ਸੂਟ-ਬੂਟ ਵਾਲੇ ਦੋਸਤਾਂ ਦਾ ਕਰਜ਼ ਮਾਫ ਕਰਨ ਵਾਲੀ ਸਰਕਾਰ ਅੰਨਦਾਤਾ ਦੀ ਪੂੰਜੀ ਸਾਫ ਕਰਨ ‘ਚ ਲੱਗੀ- ਰਾਹੁਲ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਸਾਨੀ ਮੁੱਦੇ ਨੂੰ ਲੈ ਕੇ ਕੇਂਦਰ ‘ਤੇ ਫਿਰ ਬਰਸੇ ਰਾਹੁਲ ਗਾਂਧੀ

Rahul Gandhi

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਲੈ ਕੇ ਜਾਰੀ ਵਿਵਾਦ ਦੌਰਾਨ ਵਿਰੋਧੀ ਧਿਰਾਂ ਲਗਾਤਾਰ ਕੇਂਦਰ ਸਰਕਾਰ ਨੂੰ ਨਿਸ਼ਾਨੇ ‘ਤੇ ਲੈ ਰਹੀਆਂ ਹਨ। ਇਸ ਦੌਰਾਨ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਭਾਜਪਾ ਸਰਕਾਰ ਵਿਰੁੱਧ ਸੋਸ਼ਲ ਮੀਡੀਆ ‘ਤੇ ਆਵਾਜ਼ ਚੁੱਕ ਰਹੇ ਹਨ। ਤਾਜ਼ਾ ਟਵੀਟ ਵਿਚ ਰਾਹੁਲ ਗਾਂਧੀ ਨੇ ਕਿਹਾ ਕਿ ਅਪਣੇ ਸੂਟ-ਬੂਟ ਵਾਲੇ ਦੋਸਤਾਂ ਦਾ ਕਰਜ਼ਾ ਮਾਫ ਕਰਨ ਵਾਲੀ ਸਰਕਾਰ ਅੰਨਦਾਤਾਵਾਂ ਦੀ ਪੂੰਜੀ ਸਾਫ ਕਰਨ ਵਿਚ ਲੱਗੀ ਹੋਈ ਹੈ।

ਉਹਨਾਂ ਨੇ ਲਿਖਿਆ, ‘ਅਪਣੇ ਸੂਟ-ਬੂਟ ਵਾਲੇ ਦੋਸਤਾਂ ਦਾ 875000 ਕਰੋੜ ਕਰਜ਼ ਮੁਆਫ ਕਰਨ ਵਾਲੀ ਮੋਦੀ ਸਰਕਾਰ ਅੰਨਦਾਤਾਵਾਂ ਦੀ ਪੂੰਜੀ ਸਾਫ ਕਰਨ  ਵਿਚ ਲੱਗੀ ਹੈ’। ਇਸ ਨਾਲ ਉਹਨਾਂ ਨੇ ਇਕ ਵੀਡੀਓ ਵੀ ਸ਼ੇਅਰ ਕੀਤੀ। ਇਸ ਤੋਂ ਪਹਿਲਾਂ ਕਿਸਾਨਾਂ ਦਾ ਸਮਰਥਨ ਕਰਨ ਲਈ ਰਾਹੁਲ ਗਾਂਧੀ ਦੀ ਅਗਵਾਈ ਵਿਚ ਬੀਤੇ ਦਿਨੀਂ  ਕਾਂਗਰਸ ਨੇ ਦਿੱਲੀ ਵਿਖੇ ਸੱਤਿਆਗ੍ਰਹਿ ਮਾਰਚ ਕੱਢਿਆ ਸੀ।

ਇਸ ਦੌਰਾਨ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਉਹਨਾਂ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਤਿੰਨਾਂ ਕਾਨੂੰਨਾਂ ਦੇ ਵਾਪਸ ਲੈਣ ਤੱਕ ਪਿੱਛੇ ਨਹੀਂ ਹਟੇਗੀ । ਉਪ ਰਾਜਪਾਲ ਦੀ ਰਿਹਾਇਸ਼ ਦੇ ਨੇੜੇ ਹੋਏ ਕਾਂਗਰਸ ਦੇ ਵਿਰੋਧ ਪ੍ਰਦਰਸ਼ਨਾਂ ਵਿਚ ਸ਼ਾਮਲ ਰਾਹੁਲ ਗਾਂਧੀ ਨੇ ਕਿਹਾ ਸੀ,“ਕੁਝ ਸਾਲ ਪਹਿਲਾਂ ਕੇਂਦਰ ਸਰਕਾਰ ਨੇ ਭੂਮੀ ਗ੍ਰਹਿਣ ਬਿੱਲ ਰਾਹੀਂ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਸੀ  ਕਾਂਗਰਸ ਨੇ ਇਸ ਨੂੰ ਰੋਕ ਲਿਆ। ਭਾਜਪਾ ਇਕ ਵਾਰ ਫਿਰ ਕਿਸਾਨਾਂ ‘ਤੇ ਹਮਲਾ ਕਰ ਰਹੀ ਹੈ।

ਇਹ ਤਿੰਨੋਂ ਕਾਨੂੰਨ ਕਿਸਾਨਾਂ ਦੀ ਮਦਦ ਕਰਨ ਲਈ ਨਹੀਂ,ਬਲਕਿ ਉਹਨਾਂ ਨੂੰ ਖਤਮ ਕਰਨ ਲਈ ਹਨ । ਸਰਕਾਰ ਕੁਝ ਸਨਅਤਕਾਰਾਂ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ”ਕਾਂਗਰਸ ਆਗੂ ਨੇ ਕਿਹਾ ਸੀ , ਕਾਂਗਰਸ ਕਿਸਾਨਾਂ ਦੇ ਨਾਲ ਖੜ੍ਹੀ ਹੈ । ਸਰਕਾਰ ਨੂੰ ਇਹ ਤਿੰਨ ਕਾਨੂੰਨ ਵਾਪਸ ਲੈਣੇ ਪੈਣਗੇ । ਜਦੋਂ ਤੱਕ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਂਗਰਸ ਪਿੱਛੇ ਨਹੀਂ ਹਟੇਗੀ।