'ਹੱਥ' ਛੱਡ ਫ਼ੜਿਆ 'ਕਮਲ', ਮਨਪ੍ਰੀਤ ਬਾਦਲ ਹੋਏ ਭਾਜਪਾ 'ਚ ਸ਼ਾਮਲ
ਕਿਹਾ ਕਿ ਕਾਂਗਰਸ ਤੋਂ 'ਮੋਹ ਭੰਗ' ਹੋ ਗਿਆ ਹੈ
ਨਵੀਂ ਦਿੱਲੀ - ਪੰਜਾਬ ਦੇ ਸੀਨੀਅਰ ਸਿਆਸੀ ਆਗੂ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਬੁੱਧਵਾਰ ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਮਨਪ੍ਰੀਤ ਬਾਦਲ ਨੇ ਕੇਂਦਰੀ ਮੰਤਰੀ ਪੀਊਸ਼ ਗੋਇਲ, ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਅਤੇ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨਿਲ ਬਲੂਨੀ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਮੂਲੀਅਤ ਕੀਤੀ।
ਬਾਦਲ ਨੇ ਭਾਜਪਾ 'ਚ ਸ਼ਾਮਲ ਹੋਣ ਤੋਂ ਠੀਕ ਪਹਿਲਾਂ ਕਾਂਗਰਸ ਤੋਂ ਅਸਤੀਫ਼ਾ ਦਿੱਤਾ ਸੀ।
ਮਨਪ੍ਰੀਤ ਬਾਦਲ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਪੰਜਾਬ ਵਿੱਚ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਸਾਬਕਾ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਭੇਜੇ ਗਏ ਆਪਣੇ ਅਸਤੀਫ਼ੇ ਦੇ ਪੱਤਰ ਵਿੱਚ, ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਤੋਂ 'ਮੋਹ ਭੰਗ' ਹੋ ਗਿਆ ਹੈ।
ਬਾਦਲ ਨੇ ਆਪਣਾ ਅਸਤੀਫ਼ਾ ਟਵਿੱਟਰ 'ਤੇ ਵੀ ਸਾਂਝਾ ਕੀਤਾ।
ਉਨ੍ਹਾਂ ਆਪਣੇ ਅਸਤੀਫੇ 'ਚ ਕਿਹਾ, ''ਪਾਰਟੀ ਅਤੇ ਸਰਕਾਰ 'ਚ ਜੋ ਵੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ, ਉਸ ਨੂੰ ਨਿਭਾਉਣ ਲਈ ਮੈਂ ਆਪਣਾ ਸਭ ਕੁਝ ਲਗਾਇਆ। ਮੈਨੂੰ ਇਹ ਮੌਕਾ ਅਤੇ ਸਨਮਾਨ ਦੇਣ ਮੈਂ ਤੁਹਾਡਾ ਧੰਨਵਾਦੀ ਹਾਂ।"
ਉਨ੍ਹਾਂ ਕਿਹਾ, "ਬਦਕਿਸਮਤੀ ਨਾਲ, ਪਾਰਟੀ ਅੰਦਰ ਮੌਜੂਦਾ ਸੱਭਿਆਚਾਰ ਅਤੇ ਅਣਗਹਿਲੀ ਭਰੇ ਰਵੱਈਏ ਕਾਰਨ, ਮੈਂ ਹੁਣ ਭਾਰਤੀ ਰਾਸ਼ਟਰੀ ਕਾਂਗਰਸ ਦਾ ਹਿੱਸਾ ਨਹੀਂ ਰਹਿਣਾ ਚਾਹੁੰਦਾ ਹਾਂ।"
ਬਾਦਲ ਨੇ ਕਿਹਾ, "ਸੱਤ ਸਾਲ ਪਹਿਲਾਂ ਮੈਂ ਪੀਪਲਜ਼ ਪਾਰਟੀ ਆਫ਼ ਪੰਜਾਬ ਦਾ ਤੁਹਾਡੀ ਪਾਰਟੀ ਵਿੱਚ ਰਲ਼ੇਵਾਂ ਕਰ ਦਿੱਤਾ ਸੀ। ਮੈਂ ਇਹ ਕਦਮ ਬੜੀਆਂ ਆਸਾਂ ਤੇ ਉਮੀਦਾਂ ਨਾਲ ਚੁੱਕਿਆ ਸੀ ਕਿ ਇਸ ਨਾਲ ਮੈਨੂੰ ਆਪਣੀ ਸਮਰੱਥਾ ਦੇ ਹਿਸਾਬ ਨਾਲ ਪੰਜਾਬ ਦੇ ਲੋਕਾਂ ਅਤੇ ਉਨ੍ਹਾਂ ਦੇ ਹਿੱਤਾਂ ਦੀ ਸੇਵਾ ਕਰਨ ਦੇ ਪੂਰੇ ਮੌਕੇ ਮਿਲਣਗੇ।"
ਉਨ੍ਹਾਂ ਅੱਗੇ ਕਿਹਾ, "ਇਹ ਉਤਸ਼ਾਹ ਹੌਲੀ-ਹੌਲੀ ਘੱਟ ਹੁੰਦਾ ਚਲਾ ਗਿਆ, ਜਿਸ ਨਾਲ ਨਿਰਾਸ਼ਾ ਵਧੀ ਅਤੇ ਮੋਹਭੰਗ ਹੋ ਗਿਆ।"