ਪੰਜਾਬ ਦੀ ਹਾਕਮ ਧਿਰ ਦੇ ਸੰਕਟ ਦੇ ਚਲਦੇ ਹੁਣ ਸੱਭ ਨਜ਼ਰਾਂ ਕਾਂਗਰਸ ਹਾਈ ਕਮਾਨ ’ਤੇ ਟਿਕੀਆਂ
ਹਾਈ ਕਮਾਨ ਦੇ ਦਖ਼ਲ ਬਾਅਦ ਫ਼ਿਲਹਾਲ ਨਰਾਜ਼ ਧੜੇ ਦੇ ਆਗੂਆਂ ਨੇ ਵੀ ਚੁੱਪੀ ਧਾਰੀ
ਚੰਡੀਗੜ੍ਹ, 19 ਮਈ (ਗੁਰਉਪਦੇਸ਼ ਭੁੱਲਰ): ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਦਿਤੇ ਫ਼ੈਸਲੇ ਤੋਂ ਬਾਅਦ ਬੇਅਦਬੀ ਤੇ ਗੋਲੀ ਕਾਂਡ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੀ ਹਾਕਮ ਪਾਰਟੀ ਤੇ ਸਰਕਾਰ ਅੰਦਰ ਛਿੜੇ ਆਪਸੀ ਘਮਾਸਾਣ ਵਿਚ ਹਾਈ ਕਮਾਨ ਦੇ ਦਖ਼ਲ ਤੋਂ ਬਾਅਦ ਨਾਰਾਜ਼ ਨੇਤਾਵਾਂ ਨੇ ਚੁੱਪ ਧਾਰ ਲਈ ਹੈ ਅਤੇ ਹੁਣ ਸੱਭ ਦੀਆਂ ਨਜ਼ਰਾਂ ਕਾਂਗਰਸ ਹਾਈ ਕਮਾਨ ਵੱਲ ਲੱਗ ਗਈਆਂ ਹਨ।
ਜ਼ਿਕਰਯੋਗ ਹੈ ਕਿ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਦੀ ਹਦਾਇਤ ਬਾਅਦ ਪਾਰਟੀ ਦੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਨਾਰਾਜ਼ ਕਾਂਗਰਸੀ ਆਗੂਆਂ ਨੂੰ ਲਗਾਤਾਰ ਫ਼ੋਨ ਕਰਨ ਬਾਅਦ ਫ਼ਿਲਹਾਲ ਮਾਮਲਾ ਸ਼ਾਂਤ ਰਿਹਾ। ਬੀਤੇ ਦਿਨੀਂ ਚਰਨਜੀਤ ਚੰਨੀ ਨੇ ਵੀ ਮਹਿਲਾ ਕਮਿਸ਼ਨ ਦੇ ਮੁੱਦੇ ਉਪਰ ਕੀਤੀ ਜਾਣ ਵਾਲੀ ਪ੍ਰੈਸ ਕਾਨਫ਼ਰੰਸ ਰਾਵਤ ਦੀ ਅਪੀਲ ਬਾਅਦ ਰੱਦ ਕਰ ਦਿਤੀ ਸੀ।
ਰਾਵਤ ਨੇ ਕੈਪਟਨ ਤੋਂ ਵੱਖ ਹੋ ਕੇ ਮੀਟਿੰਗਾਂ ਕਰ ਰਹੇ ਆਗੂਆਂ ਤੋਂ ਮਸਲੇ ਦੇ ਹੱਲ ਲਈ ਦੋ ਤਿੰਨ ਦਿਨ ਦਾ ਸਮਾਂ ਮੰਗਦਿਆਂ, ਵਖਰੀਆਂ ਸਰਗਰਮੀਆਂ ਰੋਕਣ ਲਈ ਕਿਹਾ ਸੀ। ਬੀਤੇ ਦਿਨੀਂ ਚੰਨੀ ਦੀ ਕੋਠੀ ਵਿਚ ਕੁੱਝ ਨੇਤਾ ਜਦ ਮੀਟਿੰਗ ਕਰ ਰਹੇ ਸਨ ਤਾਂ ਉਸ ਸਮੇਂ ਵੀ ਰਾਵਤ ਲਗਾਤਾਰ ਫ਼ੋਨ ’ਤੇ ਇਨ੍ਹਾਂ ਆਗੂਆਂ ਦੇ ਸੰਪਰਕ ਵਿਚ ਰਹੇ। ਪਤਾ ਲੱਗਾ ਹੈ ਕਿ ਹਾਈਕਮਾਨ ਤੋਂ ਕੋਈ ਸੁਨੇਹਾ ਲੈ ਕੇ ਰਾਵਤ ਚੰਡੀਗੜ੍ਹ ਪਹੁੰਚ ਸਕਦੇ ਹਨ।
ਇਸੇ ਦੌਰਾਨ ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਦਿੱਲੀ ਜਾ ਕੇ ਸੋਨੀਆ ਗਾਂਧੀ ਨੂੰ ਮਿਲਣ ਦੀ ਤਿਆਰੀ ਵਿਚ ਹਨ। ਇਸ ਕਰ ਕੇ ਆਉਣ ਵਾਲੇ ਦੋ ਤਿੰਨ ਦਿਨ ਪੰਜਾਬ ਕਾਂਗਰਸ ਲਈ ਅਹਿਮ ਮੰਨੇ ਜਾ ਰਹੇ ਹਨ।