ਸੁਖਬੀਰ ਬਾਦਲ ਵਲੋਂ ਵਲਟੋਹਾ ਨੂੰ ਉਮੀਦਵਾਰ ਐਲਾਨਣ ਨਾਲ ਕੈਰੋਂ-ਬਾਦਲ ਪ੍ਰਵਾਰ ’ਚ ਡੂੰਘੀ ਫੁੱਟ ਪੈ ਗਈ?
ਬਾਦਲ ਸੱਤਾ ਲਈ ਕਾਹਲੇ, ਪਰ ਸਿੱਖ ਕੌਮ ਦੇ ਰੋਹ ਦਾ ਸਾਹਮਣਾ ਵੀ ਕਰਨਾ ਪਵੇਗਾ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ) : ਬੀਤੇ ਦਿਨ ਦੀ ਰੈਲੀ ’ਚ ਪ੍ਰੋ. ਵਿਰਸਾ ਸਿੰਘ ਵਲਟੋਹਾ ਬਾਜ਼ੀ ਮਾਰ ਗਿਆ ਹੈ ਤੇ ਕੈਰੋਂ ਪ੍ਰਵਾਰ ਦੇ ਦਾਅਵੇ ਹਾਲ ਦੀ ਘੜੀ ਖੋਖਲੇ ਸਿੱਧ ਹੋਏ ਹਨ ਪਰ ਹੁਣ ਚਰਚਾ ਹੈ ਕਿ ਆਉਣ ਵਾਲੇ ਸਮੇਂ ’ਚ ਬਾਦਲ ਪ੍ਰਵਾਰ ਦੇ ਦਾਮਾਦ ਤੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਸਿਆਸੀ ਹੇਠੀ ਬਰਦਾਸ਼ਤ ਕਰਨਗੇ ਜਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖਣਗੇ।
ਸਿਆਸੀ ਮਾਹਰਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ 2022 ਨੂੰ ਹੋਣੀਆਂ ਹਨ। ਪਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਸਿਆਸੀ ਸਰਗਰਮੀਆਂ ਦੀ ਰਫ਼ਤਾਰ ਨੇ ਸਤਾਧਾਰੀਆਂ ਤੇ ਹੋਰ ਰਾਜਨੀਤਿਕ ਪਾਰਟੀਆਂ ਨੂੰ ਪਿੱਛੇ ਛੱਡ ਦਿਤਾ ਹੈ। ਚਰਚਾ ਮੁਤਾਬਕ ਬਾਦਲ ਪ੍ਰਵਾਰ ਮੁੜ ਸੱਤਾ ਵਿਚ ਆਉਣ ਨੂੰ ਬਹੁਤ ਕਾਹਲਾ ਹੈ ਤੇ ਜਿੱਤਣ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦੇ ਰਿਹਾ ਹੈ।
ਪ੍ਰੋ. ਵਿਰਸਾ ਸਿੰਘ ਵਲਟੋਹਾ ਨੂੰ ਹਲਕਾ ਖੇਮਕਰਨ ਤੋ ਉਮੀਦਵਾਰ ਐਲਾਨਣ ਨਾਲ ਬਾਦਲ ਪ੍ਰਵਾਰ ਅੰਦਰ ਡੂੰਘੀ ਫੁੱਟ ਪੈ ਗਈ ਹੈ। ਸਿਆਸੀ ਹਲਕਿਆਂ ’ਚ ਚਰਚਾ ਹੈ ਕਿ ਮਾਝੇ ਦੇ ਸਿਰਕੱਢ ਆਗੂ ਦੀ ਵੱਧ ਰਹੀ ਚੜ੍ਹਤ ਨੂੰ ਰੋਕਣ ਲਈ ਵੱਡੇ ਬਾਦਲ ਨੇ ਕੈਰੋਂ ਪ੍ਰਵਾਰ ਭਾਵ ਅਪਣੇ ਧੀ-ਜਵਾਈ ਨੂੰ ਥਾਪੜਾ ਦਿਤਾ ਹੈ। ਇਸ ਸਿਆਸੀ ਉਤਰਾਅ ਚੜਾਅ ’ਚ ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ ਨੂੰ ਤਰਨਤਾਰਨ ਦੀ ਥਾਂ ਖਡੂਰ ਸਾਹਿਬ ਭੇਜ ਦਿਤਾ ਹੈ।
ਕੈਰੋਂ ਪ੍ਰਵਾਰ ਦੀਆਂ ਨਜ਼ਰਾਂ ਪੱਟੀ, ਖੇਮਕਰਨ, ਤਰਨਤਾਰਨ, ਖਡੂਰ ਸਾਹਿਬ ਅਤੇ ਜੰਡਿਆਲਾ ਗੁਰੂ ਰਿਜ਼ਰਵ ’ਤੇ ਟਿਕੀਆਂ ਸਨ। ਇਨ੍ਹਾਂ ਹਲਕਿਆਂ ’ਚ ਪੱਟੀ ਨੂੰ ਛੱਡ ਕੇ ਬਾਕੀ ਤੇ ਮਾਝੇ ਦੇ ਵੱਡੇ ਨੇਤਾ ਦੇ ਹਿਮਾਇਤੀ ਚੋਣ ਮੈਦਾਨ ’ਚ ਨਿਤਰਦੇ ਤੇ ਜਿਤਦੇ ਆ ਰਹੇ ਹਨ। ਬਾਦਲਾਂ ਡਾ. ਦਲਬੀਰ ਸਿੰਘ ਵੇਰਕਾ ਸਾਬਕਾ ਐਮ ਐਲ ਨੂੰ ਹਲਕਾ ਪਛਮੀ ਤੋ ਸਰਗਰਮ ਕਰ ਦਿੱਤਾ ਹੈ ਜਿਥੋਂ ਡਾ. ਰਾਜ ਕੁਮਾਰ ਵੇਰਕਾ ਮੌਜੂਦਾ ਐਮ ਐਲ ਏ ਹਨ ।
ਮੌਜੂਦਾ ਬਣੇ ਹਲਾਤਾਂ ’ਚ ਅਕਾਲੀ-ਭਾਜਪਾ ਗੱਠਜੋੜ ਟੁੱਟ ਚੁਕਾ ਹੈ ਤੇ ਭਾਰਤੀ ਜਨਤਾ ਪਾਰਟੀ ਨੂੰ ਕਿਸਾਨ ਅੰਦੋਲਨ ਦੀ ਵਿਰੋਧਤਾ ਕਰਨ ਦਾ ਨਤੀਜਾ ਭੁਗਤਣਾ ਪਵੇਗਾ। ਮੌਜੂੂਦਾ ਸਿਆਸੀ ਹਲਾਤਾਂ ’ਚ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਸੰਗਠਨਾਂ ਤੇ ਸਿੱਖ ਕੌਮ ਦੇੇ ਰੋਹ ਦਾ ਸਾਹਮਣਾ ਕਰਨਾ ਪਵੇਗਾ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਤੋ ਅਜ਼ਾਦ ਕਰਵਾਉਣ ਲਈ ਯਤਨਸ਼ੀਲ ਹਨ ।
ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਪਹਿਲੀ ਕਤਾਰ ਦੇ ਨੇਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਡਸਾ, ਸੇਵਾ ਸਿੰਘ ਸੇਖਵਾ ਪਾਰਟੀ ਛੱਡ ਚੁਕੇ ਹਨ ਤੇ ਉਹ ਵਖਰੇ ਅਕਾਲੀ ਦਲ ਬਣਾ ਚੁਕੇ ਹਨ। ਕੈਰੋਂ ਪ੍ਰਵਾਰ ਦੇ ਕੱਟੜ ਵਿਰੋਧੀ ਵਿਰਸਾ ਸਿੰਘ ਵਲਟੋਹਾ ਸਾਬਕਾ ਐਮ ਐਲ ਏ, ਜਿਸ ਤਰਾਂ ਦੀ ਸ਼ਬਦਾਵਲੀ ਕੈਰੋਂ ਪ੍ਰਵਾਰ ਵਿਰੁਧ ਬੋਲ ਚੁਕੇ ਹਨ, ਉਹ ਉਨ੍ਹਾਂ ਨੂੰ ਹਜ਼ਮ ਹੋਣੀ ਮੁਸ਼ਕਲ ਹੈ। ਚਰਚਾ ਮੁਤਾਬਕ ਬਾਦਲ ਅਪਣੇ ਧੀ-ਜਵਾਈ ਦਾ ਕੱਦ ਉੱਚਾ ਤਾਂ ਕਰ ਸਕਦੇ ਹਨ ਪਰ ਉਨਾ ਖਿਲਾਫ ਬੋਲਣ ਵਾਲਿਆਂ ਨੂੰ ਅਣਗੌਲ ਵੀ ਸਕਦੇ ਹਨ।
ਇਸ ਵੇਲੇ ਸਮੂੰਹ ਸਿਆਸੀ ਪਾਰਟੀਆ ਨੇ ਰਾਜਸੀ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ ਤੇ ਜੋੜ-ਤੋੜ ਕੀਤੇ ਜਾ ਰਹੇ ਹਨ । ਕਿਸਾਨ ਅੰਦੋਲਨ ਕਾਰਨ ਰਾਜਸੀ ਦਲ ਠਰੰਮੇ ਨਾਲ ਚਲ ਰਹੇ ਹਨ । ਇਸ ਵਾਰ 3-4 ਕੋਨੇ ਮੁਕਾਬਲੇ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ । ਸਤਾਧਾਰੀਆਂ ਪਾਰਟੀਆਂ ਤੇ ਸ਼੍ਰੋਮਣੀ ਅਕਾਲ ਦਲ ਬਾਦਲ ਨੂੰ ਚੁਨੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਜੋ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਚ ਅਸਫਲ ਰਹੇ ਹਨ । ਬਾਦਲਾਂ ਨੂੰ ਸਿੱਖਾਂ ਦੇ ਧਾਰਮਿਰ ਰੋਹ ਦਾ ਸਾਹਮਣਾ ਕਰਨਾ ਪਵੇਗਾ । ਪਾਵਨ ਸਰੂਪਾਂ ਦਾ ਮਸਲਾ,ਸੌਦਾ ਸਾਧ ਨੂੰ ਮਾਫੀ,ਬਰਗਾੜੀ ਕਾਂਡ ਆਦਿ ਗੰਭੀਰ ਮੱਸਲੇ ਹਨ ਜੋ ਬਾਦਲਾਂ ਲਈ ਮੁਸੀਬਤ ਖੜੀਆਂ ਕਰ ਸਕਦੇ ਹਨ ।