Jaijeet Johal ਨੇ ਚੁੱਕੇ ਸਵਾਲ, ‘ਉਮੀਦਵਾਰਾਂ ਖਿਲਾਫ਼ ਬੋਲਣ ਵਾਲਿਆਂ ਨੂੰ ਅਹੁਦੇ ਤੇ ਜਾਖੜ ਨੂੰ ਕਾਰਨ ਦੱਸੋ ਨੋਟਿਸ?’
ਜੈਜੀਤ ਜੌਹਲ ਦੀ ਸੋਸ਼ਲ ਮੀਡੀਆ ਪੋਸਟ ਨੇ ਪੰਜਾਬ ਦੀ ਸਿਆਸਤ 'ਚ ਛੇੜੀ ਨਵੀਂ ਚਰਚਾ
ਚੰਡੀਗੜ੍ਹ: ਸੁਨੀਲ ਜਾਖੜ ਤੋਂ ਬਾਅਦ ਹੁਣ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੀ ਕਾਂਗਰਸ ਛੱਡ ਸਕਦੇ ਹਨ। ਇਸ ਦਾ ਸੰਕੇਤ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਜੈਜੀਤ ਜੌਹਲ ਦੀ ਸੋਸ਼ਲ ਮੀਡੀਆ ਪੋਸਟ ਤੋਂ ਮਿਲਿਆ ਹੈ। ਜੈਜੀਤ ਜੌਹਲ ਨੇ ਕਿਹਾ ਕਿ ਲੋਕਾਂ ਨੂੰ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਕਹਿਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਪ੍ਰਧਾਨ ਅਤੇ ਭਾਰਤ ਭੂਸ਼ਣ ਆਸ਼ੂ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਅਜਿਹੇ ਵਿਚ ਮੇਰੇ ਵਰਗੇ ਵਰਕਰ ਤੋਂ ਉਹਨਾਂ ਦੇ ਸਨਮਾਨ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ।
Jaijeet Johal
ਫੇਸਬੁੱਕ ਪੋਸਟ ਸਾਂਝੀ ਕਰਦਿਆਂ ਜੈਜੀਤ ਜੌਹਲ ਨੇ ਲਿਖਿਆ, “ਮੈਂ ਚੋਣਾਂ ਵੇਲੇ ਵੀ ਚੁੱਪੀ ਧਾਰੀ ਹੋਈ ਸੀ ਕਿ ਵੜਿੰਗ ਨੂੰ ਉਸ ਵੇਲੇ ਦੇ ਵਿਧਾਇਕ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਜੀ ਦੇ ਖਿਲਾਫ ਬੋਲਣ ਦਾ ਮੁੱਦਾ ਕਿਉਂ ਬਣਾਇਆ ਜਾਵੇ। ਉਹਨਾਂ ਨੇ ਸਟੇਜਾਂ 'ਤੇ ਖੁੱਲ੍ਹ ਕੇ ਲੋਕਾਂ ਨੂੰ ਬਠਿੰਡਾ ਸ਼ਹਿਰੀ 'ਚ ਕਾਂਗਰਸ ਖਿਲਾਫ ਵੋਟ ਪਾਉਣ ਦੀ ਅਪੀਲ ਕੀਤੀ। ਆਸ਼ੂ ਦਾ ਆਡੀਓ ਵਾਇਰਲ ਹੋਇਆ ਸੀ, ਜਿਸ 'ਚ ਉਸ ਨੇ ਮਨਪ੍ਰੀਤ ਖਿਲਾਫ ਵੋਟ ਪਾਉਣ ਦੀ ਗੱਲ ਕਹੀ ਸੀ”।
FB Post
ਉਹਨਾਂ ਅੱਗੇ ਲਿਖਿਆ, “ਇਕ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਦੂਜੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ। ਉਦੈਪੁਰ ਵਿਚ ਚਿੰਤਨ ਇਹ ਹੋਣਾ ਚਾਹੀਦਾ ਸੀ ਕਿ ਜੇਕਰ ਕੋਈ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਬੋਲਦਾ ਹੈ ਤਾਂ ਉਸ ਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਜਾਂਦਾ ਹੈ? ਜੇਕਰ ਅਜਿਹਾ ਹੈ ਤਾਂ ਵਰਕਰਾਂ ਦੇ ਤੌਰ 'ਤੇ ਹਰ ਕਿਸੇ ਨੂੰ ਕਿਸੇ ਦੇ ਖਿਲਾਫ ਬੋਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ, ਹੋ ਸਕਦਾ ਹੈ ਕਿ ਮੈਨੂੰ ਪਾਰਟੀ ਦਾ ਅਹੁਦਾ ਵੀ ਮਿਲ ਜਾਵੇ।”
Raja Warring
ਜੈਜੀਤ ਜੌਹਲ ਨੇ ਸਵਾਲ ਕੀਤਾ ਕਿ ਉਹਨਾਂ ਨੂੰ ਆਪਣੀ ਹੀ ਪਾਰਟੀ ਦੇ ਉਮੀਦਵਾਰ ਅਤੇ ਵਿੱਤ ਮੰਤਰੀ ਵਿਰੁੱਧ ਬੋਲਣ ਦੀ ਇਜਾਜ਼ਤ ਕਿਉਂ ਦਿੱਤੀ ਗਈ???? ਉਹਨਾਂ ਕਿਹਾ ਕਿ ਕੋਈ ਪਾਰਟੀ ਅਨੁਸ਼ਾਸਨ ਦੀ ਆਸ ਕਿਵੇਂ ਰੱਖ ਸਕਦੀ ਹੈ ਅਤੇ ਮੇਰੇ ਵਰਗੇ ਵਰਕਰ ਤੋਂ ਇਹਨਾਂ ਦੋਨਾਂ ਦਾ ਸਤਿਕਾਰ ਕਰਨ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ।