ਵੋਟਰਾਂ ਨੂੰ ਰਿਝਾਉਣ ਲਈ ਸੰਬਿਤ ਪਾਤਰਾ ਬਣੇ ਗਾਇਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸੰਬਿਤ ਪਾਤਰਾ ਨੇ 'ਤੂੰ ਮਿਲੇ ਦਿਲ ਖਿਲੇ' ਗੀਤ ਨੂੰ ਪਹਿਲਾਂ ਤੇਲੁਗੂ ਅਤੇ ਫਿਰ ਹਿੰਦੀ ਵਿਚ ਗਾ ਕੇ ਸੁਣਾਇਆ

BJP nominee Sambit Patra croons Telugu song to woo voters in Puri

ਪੁਰੀ : ਉਡੀਸ਼ਾ ਦੇ ਪੁਰੀ ਤੋਂ ਚੋਣ ਲੜ ਰਹੇ ਭਾਜਪਾ ਬੁਲਾਰੇ ਸੰਬਿਤ ਪਾਤਰਾ ਵੋਟਰਾਂ ਨੂੰ ਰਿਝਾਉਣ ਲਈ ਹਮੇਸ਼ਾ ਨਵੇਂ ਪ੍ਰਯੋਗ ਕਰ ਰਹੇ ਹਨ। ਭਾਜਪਾ ਇੱਥੇ ਬੀਜੂ ਜਨਤਾ ਦਲ ਨੂੰ ਕਰਾਰੀ ਟੱਕਰ ਦਿੰਦੀ ਦਿੱਸ ਰਹੀ ਹੈ। ਟੀ.ਵੀ. 'ਤੇ ਭਾਜਪਾ ਵਲੋਂ ਬਹਿਸ ਕਰਦੇ ਦਿੱਸਣ ਵਾਲੇ ਸੰਬਿਤ ਪਾਤਰਾ ਪ੍ਰਚਾਰ ਦੌਰਾਨ ਗਾਇਕੀ ਵੀ ਕਰਦੇ ਦਿਖਾਈ ਦਿਤੇ। 

ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੇ ਪੁਰੀ ਵਚ ਰਹਿਣ ਵਾਲੇ ਤੇਲੁਗੂ ਵੋਟਰਾਂ ਲਈ ਗੀਤ ਗਾਇਆ। ਸੰਬਿਤ ਪਾਤਰਾ ਨੇ 'ਤੂੰ ਮਿਲੇ ਦਿਲ ਖਿਲੇ' ਗੀਤ ਨੂੰ ਪਹਿਲਾਂ ਤੇਲੁਗੂ ਅਤੇ ਫਿਰ ਹਿੰਦੀ ਵਿਚ ਗਾ ਕੇ ਸੁਣਾਇਆ। ਪਾਤਰਾ ਨੇ ਖੁਦ ਇਸ ਦਾ ਵੀਡੀਉ ਵੀ ਟਵਿਟਰ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਲਿਖਿਆ,''ਪ੍ਰਚਾਰ ਦੌਰਾਨ ਮੈਂ ਉਨ੍ਹਾਂ ਦੀ ਮੰਗ 'ਤੇ ਇਕ ਪ੍ਰਸਿੱਧ ਤੇਲੁਗੂ ਗੀਤ ਗਾਇਆ। ਗੀਤ ਸੁਣ ਕੇ ਭੀੜ ਖੁਸ਼ ਹੋ ਗਈ। ਵਿਸ਼ਵਾਸ ਨਹੀਂ ਹੁੰਦਾ? ਇਸ ਨੂੰ ਜ਼ਰੂਰ ਦੇਖੋ। ਮੇਰੇ ਤੇਲੁਗੂ ਭਰਾਵਾਂ ਨੂੰ ਬਹੁਤ ਸਾਰਾ ਪਿਆਰ।'' 

ਸੰਬਿਤ ਦੇ ਇਸ ਵੀਡੀਉ ਨੂੰ ਹੁਣ ਤੱਕ 43 ਹਜ਼ਾਰ ਤੋਂ ਵਧ ਲੋਕ ਦੇਖ ਚੁਕੇ ਹਨ। 2 ਹਜ਼ਾਰ ਲੋਕਾਂ ਨੇ ਇਸ ਨੂੰ ਰੀ-ਟਵੀਟ ਅਤੇ 8 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪਾਤਰਾ ਅੱਜ ਕਲ ਪੁਰੀ ਵਿਚ ਪੂਰੇ ਜ਼ੋਰਾਂ 'ਤੇ ਪ੍ਰਚਾਰ ਕਰ ਰਹੇ ਹਨ। ਉਹ ਘਰ-ਘਰ ਜਾ ਕੇ ਲੋਕਾਂ ਤੋਂ ਵੋਟ ਮੰਗ ਰਹੇ ਹਨ। ਗ਼ਰੀਬਾਂ ਦੇ ਘਰ ਜਾ ਕੇ ਭੋਜਨ ਵੀ ਕਰਵਾ ਰਹੇ ਹਨ। ਅਪਣੇ ਟਵਿਟਰ ਹੈਂਡਲ 'ਤੇ ਉਨ੍ਹਾਂ ਨੇ ਕਈ ਵਾਰ ਇਸ ਨੂੰ ਸ਼ੇਅਰ ਵੀ ਕੀਤਾ ਹੈ। 

ਪੁਰੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਦੇ ਚੋਣ ਲੜਨ ਦੀ ਚਰਚਾ ਸੀ ਪਰ ਭਾਜਪਾ ਨੇ ਇਸ ਸੀਟ ਤੋਂ ਸੰਬਿਤ ਪਾਤਰਾ ਨੂੰ ਉਮੀਦਵਾਰ ਐਲਾਨ ਕਰ ਕੇ ਹੈਰਾਨ ਕੀਤਾ। ਪੂਰੀ ਸੀਟ 'ਤੇ ਤੀਜੇ ਗੇੜ ਅਧੀਨ 23 ਅਪ੍ਰੈਲ ਨੂੰ ਚੋਣਾਂ ਹੋਣਗੀਆਂ। ਇੱਥੋਂ ਬੀਜੂ ਜਨਤਾ ਦਲ ਨੇ ਪਿਨਾਕੀ ਮਿਸ਼ਰਾ ਅਤੇ ਕਾਂਗਰਸ ਨੇ ਸੱਤਿਆਪ੍ਰਕਾਸ਼ ਨਾਇਕ ਨੂੰ ਟਿਕਟ ਦਿਤਾ ਹੈ। ਉਡੀਸ਼ਾ ਵਿਚ ਲੋਕ ਸਭਾ ਦੀਆਂ ਕੁੱਲ 21 ਸੀਟਾਂ ਹਨ। 2014 ਵਿਚ ਬੀਜੇਡੀ ਨੇ 20 ਅਤੇ ਭਾਜਪਾ ਨੇ ਇਕ ਸੀਟ 'ਤੇ ਜਿੱਤ ਹਾਸਲ ਕੀਤੀ ਸੀ।