ਅਗਲੇ ਹਫਤੇ ਹੋ ਸਕਦੈ ਪੱਛਮੀ ਬੰਗਾਲ ਅਸੰਬਲੀ ਚੋਣਾਂ ਦਾ ਐਲਾਨ, ਸਾਰੀਆਂ ਧਿਰਾਂ ਲਈ ਅਹਿਮ ਹਨ ਇਹ ਚੋਣਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੇਂਦਰੀ ਸੁਰੱਖਿਆ ਬਲਾਂ ਦੀਆਂ 800 ਕੰਪਨੀਆਂ ਹੋਣਗੀਆਂ ਤਾਇਨਾਤ, ਭਾਜਪਾ ਸਮੇਤ ਬਾਕੀ ਧਿਰਾਂ ਨੇ ਕੱਸੀ ਕਮਰ

West Bengal Elections

ਨਵੀਂ ਦਿੱਲੀ: ਪੱਛਮੀ ਬੰਗਾਲ ਦੀਆਂ ਚੋਣਾਂ ਦੀ ਪੁੱਠੀ ਗਿਣਤੀ ਸ਼ੁਰੂ ਹੋਣ ਦੇ ਸੰਕੇਤ ਮਿਲਣੇ ਸ਼ੁਰੂ ਹੋ ਗਏ ਹਨ। ਬਾਹਰ ਆ ਰਹੀਆਂ ਕਨਸੋਆ ਮੁਤਾਬਕ ਚੋਣਾਂ ਦਾ ਐਲਾਨ ਅਗਲੇ ਹਫਤੇ ਹੋ ਸਕਦਾ ਹੈ। ਪੱਛਮੀ ਬੰਗਾਲ ਵਿਧਾਨ ਸਭਾ ਦਾ ਮੌਜੂਦਾ ਕਾਰਜਕਾਲ 30 ਮਈ 2021 ਨੂੰ ਸਮਾਪਤ ਹੋ ਰਿਹਾ ਹੈ। ਇਸ ਲਿਹਾਜ ਨਾਲ ਇਹ ਚੋਣਾਂ ਅਪ੍ਰੈਲ-ਮਈ ਦੌਰਾਨ ਕਰਵਾਈਆਂ ਜਾ ਸਕਦੀਆਂ ਹਨ।

ਚੋਣ ਤਰੀਕਾਂ ਦੇ ਐਲਾਨ ਦੇ ਤੁਰੰਤ ਬਾਅਦ ਹੀ ਚੋਣ ਕਮਿਸ਼ਨ ਕੇਂਦਰੀ ਬਲਾਂ ਦੀਆਂ 800 ਤੋਂ ਵੱਧ ਕੰਪਨੀਆਂ ਚੋਣ ਡਿਊਟੀ ਲਈ ਤਾਇਨਾਤ ਕਰ ਸਕਦਾ ਹੈ। ਸਾਲ 2016 ’ਚ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਕਈ ਇਲਾਕਿਆਂ ਨੂੰ ‘ਬੇਹੱਦ ਸੰਵੇਦਨਸ਼ੀਲ’ ਮੰਨਦਿਆਂ 725 ਤੋਂ ਵੱਧ ਕੰਪਨੀਆਂ ਭੇਜੀਆਂ ਸਨ। ਇਸ ਵਾਰ ਸੰਵੇਦਨਸ਼ੀਲ ਬੂਥਾਂ ਦੀ ਗਿਣਤੀ ਪਿਛਲੀ ਵਾਰ ਤੋਂ ਕਿਤੇ ਜ਼ਿਆਦਾ ਹੈ। ਇਸੇ ਲਈ ਇਸ ਵਾਰ ਕੇਂਦਰੀ ਬਲਾਂ ਦੀਆਂ 800 ਤੋਂ ਵੱਧ ਕੰਪਨੀਆਂ ਪੱਛਮੀ ਬੰਗਾਲ ’ਚ ਤਾਇਨਾਤ ਕੀਤੀਆਂ ਜਾ ਸਕਦੀਆਂ ਹਨ।

ਪੱਛਮੀ ਬੰਗਾਲ ’ਚ ਵਿਧਾਨ ਸਭਾ ਦੀਆਂ 294 ਸੀਟਾਂ ਹਨ। ਇਸ ਵੇਲੇ ਇੱਥੇ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਹੈ ਤੇ ਮਮਤਾ ਬੈਨਰਜੀ ਮੁੱਖ ਮੰਤਰੀ ਹਨ। ਪਿਛਲੀਆਂ ਚੋਣਾਂ ’ਚ ਮਮਤਾ ਦੀ ਟੀਐਮਸੀ ਨੇ ਸਭ ਤੋਂ ਵੱਧ 211 ਸੀਟਾਂ, ਕਾਂਗਰਸ ਨੇ 44, ਖੱਬੀਆਂ ਪਾਰਟੀਆਂ ਨੇ 26 ਅਤੇ ਭਾਜਪਾ ਨੂੰ ਸਿਰਫ਼ ਤਿੰਨ ਸੀਟਾਂ ਉੱਤੇ ਜਿੱਤ ਹਾਸਲ ਕੀਤੀ ਸੀ; ਜਦ ਕਿ ਹੋਰਨਾਂ ਨੂੰ 10 ਸੀਟਾਂ ਉੱਤੇ ਜਿੱਤ ਮਿਲੀ ਸੀ। ਇੱਥੇ ਬਹੁਮਤ ਲਈ 148 ਸੀਟਾਂ ਚਾਹੀਦੀਆਂ ਹਨ। 

ਪੱਛਮੀ ਬੰਗਾਲ ਦੀਆਂ ਚੋਣਾਂ 'ਤੇ ਦੇਸ਼ ਭਰ ਦੀਆਂ ਨਜ਼ਰਾਂ ਟਿੱਕੀਆਂ ਹੋਈਆਂ ਹਨ। ਇਸ ਨੂੰ ਹੋਰਨਾਂ ਕਈ ਸੂਬਿਆਂ ਦੀਆਂ ਅਸੰਬਲੀ ਚੋਣਾਂ ਦੇ ਸੈਮੀਫਾਈਨਲ ਤੋਂ ਇਲਾਵਾ 2024 ਅਤੇ ਖੇਤੀ ਕਾਨੂੰਨਾਂ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਭਾਜਪਾ ਵਲੋਂ ਪੱਛਮੀ ਬੰਗਾਲ ਵਿਚ ਵਿਸ਼ੇਸ਼ ਰੁਚੀ ਵਿਖਾਈ ਜਾ ਰਹੀ ਹੈ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਭਾਜਪਾ ਡੀਲਰਸ਼ਿਪ ਦੇ ਪੱਛਮੀ ਬੰਗਾਲ ਵੱਲ ਗੇੜੇ ਵਧਦੇ ਜਾ ਰਹੇ ਹਨ। ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਸਮੇਤ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਵਲੋਂ ਪਿਛਲੇ ਸਮੇਂ ਦੌਰਾਨ ਪੱਛਮੀ ਬੰਗਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।

ਪੱਛਮੀ ਬੰਗਾਲ ਤੋਂ ਇਲਾਵਾ ਇਸ ਵਰ੍ਹੇ ਆਸਾਮ, ਤਾਮਿਲਨਾਡੂ, ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਡੂਚੇਰੀ ਤੇ ਕੇਰਲ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਤੈਅ ਹਨ। ਇਸੇ ਤਰ੍ਹਾਂ ਆਉਂਦੇ ਵਰ੍ਹੇ 2022 ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਖੇਤੀ ਕਾਨੂੰਨਾਂ ਦੇ ਚੱਲ ਰਹੇ ਰੇੜਕੇ ਦਰਮਿਆਨ ਆ ਰਹੀਆਂ ਇਨ੍ਹਾਂ ਚੋਣਾਂ ਨੂੰ ਸੱਤਾਧਾਰੀ ਧਿਰ ਵੱਲੋਂ ਵਿਸ਼ੇਸ਼ ਤਵੱਜੋ ਦਿੱਤੀ ਜਾ ਰਹੀ ਹੈ। ਦੂਜੇ ਪਾਸੇ ਸੰਘਰਸ਼ੀ ਧਿਰਾਂ ਵੀ ਇਨ੍ਹਾਂ ਚੋਣਾਂ ਨੂੰ ਸੱਤਾਧਾਰੀ ਧਿਰ ਨੂੰ ਸਬਕ ਸਿਖਾਉਣ ਲਈ ਵਰਤਣ ਦੇ ਰੌਅ ਵਿਚ ਹਨ। ਕਿਸਾਨ ਆਗੂ ਰਾਕੇਸ਼ ਟਿਕੈਤ ਪਿਛਲੇ ਦਿਨੀਂ ਪੱਛਮੀ ਬੰਗਾਲ ਵਿਚ ਲੋਕਾਂ ਨੂੰ ਜਾਗਰੂਕ ਕਰਨ ਜਾਣ ਦਾ ਐਲਾਨ ਕਰ ਚੁੱਕੇ ਹਨ।