ਸਪਾ ਤੋਂ ਅਸਤੀਫ਼ਾ ਦੇਣ ਵਾਲੇ ਸਾਬਕਾ ਮੰਤਰੀ ਦਾਰਾ ਸਿੰਘ ਚੌਹਾਨ ਭਾਜਪਾ 'ਚ ਹੋਏ ਸ਼ਾਮਲ
ਕਿਹਾ, ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜ਼ਮੀਨ ਤੋਂ ਅਸਮਾਨ ਤਕ ਅੱਜ ਮੰਨਿਆ ਜਾ ਰਿਹਾ ਭਾਰਤ ਦੀ ਤਾਕਤ ਦਾ ਲੋਹਾ
ਉਮੀਦ ਅਨੁਸਾਰ ਅਹਿਮੀਅਤ ਨਾ ਮਿਲਣ ਕਾਰਨ ਛੱਡੀ ਸਮਾਜਵਾਦੀ ਪਾਰਟੀ
ਲਖਨਊ : ਉੱਤਰ ਪ੍ਰਦੇਸ਼ ਸਰਕਾਰ ਵਿਚ ਸਾਬਕਾ ਮੰਤਰੀ ਅਤੇ ਸਮਾਜਵਾਦੀ ਪਾਰਟੀ (ਸਪਾ) ਤੋਂ ਅਸਤੀਫ਼ਾ ਦੇਣ ਵਾਲੇ ਦਾਰਾ ਸਿੰਘ ਚੌਹਾਨ ਸੋਮਵਾਰ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ। ਪ੍ਰਦੇਸ਼ ਪ੍ਰਧਾਨ ਭੂਪੇਂਦਰ ਸਿੰਘ ਚੌਧਰੀ ਨੇ ਲਖਨਊ ਸਥਿਤ ਭਾਜਪਾ ਦੇ ਸੂਬਾ ਹੈੱਡਕੁਆਰਟਰ 'ਚ ਦੋਵਾਂ ਉਪ ਮੁੱਖ ਮੰਤਰੀਆਂ ਕੇਸ਼ਵ ਪ੍ਰਸਾਦ ਮੌਰਿਆ ਅਤੇ ਬ੍ਰਜੇਸ਼ ਪਾਠਕ ਦੀ ਮੌਜੂਦਗੀ 'ਚ ਪੱਛੜੀਆਂ ਸ਼੍ਰੇਣੀਆਂ ਦੇ ਉੱਘੇ ਨੇਤਾ ਚੌਹਾਨ ਨੂੰ ਪਾਰਟੀ ਦੀ ਮੈਂਬਰਸ਼ਿਪ ਸੌਂਪੀ।
ਇਸ ਤੋਂ ਪਹਿਲਾਂ ਘੋਸੀ ਤੋਂ ਵਿਧਾਇਕ ਚੌਹਾਨ ਨੇ ਸਪੀਕਰ ਸਤੀਸ਼ ਮਹਾਨਾ ਦੇ ਦਫ਼ਤਰ ਜਾ ਕੇ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਸੌਂਪਿਆ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ, ਚੌਹਾਨ ਨੇ ਯੋਗੀ ਆਦਿਤਿਆਨਾਥ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵਿਚ ਜੰਗਲਾਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਅਤੇ ਸਪਾ ਵਿਚ ਸ਼ਾਮਲ ਹੋਏ ਸਨ। ਉਹ ਮਊ ਜ਼ਿਲ੍ਹੇ ਦੀ ਘੋਸੀ ਵਿਧਾਨ ਸਭਾ ਸੀਟ ਤੋਂ ਸਪਾ ਦੀ ਟਿਕਟ 'ਤੇ ਵਿਧਾਇਕ ਚੁਣੇ ਗਏ ਸਨ।
ਭਾਜਪਾ ਸਰਕਾਰ 'ਤੇ ਪਛੜਿਆਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਚੌਹਾਨ ਨੇ ਸਪਾ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਕੀਤਾ ਪਰ ਪਾਰਟੀ 'ਚ ਉਮੀਦ ਅਨੁਸਾਰ ਅਹਿਮੀਅਤ ਨਾ ਮਿਲਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ਨੇ ਭਾਜਪਾ ਵਿਚ ਵਾਪਸੀ ਕਰ ਲਈ। ਚੌਹਾਨ ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਸਪਾ ਤੋਂ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਉਹ ਬਸਪਾ ਦੀ ਟਿਕਟ 'ਤੇ ਘੋਸੀ ਲੋਕ ਸਭਾ ਹਲਕੇ ਤੋਂ 2009 ਵਿਚ ਸੰਸਦ ਮੈਂਬਰ ਚੁਣੇ ਗਏ ਸਨ।
ਇਹ ਵੀ ਪੜ੍ਹੋ: ਜਵਾਨਾਂ ਅਤੇ ਕਿਸਾਨਾਂ ਦੀ ਜਾਣ ਬਚਾਉਣ ਵਾਲੇ ਪਟਵਾਰੀ ਨੂੰ ਕੀਤਾ ਜਾਵੇਗਾ ਸਨਮਾਨਤ
2015 ਵਿਚ ਉਹ ਭਾਜਪਾ ਵਿਚ ਸ਼ਾਮਲ ਹੋਏ। ਉਸੇ ਸਾਲ ਉਨ੍ਹਾਂ ਨੂੰ ਪਾਰਟੀ ਦੇ ਪਛੜੀਆਂ ਸ਼੍ਰੇਣੀਆਂ ਫਰੰਟ ਦਾ ਕੌਮੀ ਪ੍ਰਧਾਨ ਬਣਾਇਆ ਗਿਆ। ਚੌਹਾਨ 2017 ਵਿਚ ਮਊ ਦੇ ਮਧੂਬਨ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਸਨ ਅਤੇ ਯੋਗੀ ਸਰਕਾਰ ਵਿਚ ਮੰਤਰੀ ਬਣਾਏ ਗਏ ਸਨ। ਉਨ੍ਹਾਂ ਇਕ ਵਾਰ ਫਿਰ ਭਾਜਪਾ ਵਿਚ ਸ਼ਾਮਲ ਹੋਣ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਾਰਟੀ ਦੀ ਸੂਬਾਈ ਅਤੇ ਕੌਮੀ ਲੀਡਰਸ਼ਿਪ ਦਾ ਧਨਵਾਦ ਕੀਤਾ।
ਚੌਹਾਨ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੁਨੀਆਂ ਵਿਚ ਭਾਰਤ ਦਾ ਕੱਦ ਵਧਿਆ ਹੈ। ਅੱਜ ਭਾਰਤ ਦੀ ਤਾਕਤ ਦਾ ਲੋਹਾ ਜ਼ਮੀਨ ਤੋਂ ਅਸਮਾਨ ਤਕ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ ਯੋਗੀ ਜੀ ਦੀ ਅਗਵਾਈ ਵਿਚ ਉੱਤਰ ਪ੍ਰਦੇਸ਼ ਵਿਚ ਸਰਬਪੱਖੀ ਵਿਕਾਸ ਹੋ ਰਿਹਾ ਹੈ। ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਬਣਨ ਵੱਲ ਵਧ ਰਿਹਾ ਹੈ।''
ਉਨ੍ਹਾਂ ਕਿਹਾ, ''ਪੂਰਵਾਂਚਲ 'ਚ ਜਿਸ ਤਰ੍ਹਾਂ ਦੀ ਸਿਆਸੀ ਲਹਿਰ ਦੇਖੀ ਗਈ, ਪੂਰੇ ਸੂਬੇ 'ਚ ਜਿਸ ਤਰ੍ਹਾਂ ਦਾ ਹੰਗਾਮਾ ਹੋਇਆ, ਉਸ ਤੋਂ ਸਪੱਸ਼ਟ ਹੈ ਕਿ 2024 'ਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਾਜਪਾ ਇਕ ਵਾਰ ਫਿਰ ਭਾਰੀ ਬਹੁਮਤ ਨਾਲ ਜਿੱਤੇਗੀ।''