ ਦਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਹੱਡਚੀਰਵੀਂ ਠੰਢ ਵਿਚ ਵੀ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਦਾ ਸੰਘਰਸ਼ 20ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਕਿਸਾਨ ਅਪਣੀਆਂ ਮੰਗਾਂ ਨੂੰ ਲੈ ਕੇ ਸਪੱਸ਼ਟ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਉਹ ਇਕ ਇੰਚ ਵੀ ਪਿੱਛੇ ਨਹੀਂ ਹਟਣਗੇ।