ਹੰਸਰਾਜ ਨੇ JNU ਦਾ ਨਾਂਅ ਬਦਲਣ ਦੀ ਕੀਤੀ ਵਕਾਲਤ ਕਿਹਾ, 'ਮੋਦੀ ਜੀ ਦੇ ਨਾਂਅ ‘ਤੇ ਕੁੱਝ ਹੋਣਾ ਚਾਹੀਦੈ'

ਏਜੰਸੀ

ਖ਼ਬਰਾਂ, ਰਾਜਨੀਤੀ

ਦਿੱਲੀ ਤੋਂ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਨਾਂਅ ਬਦਲਣ ਦੀ ਵਕਾਲਤ ਕੀਤੀ ਹੈ।

Hans Raj Hans

ਨਵੀਂ ਦਿੱਲੀ: ਦਿੱਲੀ ਤੋਂ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਨਾਂਅ ਬਦਲਣ ਦੀ ਵਕਾਲਤ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪੀਐਮ ਮੋਦੀ ਸਰਕਾਰ ਦੇ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਉਣ ਦੇ ਫ਼ੈਸਲੇ ਨੂੰ ਲੈ ਕੇ ਕਿਹਾ ਕਿ ਇਹ ਸਭ ਨੂੰ ਵਧੀਆ ਲੱਗਿਆ। ਉਹਨਾਂ ਨੇ ਇਹ ਗੱਲ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਇਕ ਸਮਾਰੋਹ ਦੌਰਾਨ ਕਹੀ।

ਹੰਸ ਰਾਜ ਹੰਸ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਕਿ ਕਸ਼ਮੀਰ ਹੁਣ ਵਾਕਈ ਜੰਨਤ ਬਣਨ ਵਾਲਾ ਹੈ। ਉਹਨਾਂ ਕਿਹਾ ਕਿ ਹੁਣ ਦੁਆ ਕਰੋ ਕਿ ਸਾਰੇ ਲੋਕ ਅਮਨ ਅਤੇ ਮੁਹੱਬਤ ਨਾਲ ਰਹਿਣ। ਇਸ ਦੇ ਨਾਲ ਹੀ ਸੰਸਦ ਮੈਂਬਰ ਹੰਸਰਾਜ ਹੰਸ ਨੇ ਜੇਐਨਯੂ ਦਾ ਨਾਮ ਬਦਲਣ ਦੀ ਪੇਸ਼ਕਸ਼ ਵੀ ਕੀਤੀ। ਉਹਨਾਂ ਕਿਹਾ ਕਿ ਜੇਐੱਨਯੂ ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਮ ‘ਤੇ ਐੱਮਐੱਨਯੂ ਰੱਖ ਦੇਣਾ ਚਾਹੀਦਾ ਹੈ। ਹੰਸ ਰਾਜ ਹੰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਚੀਜ਼ਾਂ ਕਰ ਦਿਖਾਈਆਂ ਹਨ ਜੋ ਨਾਮੁਮਕਿਨ ਸੀ। ਇਸ ਲਈ ਉਹਨਾਂ ਦੇ ਨਾਂਅ ‘ਤੇ ਵੀ ਕੁਝ ਹੋਣਾ ਚਾਹੀਦਾ ਹੈ।

ਦੱਸ ਦਈਏ ਕਿ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਮਸ਼ਹੂਰ ਗਾਇਕ ਹੰਸਰਾਜ ਹੰਸ ਜੇਐਨਯੂ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ।  ਇਸ ਤੋਂ ਪਹਿਲਾਂ ਵੀ ਲੋਕ ਸਭਾ ਵਿਚ ਬੋਲਦਿਆਂ ਹੰਸ ਰਾਜ ਹੰਸ ਵੱਲੋਂ ਪੀਐਮ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਗਈ ਸੀ। ਹਾਲ ਹੀ ਵਿਚ ਉਨ੍ਹਾਂ ਸਦਨ ਵਿਚ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਸਾਹਮਣੇ ਕਵਿਤਾ ਵੀ ਸੁਣਾਈ ਸੀ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਾਫ਼ੀ ਵਿਵਾਦ ਮਚਿਆ ਹੋਇਆ ਹੈ। ਇਸ ਮਾਮਲੇ ਵਿਚ ਜਿੱਥੇ ਕੁੱਝ ਪਾਰਟੀਆਂ ਵੱਲੋਂ ਭਾਜਪਾ ਦਾ ਸਮਰਥਨ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਕੁੱਝ ਪਾਰਟੀਆਂ ਨੇ ਭਾਜਪਾ ਦਾ ਸਾਥ ਨਹੀਂ ਦਿੱਤਾ। ਇਸ ਦੌਰਾਨ ਕਈ ਵਿਰੋਧੀ ਧਿਰਾਂ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।

ਦੇਖੋ ਵੀਡੀਓ: