ਸਮਾਰਟ ਰਾਸ਼ਨ ਕਾਰਡ ਗਰੁੱਪ ਦੀ ਪਲੇਠੀ ਮੀਟਿੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਚਲ ਰਹੀਆਂ ਸਕੀਮਾਂ ਨੂੰ ਸੁਚਾਰੂ ਬਣਾਉਣ ਲਈ ਤਰਮੀਮਾਂ ਸੁਝਾਈਆਂ 

Food Security Group holds maiden meeting

ਚੰਡੀਗੜ੍ਹ : ਮੁੱਖ ਮੰਤਰੀ ਪੰਜਾਬ ਵਲੋਂ ਸਲਾਹਕਾਰ ਸਮੂਹਾਂ ਦੇ ਗਠਨ ਤੋਂ ਬਾਅਦ ਸਰਕਾਰ ਦੀਆਂ ਖ਼ੁਰਾਕ ਸੁਰੱਖਿਆ ਸਬੰਧੀ ਪ੍ਰਮੁੱਖ ਸਕੀਮਾਂ ਨੂੰ ਗਤੀਸ਼ੀਲਤਾ ਪ੍ਰਦਾਨ ਕਰਨ ਲਈ ਸਮਾਰਟ ਰਾਸ਼ਨ ਕਾਰਡ ਗਰੁਪ ਦੀ ਪਲੇਠੀ ਮੀਟਿੰਗ ਕੀਤੀ ਗਈ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਪੰਜਾਬ, ਸ਼੍ਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ਵਿਚ ਮੀਟਿੰਗ ਅਨਾਜ ਭਵਨ, ਚੰਡੀਗੜ੍ਹ ਵਿਖੇ ਹੋਈ। ਖ਼ੁਰਾਕ ਸੁਰੱਖਿਆ ਸਕੀਮਾਂ ਦਾ ਜਾਇਜ਼ਾ ਲੈਂਦਿਆਂ, ਗਰੁਪ ਨੇ ਚੱਲ ਰਹੀਆਂ ਸਕੀਮਾਂ ਨੂੰ ਸੁਚਾਰੂ ਬਣਾਉਣ ਲਈ ਕੁੱਝ ਤਰਮੀਮਾਂ ਸੁਝਾਈਆਂ ਤਾਂ ਜੋ ਖ਼ੁਰਾਕ ਵੰਡ ਪ੍ਰਣਾਲੀ ਨੂੰ ਸੁਚੱਜਾ ਬਣਾਇਆ ਜਾ ਸਕੇ ਅਤੇ ਇਸ ਪ੍ਰਕਿਰਿਆ ਵਿਚ ਹੋਰ ਪਾਰਦਰਸ਼ਤਾ ਲਿਆਂਦੀ ਜਾ ਸਕੇ।

ਇਹ ਸਮੂਹ ਜਿਸ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ, ਸ਼੍ਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਮਾਜਕ ਸੁਰੱਖਿਆ ਮੰਤਰੀ, ਸ਼੍ਰੀਮਤੀ ਅਰੁਣਾ ਚੌਧਰੀ, 7 ਵਿਧਾਇਕ, ਸਮਾਜਕ ਨਿਆਂ ਤੇ ਸਸ਼ਕਤੀਕਰਨ ਵਿਭਾਗ, ਸਮਾਜਕ ਸੁਰੱਖਿਆ ਵਿਭਾਗ ਅਤੇ ਵਿੱਤ ਵਿਭਾਗ ਦੇ ਉਚ ਅਧਿਕਾਰੀ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ, ਸ਼੍ਰੀ ਗੁਰਕਿਰਤ ਕ੍ਰਿਪਾਲ ਸਿੰਘ ਅਤੇ ਵਿਸ਼ੇਸ਼ ਤੌਰ 'ਤੇ ਬੁਲਾਏ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਸ਼ਾਮਲ ਸਨ, ਨੇ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਦੀ ਪੜਤਾਲ ਸਬੰਧੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਸੁਝਾਅ ਦਿਤੇ।

ਇਹ ਦੇਖਿਆ ਗਿਆ ਹੈ ਕਿ ਲਾਭਪਾਤਰੀਆਂ ਦੀ ਪੜਤਾਲ ਵਿੱਚ ਬੇਲੋੜੀ ਦੇਰੀ ਇਸ ਕਰਕੇ ਹੁੰਦੀ ਹੈ ਕਿਉਂ ਜੋ ਇਸ ਨਾਲ ਸਬੰਧਿਤ ਪਰਫ਼ਾਰਮਾ ਪਟਵਾਰੀ ਤੋਂ ਡਿਪਟੀ ਕਮਿਸ਼ਨਰ ਤਕ ਪਾਸ ਕਰਵਾਉਣਾ ਹੁੰਦਾ ਹੈ। ਇਸ ਕਰਕੇ ਇਹ ਸੁਝਾਅ ਦਿਤਾ ਗਿਆ ਹੈ ਕਿ ਪੇਂਡੂ ਖੇਤਰਾਂ ਵਿਚ ਪਟਵਾਰੀ, ਬਲਾਕ ਵਿਕਾਸ ਅਧਿਕਾਰੀ ਅਤੇ ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਜਾਂ ਉਸ ਦਾ ਨੁਮਾਇੰਦਾ, ਸ਼ਹਿਰੀ ਖੇਤਰਾਂ ਵਿਚ ਮਿਊਂਸੀਪਲ ਕਮੇਟੀਆਂ ਦੇ ਇੰਸਪੈਕਟਰ, ਕਾਰਜਸਾਧਕ ਅਫ਼ਸਰ ਅਤੇ ਸਕੱਤਰ/ ਸੁਪਰਡੰਟ ਪੱਧਰ ਦੇ ਅਧਿਕਾਰੀ ਅਤੇ ਕੰਟੋਨਮੈਂਟ ਅਧੀਨ ਪੈਂਦੇ ਖੇਤਰਾਂ ਵਿਚ ਸਬੰਧਤ ਡਿਪਟੀ ਕਮਿਸ਼ਨਰ ਦਾ ਨੁਮਾਇੰਦਾ ਲਾਭਪਾਤਰੀਆਂ ਦੇ ਫਾਰਮਾਂ ਦੀ ਪੜਤਾਲ ਕਰ ਸਕਦਾ ਹੈ। ਸਮੂਹ ਨੇ ਸੁਝਾਅ ਦਿੱਤਾ ਕਿ ਲਾਭਪਾਤਰੀਆਂ ਦੀ ਸ਼ਨਾਖਤ /ਪੜਤਾਲ ਵਿੱਚ ਅਜਿਹੀ ਸਰਲਤਾ ਆਉਣ ਨਾਲ ਇਹ ਖੁਰਾਕ ਸੁਰੱਖਿਆ ਸਕੀਮਾਂ ਵੱਧ ਤੋਂ ਵੱਧ ਲਾਭਪਾਤਰੀਆਂ ਦੀ ਪਹੁੰਚ ਵਿੱਚ ਆ ਸਕਣਗੀਆਂ। ਇਸ ਤੋਂ ਇਲਾਵਾ ਹੋਰ ਵੀ ਸੁਝਾਅ ਦਿਤੇ ਗਏ।