ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਇੰਡੀਆ’ ਗਠਜੋੜ ’ਚ ਮਤਭੇਦ ਜਗ ਜ਼ਾਹਰ
ਝਾਰਖੰਡ ਵਿਧਾਨ ਸਭਾ ਦੀਆਂ 81 ’ਚੋਂ 70 ਸੀਟਾਂ ’ਤੇ ਕਾਂਗਰਸ ਅਤੇ ਜੇ.ਐਮ.ਐਮ. ਚੋਣ ਲੜਨਗੀਆਂ
ਜੇ.ਐਮ.ਐਮ. ਤੇ ਕਾਂਗਰਸ ਦੀ ਸੀਟ ਦੀ ਪੇਸ਼ਕਸ਼ ਨਿਰਾਸ਼ਾਜਨਕ: ਆਰ.ਜੇ.ਡੀ.
ਰਾਂਚੀ : ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸਨਿਚਰਵਾਰ ਨੂੰ ਕਿਹਾ ਕਿ ਵਿਰੋਧੀ ਗਠਜੋੜ ‘ਇੰਡੀਆ’ ਆਗਾਮੀ ਵਿਧਾਨ ਸਭਾ ਚੋਣਾਂ ਇਕੱਠੇ ਲੜੇਗਾ ਅਤੇ ਕਾਂਗਰਸ ਅਤੇ ਝਾਰਖੰਡ ਮੁਕਤੀ ਮੋਰਚਾ 81 ’ਚੋਂ 70 ਸੀਟਾਂ ’ਤੇ ਅਪਣੇ ਉਮੀਦਵਾਰ ਖੜ੍ਹੇ ਕਰਨਗੇ। ਸੋਰੇਨ ਨੇ ਕਿਹਾ ਕਿ ਬਾਕੀ 11 ਸੀਟਾਂ ਲਈ ਗਠਜੋੜ ਭਾਈਵਾਲ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਅਤੇ ਖੱਬੇਪੱਖੀ ਪਾਰਟੀਆਂ ਨਾਲ ਸੀਟਾਂ ਦੀ ਵੰਡ ਬਾਰੇ ਗੱਲਬਾਤ ਚੱਲ ਰਹੀ ਹੈ।
ਹਾਲਾਂਕਿ ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਗਠਜੋੜ ‘ਇੰਡੀਆ’ ਦੇ ਭਾਈਵਾਲਾਂ ਵਿਚਾਲੇ ਮਤਭੇਦ ਖੁੱਲ੍ਹ ਕੇ ਸਾਹਮਣੇ ਆ ਗਿਆ ਹੈ। ਕੌਮੀ ਜਨਤਾ ਦਲ (ਆਰ.ਜੇ.ਡੀ.) ਨੇ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ.) ਅਤੇ ਕਾਂਗਰਸ ਵਲੋਂ ਵਿਧਾਨ ਸਭਾ ਦੀਆਂ 81 ’ਚੋਂ 70 ਸੀਟਾਂ ’ਤੇ ਚੋਣ ਲੜਨ ਦੇ ਐਲਾਨ ’ਤੇ ਨਿਰਾਸ਼ਾ ਜ਼ਾਹਰ ਕੀਤੀ ਹੈ।
ਆਰ.ਜੇ.ਡੀ. ਨੇ ਕਿਹਾ ਕਿ ‘ਇੰਡੀਆ’ ਗਠਜੋੜ ਦੇ ਦੋਹਾਂ ਭਾਈਵਾਲਾਂ ਵਲੋਂ ਐਲਾਨਿਆ ਸੀਟ ਸਮਝੌਤਾ ‘ਇਕਪਾਸੜ’ ਸੀ। ਪਾਰਟੀ ਨੇ ਸਪੱਸ਼ਟ ਕੀਤਾ ਕਿ ਉਹ ਸਾਰੇ ਬਦਲ ਖੁੱਲ੍ਹੇ ਰੱਖ ਰਹੀ ਹੈ। ਆਰ.ਜੇ.ਡੀ. ਦੇ ਬੁਲਾਰੇ ਮਨੋਜ ਕੁਮਾਰ ਝਾਅ ਨੇ ਕਿਹਾ, ‘‘ਅਸੀਂ ਸਾਨੂੰ ਦਿਤੀਆਂ ਗਈਆਂ ਸੀਟਾਂ ’ਤੇ ਅਪਣੀ ਨਿਰਾਸ਼ਾ ਜ਼ਾਹਰ ਕਰਦੇ ਹਾਂ। ਇਹ ਫੈਸਲਾ ਇਕਪਾਸੜ ਹੈ। ਸਾਡੇ ਨਾਲ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ। ਸਾਡੇ ਸਾਹਮਣੇ ਸਾਰੇ ਬਦਲ ਖੁੱਲ੍ਹੇ ਹਨ।’’ ਉਨ੍ਹਾਂ ਕਿਹਾ ਕਿ ਆਰ.ਜੇ.ਡੀ. ਨੇ ਝਾਰਖੰਡ ’ਚ ਘੱਟੋ ਘੱਟ 15 ਤੋਂ 18 ਸੀਟਾਂ ਦੀ ਪਛਾਣ ਕੀਤੀ ਹੈ ਜਿੱਥੇ ਉਹ ਇਕੱਲੇ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾ ਸਕਦੀ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਰ.ਜੇ.ਡੀ. ਨੇ 7 ਸੀਟਾਂ ’ਤੇ ਚੋਣ ਲੜੀ ਸੀ, ਜਿਨ੍ਹਾਂ ’ਚੋਂ 5 ’ਚ ਉਹ ਦੂਜੇ ਨੰਬਰ ’ਤੇ ਰਹੀ ਸੀ।
ਝਾਰਖੰਡ ’ਚ ਵਿਧਾਨ ਸਭਾ ਚੋਣਾਂ ਦੋ ਪੜਾਵਾਂ ’ਚ 13 ਅਤੇ 20 ਨਵੰਬਰ ਨੂੰ ਹੋਣਗੀਆਂ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ।
ਇਸ ਤੋਂ ਪਹਿਲਾਂ ਸੋਰੇਨ ਨੇ ਗਠਜੋੜ ਭਾਈਵਾਲਾਂ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਵਿਰੋਧੀ ਗਠਜੋੜ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਝਾਰਖੰਡ ਵਿਧਾਨ ਸਭਾ ਚੋਣਾਂ ਇਕੱਠੇ ਲੜੇਗਾ। ਉਨ੍ਹਾਂ ਕਿਹਾ, ‘‘ਸਹਿਯੋਗੀਆਂ ਨਾਲ ਸੀਟਾਂ ਦੀ ਵੰਡ ਦੀ ਗੱਲਬਾਤ ਦੌਰਾਨ ਇਹ ਫੈਸਲਾ ਲਿਆ ਗਿਆ ਕਿ ਕਾਂਗਰਸ ਅਤੇ ਜੇ.ਐਮ.ਐਮ. ਰਾਜ ਵਿਧਾਨ ਸਭਾ ਦੀਆਂ 81 ’ਚੋਂ 70 ਸੀਟਾਂ ’ਤੇ ਅਪਣੇ ਉਮੀਦਵਾਰ ਖੜ੍ਹੇ ਕਰਨਗੇ।’’