ਭਾਜਪਾ ’ਚ ਸ਼ਾਮਲ ਹੋਏ ਸੁਨੀਲ ਜਾਖੜ, ਕਿਹਾ- ਅਪਣੇ ਸਿਧਾਂਤਾਂ ਤੋਂ ਭਟਕ ਗਈ ਹੈ ਕਾਂਗਰਸ

ਏਜੰਸੀ

ਖ਼ਬਰਾਂ, ਰਾਜਨੀਤੀ

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸੁਨੀਲ ਜਾਖੜ ਨੂੰ ਪਾਰਟੀ ਵਿਚ ਸ਼ਾਮਲ ਕਰਦੇ ਹੋਏ ਕਿਹਾ ਕਿ ਜਾਖੜ ਨੇ ਇਮਾਨਦਾਰ ਅਕਸ ਨਾਲ ਕੰਮ ਕੀਤਾ ਹੈ।

Sunil Jakhar Joins BJP


ਨਵੀਂ ਦਿੱਲੀ: ਪੰਜਾਬ ਕਾਂਗਰਸ ਦੇ ਸਾਬਕਾ ਆਗੂ ਸੁਨੀਲ ਜਾਖੜ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਉਹਨਾਂ ਨੂੰ ਦਿੱਲੀ ਵਿਚ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਦਿਵਾਈ। ਜਾਖੜ ਨੇ ਕੁਝ ਦਿਨ ਪਹਿਲਾਂ ਹੀ ਕਾਂਗਰਸ ਛੱਡ ਦਿੱਤੀ ਸੀ। ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ 1972 ਤੋਂ 2022 ਤੱਕ ਹਰ ਚੰਗੇ-ਮਾੜੇ ਸਮੇਂ 'ਚ ਸਾਡਾ ਪਰਿਵਾਰ 50 ਸਾਲ ਕਾਂਗਰਸ ਦੇ ਨਾਲ ਰਿਹਾ। ਜਾਖੜ ਨੇ ਕਿਹਾ ਕਿ ਮੈਂ ਕਦੇ ਵੀ ਨਿੱਜੀ ਹਿੱਤਾਂ ਲਈ ਰਾਜਨੀਤੀ ਨਹੀਂ ਕੀਤੀ। ਮੈਂ ਕਦੇ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ। ਜੇਕਰ ਮੈਂ ਅਪਣੇ ਪਰਿਵਾਰ ਨਾਲੋਂ ਰਿਸ਼ਤਾ ਤੋੜਿਆ ਹੈ ਤਾਂ ਕੋਈ ਗੱਲ ਸੀ। ਮੈਂ ਇਹ ਕਦਮ ਰਾਸ਼ਟਰਵਾਦ, ਏਕਤਾ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਲਈ ਚੁੱਕਿਆ ਹੈ।

Sunil Jakhar Joins BJP

ਉਹਨਾਂ ਕਿਹਾ, ''ਜਿਸ ਖੁੱਲ੍ਹੇ ਦਿਲ ਨਾਲ ਭਾਜਪਾ ਆਗੂਆਂ ਨੇ ਮਿਲਣ ਦਾ ਮੌਕਾ ਦਿੱਤਾ ਉਸ ਦਾ ਇਕ ਕਾਰਨ ਇਹ ਹੈ ਕਿ ਸੁਨੀਲ ਜਾਖੜ ਨੇ ਕਦੇ ਸਿਆਸਤ ਨੂੰ ਨਿੱਜੀ ਸੁਆਰਥ ਲਈ ਇਸਤੇਮਾਲ ਨਹੀਂ ਕੀਤਾ।'' ਉਹਨਾਂ ਕਿਹਾ ਕਿ ਪੰਜਾਬ ਨੇ ਬਹੁਤ ਮਾੜਾ ਸਮਾਂ ਦੇਖਿਆ ਪਰ ਕਦੇ ਵੀ ਹਿੰਦੂ-ਸਿੱਖ ਭਾਈਚਾਰਾ ਨਹੀਂ ਟੁੱਟਿਆ। ਸੁਨੀਲ ਜਾਖੜ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਮੈਨੂੰ ਇਸ ਗੱਲ ਲਈ ਕਟਹਿਰੇ 'ਚ ਖੜ੍ਹਾ ਕੀਤਾ ਗਿਆ ਕਿ ਮੈਂ ਪੰਜਾਬ ਨੂੰ ਜਾਤ, ਧਰਮ ਅਤੇ ਫੀਸਦ ਦੇ ਆਧਾਰ 'ਤੇ ਨਾ ਵੰਡਣ ਦੀ ਗੱਲ ਕੀਤੀ। ਜਾਖੜ ਨੇ ਕਿਹਾ ਕਿ ਮੈਂ ਅਸੂਲਾਂ ਵਾਂਗ ਰਿਸ਼ਤੇ ਨਿਭਾਏ ਹਨ। ਜਦੋਂ ਪਾਰਟੀ ਆਪਣੇ ਸਿਧਾਂਤਾਂ ਤੋਂ ਦੂਰ ਹੋ ਜਾਂਦੀ ਹੈ ਤਾਂ ਇਸ ਬਾਰੇ ਸੋਚਣਾ ਪੈਂਦਾ ਹੈ।

Sunil Jakhar

ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਵੀ ਕੀਤੀ। ਉਹਨਾਂ ਕਿਹਾ ਕਿ ਮੈਂ ਡੇਢ ਸਾਲ ਸੰਸਦ 'ਚ ਰਿਹਾ। ਪ੍ਰਧਾਨ ਮੰਤਰੀ ਮੋਦੀ ਕਰਤਾਰਪੁਰ ਲਾਂਘੇ ਦੇ ਉਦਘਾਟਨ ਲਈ ਪੰਜਾਬ ਆਏ ਸਨ। ਫਿਰ ਉਹਨਾਂ ਨਾਲ ਲੰਗਰ ਛਕਿਆ ਅਤੇ ਗੱਲ ਕਰਨ ਦਾ ਮੌਕਾ ਮਿਲਿਆ। ਹੁਣ ਉਹਨਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਲਾਲ ਕਿਲ੍ਹੇ 'ਤੇ ਸਮਾਗਮ ਆਯੋਜਤ ਕੀਤਾ।

Sunil Jakhar Joins BJP

ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਸੁਨੀਲ ਜਾਖੜ ਨੂੰ ਪਾਰਟੀ ਵਿਚ ਸ਼ਾਮਲ ਕਰਦੇ ਹੋਏ ਕਿਹਾ ਕਿ ਜਾਖੜ ਨੇ ਇਮਾਨਦਾਰ ਅਕਸ ਨਾਲ ਕੰਮ ਕੀਤਾ ਹੈ। ਉਹ ਕਾਂਗਰਸ 'ਚ ਅਹਿਮ ਅਹੁਦਿਆਂ 'ਤੇ ਰਹੇ ਹਨ। ਪੰਜਾਬ ਵਿਚ ਰਾਸ਼ਟਰਵਾਦੀ ਤਾਕਤਾਂ ਦਾ ਮਜ਼ਬੂਤ ​​ਹੋਣਾ ਜ਼ਰੂਰੀ ਹੈ। ਮੈਨੂੰ ਯਕੀਨ ਹੈ ਕਿ ਸੁਨੀਲ ਜਾਖੜ ਸਾਡੇ ਨਾਲ ਮਿਲ ਕੇ ਪੰਜਾਬ ਨੂੰ ਨਵੀਆਂ ਬੁਲੰਦੀਆਂ 'ਤੇ ਲੈ ਕੇ ਜਾਣਗੇ। ਸੁਨੀਲ ਜਾਖੜ ਦਾ ਪਰਿਵਾਰ ਕਰੀਬ 50 ਸਾਲਾਂ ਤੋਂ ਕਾਂਗਰਸ ਨਾਲ ਜੁੜਿਆ ਹੋਇਆ ਸੀ। ਇਸ ਸਮੇਂ ਉਹਨਾਂ ਦਾ ਤੀਜੀ ਪੀੜ੍ਹੀ ਵਿਚੋਂ ਉਹਨਾਂ ਦਾ ਭਤੀਜਾ ਸੰਦੀਪ ਜਾਖੜ ਕਾਂਗਰਸ ਦਾ ਵਿਧਾਇਕ ਬਣ ਚੁੱਕਾ ਹੈ।