ਗਠਜੋੜ ਪਾਰਟੀਆਂ ਨਾਲ ਬੈਠਕ ਤੋਂ ਪਹਿਲਾਂ ਕਾਂਗਰਸ ਅਤੇ ਭਾਜਪਾ ਨੇ ਇਕ-ਦੂਜੇ ’ਤੇ ਛੱਡੇ ਸਿਆਸੀ ਤੀਰ

ਏਜੰਸੀ

ਖ਼ਬਰਾਂ, ਰਾਜਨੀਤੀ

ਭੂਤ ਬਣ ਚੁੱਕ ਐਨ.ਡੀ.ਏ. ’ਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਕਰ ਰਹੀ ਹੈ ਭਾਜਪਾ : ਕਾਂਗਰਸ

File Photo

 

ਨਵੀਂ ਦਿੱਲੀ/ਬੇਂਗਲੁਰੂ: ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ 18 ਜੁਲਾਈ ਨੂੰ ਦਿੱਲੀ ’ਚ ਸੱਤਾਧਾਰੀ ਐਨ.ਡੀ.ਏ. ਗਠਜੋੜ ਅਤੇ ਬੇਂਗਲੁਰੂ ’ਚ ਵਿਰੋਧੀ ਧਿਰ ਦੀਆਂ 26 ਪਾਰਟੀਆਂ ਦੀ ਹੋਣ ਜਾ ਰਹੀ ਬੈਠਕ ਤੋਂ ਪਹਿਲਾਂ ਅੱਜ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕਾਂਗਰਸ ਨੇ ਇਕ-ਦੂਜੇ ’ਤੇ ਸਿਆਸੀ ਤੀਰ ਛੱਡੇ। ਕਾਂਗਰਸ ਨੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜੋ ਲੋਕ ਇਕਲੇ ਦਮ ’ਤੇ ਵਿਰੋਧੀ ਪਾਰਟੀਆਂ ਨੂੰ ਹਰਾ ਦੇਣ ਦਾ ਦਮ ਭਰਦੇ ਸਨ, ਉਹ ਇਨ੍ਹੀਂ ਦਿਨੀਂ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਐਨ.ਡੀ.ਏ.) ’ਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਕਰ ਰਹੇ ਹਨ। ਪਾਰਟੀ ਨੇ ਦਾਅਵਾ ਵੀ ਕੀਤਾ ਕਿ ਵਿਰੋਧੀ ਏਕਤਾ ਭਾਰਤੀ ਸਿਆਸੀ ਦ੍ਰਿਸ਼ ’ਚ ‘ਤਬਦੀਲੀ ਲਿਆਉਣ ਵਾਲੀ’ ਸਾਬਤ ਹੋਵੇਗੀ।

ਇਹ ਵੀ ਪੜ੍ਹੋ: CM ਦਾ ਸੁਖਬੀਰ ਬਾਦਲ ਨੂੰ ਸਵਾਲ, ''ਸੁਖਬੀਰ ਕਿਸ ਹੈਸੀਅਤ ਨਾਲ ਜਾਣਕਾਰੀ ਦੇ ਰਹੇ ਹਨ'' 

ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੇਂਗਲੁਰੂ ’ਚ ਵਿਰੋਧੀ ਪਾਰਟੀਆਂ ਦੀ ਬੈਠਕ ਨੂੰ ‘ਮੌਕਾਪ੍ਰਸਤਾਂ ਅਤੇ ਸੱਤਾ ਦੇ ਭੁੱਖੇ’ ਸਿਆਸਤਦਾਨਾਂ ਦੀ ਬੈਠਕ ਕਰਾਰ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਗਠਜੋੜ ਨਾਲ ਮੌਜੂਦਾ ਜਾਂ ਭਵਿੱਖ ’ਚ ਦੇਸ਼ ਦਾ ਕੋਈ ਭਲਾ ਨਹੀਂ ਹੋਵੇਗਾ। ਵਿਰੋਧੀ ਪਾਰਟੀਆਂ ਦੇ ਦੋ ਦਿਨਾਂ ਦੇ ਵਿਚਾਰ-ਮੰਥਨ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਕਦਮ ਐਨ.ਡੀ.ਏ. ਦੀ ਯਾਦ ਆ ਗਈ ਹੈ। ਰਮੇਸ਼ ਨੇ ਕਿਹਾ, ‘‘ਐਨ.ਡੀ.ਏ. ’ਚ ਨਵੀਂ ਜਾਨ ਫੂਕਣ ਦੀ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਐਨ.ਡੀ.ਏ. ਦੀ ਕੋਈ ਗੱਲ ਹੀ ਨਹੀਂ ਹੁੰਦੀ ਸੀ ਅਤੇ ਕੁਝ ਦਿਨਾਂ ਤੋਂ ਅਸੀਂ ਅਚਾਨਕ ਇਸ ਬਾਰੇ ਪੜ੍ਹ ਅਤੇ ਸੁਣ ਰਹੇ ਹਾਂ। ਖ਼ਬਰਾਂ ਹਨ ਕਿ ਕਲ ਐਨ.ਡੀ.ਏ. ਦੀ ਬੈਠਕ ਸੱਦੀ ਈ ਹੈ, ਤਾਂ ਜੋ ਐਨ.ਡੀ.ਏ. ਭੂਤ ਬਣ ਗਿਆ ਸੀ ਹੁਣ ਉਸ ’ਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਇਹ ਪਟਨਾ ’ਚ ਹੋਈ ਵਿਰੋਧੀ ਪਾਰਟੀਆਂ ਦੀ ਬੈਠਕ ਦਾ ਨਤੀਜਾ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਪੰਜਾਬ ਦਾ ਹੈ, ਹਰਿਆਣਾ ਨੂੰ 1 ਇੰਚ ਜ਼ਮੀਨ ਵੀ ਨਹੀਂ ਦੇਵਾਂਗੇ- ਸੁਨੀਲ ਜਾਖੜ

ਦੂਜੇ ਪਾਸੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਬੇਂਗਲੁਰੂ ’ਚ ਵਿਰੋਧੀ ਪਾਰਟੀਆਂ ਦੀ ਬੈਠਕ ਮੌਕਾਪ੍ਰਸਤਾਂ ਅਤੇ ਸੱਤਾ ਦੇ ਭੁੱਖੇ ਆਗੂਆਂ ਦੀ ਬੈਠਕ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੜ੍ਹ ਕਾਰਨ ਪ੍ਰਭਾਵਤ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਬੇਂਗਲੁਰੂ ’ਚ ਵਿਰੋਧੀ ਪਾਰਟੀਆਂ ਦੀ ਬੈਠਕ ’ਚ ਹਿੱਸਾ ਲੈਣ ਗਏ ਹਨ। ਕਾਂਗਰਸ ਨ ਦਿੱਲੀ ’ਚ ਹੜ੍ਹ ਵਰਗੇ ਹਾਲਾਤ ਦੌਰਾਨ ਕੇਜਰੀਵਾਲ ਸਰਕਾਰ ਦੇ ‘ਕੁਪ੍ਰਬੰਧਨ’ ’ਤੇ ਜਾਂ ਪਛਮੀ ਬੰਗਾਲ ’ਚ ਪੰਚਾਇਤੀ ਚੋਣਾਂ ਦੌਰਾਨ ਹਿੰਸਾ ’ਤੇ ਇਕ ਸ਼ਬਦ ਵੀ ਨਹੀਂ ਕਿਹਾ, ਜਿੱਥੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਸੱਤਾ ’ਚ ਹੈ।’’

ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੀ ਪ੍ਰੈਸ ਕਾਨਫਰੰਸ, ਇਕ ਹਫ਼ਤੇ ਦੌਰਾਨ 688 ਗੈਂਗਸਟਰ ਗ੍ਰਿਫ਼ਤਾਰ 

ਕਾਂਗਰਸ, ‘ਆਪ’ ਅਤੇ ਤ੍ਰਿਣਮੂਲ ਕਾਂਗਰਸ ਸਮੇਤ 26 ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਸੋਮਵਾਰ ਤੋਂ ਬੇਂਗਲੁਰੂ ’ਚ ਦੋ ਦਿਨਾਂ ਦੇ ਵਿਚਾਰ-ਵਟਾਂਦਰਾ ਸੈਸ਼ਨ ’ਚ ਹਿੱਸਾ ਲੈਣ ਦੀ ਉਮੀਦ ਹੈ। ਵਿਰੋਧੀ ਪਾਰਟੀਆਂ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਦਾ ਮੁਕਾਬਲਾ ਕਰਨ ਲਈ ਇਕ ਘੱਟੋ-ਘੱਟ ਸਾਂਝਾ ਪ੍ਰੋਗਰਾਮ ’ਤੇ ਕੰਮ ਸ਼ੁਰੂ ਕਰ ਸਕਦੀਆਂ ਹਨ ਅਤੇ ਸਾਂਝੇ ਤੌਰ ’ਤੇ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕਰ ਸਕਦੀਆਂ ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਬੰਧਨ (ਐਨ.ਡੀ.ਏ.) ਦੀ ਬੈਠਕ ’ਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਖੇ ਹੋਈ ਬੇਅਦਬੀ; ਪਾੜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ

ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਸਨਿਚਰਵਾਰ ਨੂੰ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਆਗੂ ਚਿਰਾਗ ਪਾਸਵਾਨ ਸਮੇਤ ਕਈ ਹੋਰ ਨਵੀਂਆਂ-ਪੁਰਾਣੀਆਂ ਸਹਿਯੋਗੀ ਪਾਰਟੀਆਂ ਦੇ ਆਗੂਆਂ ਨੂੰ ਚਿੱਠੀ ਲਿਖ ਕੇ 18 ਜੁਲਾਈ ਨੂੰ ਦਿੱਲੀ ’ਚ ਹੋਣ ਵਾਲੀ ਗਠਜੋੜ ਦੀ ਬੈਠਕ ’ਚ ਪਹੁੰਚਣ ਲਈ ਸੱਦਾ ਦਿਤਾ ਸੀ। ਇਨ੍ਹਾਂ ’ਚ ਉਹ ਪਾਰਟੀਆਂ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ’ਚ ਲਗੀਆਂ ਹਨ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਹਿੰਦੁਸਤਾਨ ਅਵਾਮ ਪਾਰਟੀ (ਹਮ) ਦੇ ਮੁਖੀ ਜੀਤਨ ਰਾਮ ਮਾਂਝੀ ਉਨ੍ਹਾਂ ਆਗੂਆਂ ’ਚ ਸ਼ਾਮਲ ਹਨ, ਜਿਨ੍ਹਾਂ ਨੂੰ ਨੱਢਾ ਨੇ ਚਿੱਠੀ ਲਿਖ ਕੇ ਬੈਠਕ ’ਚ ਸਦਿਆ ਹੈ। ਪੰਜਾਬ ’ਚ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੀ ਇਸ ਬੈਠਕ ’ਚ ਸ਼ਾਮਲ ਹੋਵੇਗੀ। ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀ ਸ਼ਿਰਕਤ ਕਰਨ ਦੀ ਉਮੀਦ ਹੈ। ਇਸ ਬੈਠਕ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸ਼ਕਤੀ ਪ੍ਰਦਰਸ਼ਨ ਦੀ ਐਨ.ਡੀ.ਏ. ਦੀ ਕੋਸ਼ਿਸ਼ ਵਜੋਂ ਵੇਖਿਆ ਜਾ ਰਿਹਾ ਹੈ।