ਹਰਸਿਮਰਤ ਬਾਦਲ ਕੇਂਦਰੀ ਕੈਬਨਿਟ 'ਚੋਂ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਵਾਪਸ ਕਰਵਾਏ: ਸੁਖਜਿੰਦਰ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ - ਜੇ ਅਕਾਲੀ ਦਲ ਦੀ ਕੇਂਦਰ ਸਰਕਾਰ 'ਚ ਸੁਣਵਾਈ ਨਹੀਂ ਹੁੰਦੀ ਤਾਂ ਹਰਸਿਮਰਤ ਕੌਰ ਬਾਦਲ ਅਸਤੀਫ਼ਾ ਦੇਣ

Sukhjinder Singh Randhawa

ਚੰਡੀਗੜ੍ਹ : ਬਰਗਾੜੀ ਮਾਮਲੇ 'ਚ ਸੀ.ਬੀ.ਆਈ. ਵੱਲੋਂ ਦਾਇਰ ਕੀਤੀ ਕਲੋਜ਼ਰ ਰਿਪੋਰਟ ਉਤੇ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਰਾਜਨੀਤੀ 'ਤੇ ਅਕਾਲੀ ਦਲ ਨੂੰ ਕਰੜੇ ਹੱਥੀਂ ਲੈਂਦਿਆਂ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਕੋਰ ਕਮੇਟੀ ਦੀ ਬਜਾਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੋਂ ਕੇਂਦਰੀ ਕੈਬਨਿਟ ਵਿੱਚੋਂ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਵਾਪਸ ਕਰਵਾਉਣ ਲਈ ਹੰਭਲਾ ਮਾਰਨ।

ਪ੍ਰੈਸ ਬਿਆਨ 'ਚ ਰੰਧਾਵਾ ਨੇ ਕਿਹਾ ਕਿ ਕਿ ਅਕਾਲੀ ਦਲ ਆਪਣਾ ਸਿਆਸੀ ਡਰਾਮਾ ਬੰਦ ਕਰ ਕੇ ਹਕੀਕੀ ਰੂਪ ਵਿਚ ਕਾਰਗਾਰ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਸੱਚੇ ਦਿਲੋਂ ਹੀ ਸੀ.ਬੀ.ਆਈ. ਦੀ ਕਲੋਜ਼ਰ ਰਿਪੋਰਟ ਨੂੰ ਵਾਪਸ ਕਰਵਾਉਣ ਲਈ ਵਚਨਬੱਧ ਹਨ ਤਾਂ ਆਪਣੀ ਪਤਨੀ ਅਤੇ ਕੇਂਦਰੀ ਮੰਤਰੀ ਮੰਤਰੀ ਹਰਸਿਮਰਤ ਕੌਰ ਬਾਦਲ ਰਾਹੀਂ ਕੇਂਦਰ ਸਰਕਾਰ ਉਤੇ ਦਬਾਅ ਬਣਾਉਣ ਦੀ ਕਿਉਂ ਨਹੀਂ ਕੋਸ਼ਿਸ਼ ਕਰ ਰਹੇ ਹਨ। ਅਕਾਲੀ ਦਲ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੇ ਫ਼ੈਸਲੇ ਉਤੇ ਕਾਂਗਰਸੀ ਆਗੂ ਨੇ ਸੁਖਬੀਰ ਬਾਦਲ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਬਿਹਤਰ ਹੋਵੇਗਾ ਕਿ ਉਹ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਹੀ ਮਿਲ ਕੇ ਅਪੀਲ ਕਰਨ ਕਿਉਂਕਿ ਜਿਸ ਕੇਂਦਰੀ ਕੈਬਨਿਟ ਵਿੱਚ ਅਮਿਤ ਸ਼ਾਹ ਮੰਤਰੀ ਹਨ, ਉਸੇ ਵਿਚ ਹਰਮਿਸਰਤ ਬਾਦਲ ਉਸ ਦੀ ਕੁਲੀਗ ਮੰਤਰੀ ਹੈ।

ਰੰਧਾਵਾ ਨੇ ਕਿਹਾ ਕਿ ਜੇ ਫਿਰ ਵੀ ਅਕਾਲੀ ਦਲ ਦੀ ਕੇਂਦਰ ਸਰਕਾਰ ਵਿੱਚ ਸੁਣਵਾਈ ਨਹੀਂ ਹੁੰਦੀ ਤਾਂ ਹਰਸਿਮਰਤ ਕੌਰ ਬਾਦਲ ਤੋਂ ਅਸਤੀਫਾ ਦਿਵਾ ਕੇ ਕੇਂਦਰੀ ਸੱਤਾ ਵਿੱਚੋਂ ਬਾਹਰ ਹੋ ਜਾਣ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਇਤਿਹਾਸ ਰਿਹਾ ਹੈ ਕਿ ਉਸ ਨੇ ਪੰਜਾਬ ਅਤੇ ਸਿੱਖਾਂ ਦੇ ਮੁੱਦਿਆਂ ਨੂੰ ਤਿਲਾਂਜਲੀ ਦੇ ਕੇ ਹਮੇਸ਼ਾ ਹੀ ਭਾਜਪਾ ਦਾ ਪੱਖ ਪੂਰਿਆ ਹੈ ਅਤੇ ਇਸ ਮਾਮਲੇ ਵਿੱਚ ਵੀ ਅਕਾਲੀ ਦਲ ਤੋਂ ਕੋਈ ਆਸ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀਆਂ ਲੂੰਬੜ ਚਾਲਾਂ ਤੋਂ ਸਿੱਖ ਕੌਮ ਪੂਰੀ ਤਰ੍ਹਾਂ ਵਾਕਫ਼ ਹੈ ਅਤੇ ਇਸ ਵਾਰ ਵੀ ਉਹ ਅਕਾਲੀ ਦਲ ਦੇ ਫੋਕੇ ਲਾਰਿਆਂ ਵਿਚ ਨਹੀਂ ਆਉਣਗੇ ਅਤੇ ਉਨ੍ਹਾਂ ਵੱਲੋਂ ਵਹਾਏ ਜਾ ਰਹੇ ਮਗਰਮੱਛ ਦੇ ਹੂੰਝਆਂ ਦਾ ਕੋਈ ਅਸਰ ਨਹੀਂ ਹੋਣਾ।