ਸਿੱਖ ਆਗੂ ਨੂੰ ਪੰਜਾਬ ਭਾਜਪਾ ਪ੍ਰਧਾਨ ਬਣਾਉਣ ਦਾ ਮਾਮਲਾ ਟਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਭਾਜਪਾ ਦੇ ਸੀਨੀਅਰ ਕੌਮੀ ਨੇਤਾ ਨੇ ਸਿੱਖ ਆਗੂ ਨੂੰ ਪ੍ਰਧਾਨ ਬਣਾਉਣ ਦਾ ਸੁਝਾਅ ਦਿਤਾ, ਅਮਿਤ ਸ਼ਾਹ ਨੇ ਰੱਦ ਕੀਤਾ

File Photo

ਚੰਡੀਗੜ੍ਹ (ਐਸ.ਐਸ. ਬਰਾੜ): ਦਿੱਲੀ ਸਿੱਖ ਆਗੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਉਣ ਦਾ ਮਾਮਲਾ ਇਕ ਵਾਰ ਤਾਂ ਰੁਕ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਜਪਾ ਦੇ ਕੌਮੀ ਪੱਧਰ ਦੇ ਇਕ ਨੇਤਾ ਨੇ ਸੁਝਾਅ ਰਖਿਆ ਸੀ ਕਿ ਕਿਸੀ ਸਿੱਖ ਆਗੂ ਨੂੰ ਪੰਜਾਬ ਭਾਜਪਾ ਦਾ ਪ੍ਰਧਾਨ ਬਣਾਇਆ ਜਾਵੇ। ਇਸ ਨਾਲ ਪਾਰਟੀ ਪੰਜਾਬ ਵਿਚ ਅਪਣੇ ਬਲਬੂਤੇ ਖੜੀ ਹੋ ਸਕੇਗੀ ਅਤੇ ਕਾਂਗਰਸ ਦੀ ਥਾਂ ਲੈ ਸਕੇਗੀ।

ਅਸਲ ਵਿਚ ਪਾਰਟੀ ਇਸ ਨੀਤੀ ਉਪਰ ਪਿਛਲੇ ਡੇਢ ਸਾਲ ਤੋਂ ਕੰਮ ਕਰ ਰਹੀ ਸੀ। ਭਾਜਪਾ ਦੇ ਸੀਨੀਅਰ ਆਗੂ ਦਾ ਇਸ਼ਾਰਾ ਕਿਸੀ ਸੀਨੀਅਰ ਅਕਾਲੀ ਆਗੂ ਨੂੰ ਪ੍ਰਧਾਨ ਬਣਾਉਣ ਵੱਲ ਸੀ। ਸੁਝਾਅ ਦੇਣ ਵਾਲਾ ਭਾਜਪਾ ਆਗੂ ਹਾਈਕਮਾਨ ਵਿਚ ਬਹੁਤ ਅਹਿਮ ਸਥਾਨ ਰਖਦਾ ਹੈ। ਪ੍ਰੰਤੂ ਪਾਰਟੀ ਪ੍ਰਧਾਨ ਅਮਿਤ ਸ਼ਾਹ ਨੇ ਇਹ ਸੁਝਾਅ ਰੱਦ ਕਰ ਦਿਤਾ।

ਉਨ੍ਹਾਂ ਦਾ ਕਹਿਣਾ ਸੀ ਕਿ ਸਿੱਖਾਂ ਦੀ ਹਮਾਇਤ ਤਾਂ ਪਾਰਟੀ ਨੂੰ ਪਹਿਲਾਂ ਹੀ ਮਿਲ ਰਹੀ ਹੈ। ਇਹ ਕਦਮ ਚੁਕਣ ਨਾਲ ਜਿਥੇ ਅਕਾਲੀ ਦਲ-ਭਾਜਪਾ ਗਠਜੋੜ ਵਿਚ ਤਰੇੜਾਂ ਆਉਣਗੀਆਂ ਉਥੇ ਪੰਜਾਬ ਦਾ ਹਿੰਦੂ ਵੋਟਰ ਵੀ ਭਾਜਪਾ ਤੋਂ ਖਿਸਕ ਜਾਵੇਗਾ। ਇਸ ਤਰ੍ਹਾਂ ਪਾਰਟੀ ਹਾਈਕਮਾਨ ਵਲੋਂ ਕਿਸੀ ਸਿੱਖ ਆਗੂ ਨੂੰ ਪ੍ਰਧਾਨ ਬਣਾਉਣ ਦਾ ਮਾਮਲਾ ਇਕ ਵਾਰ ਤਾਂ ਰੱਦ ਕਰ ਦਿਤਾ ਹੈ। ਪ੍ਰੰਤੂ ਆਉਣ ਵਾਲੇ ਸਮੇਂ ਵਿਚ ਕੀ ਹੋਵੇਗਾ, ਇਹ ਤਾਂ ਸਮਾਂ ਹੀ ਦਸੇਗਾ।

ਭਾਜਪਾ ਹਾਈਕਮਾਨ ਦੇ ਇਸ ਫ਼ੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਵੱਡੀ ਰਾਹਤ ਮਹਿਸੂਸ ਕੀਤੀ ਹੈ। ਅਕਾਲੀ ਦਲ ਦੀ ਲੀਡਰਸ਼ਿਪ ਵਿਚ ਇਹ ਸ਼ੰਕੇ ਵੀ ਉਤਪੰਨ ਹੋ ਰਹੇ ਸਨ ਕਿ ਭਾਜਪਾ ਹਾਈਕਮਾਨ ਅਕਾਲੀ ਦਲ ਦੇ ਸੀਨੀਅਰ ਆਗੂਆਂ ਨੂੰ ਤੋੜਨ ਦੇ ਚੱਕਰ ਵਿਚ ਹੈ। ਬੇਸ਼ਕ ਅਜੇ ਤਕ ਇਸ ਦਾ ਸਬੂਤ ਨਹੀਂ ਸੀ ਮਿਲਿਆ।

ਅਕਾਲੀ ਦਲ ਦੇ ਸ਼ੰਕੇ ਉਸ ਸਮੇਂ ਵਧਣ ਲੱਗੇ ਜਦ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਵਿਸ਼ਵਾਸ ਵਿਚ ਲਏ ਬਗ਼ੈਰ ਭਾਜਪਾ ਨੇ ਉਸ ਦੇ ਦੋ ਆਗੂਆਂ ਨੂੰ ਸਨਮਾਨਤ ਕੀਤਾ। ਉਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਰਾਜ ਵਿਚ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਸਬੰਧੀ ਬਿਆਨਬਾਜ਼ੀ ਵੀ ਕਰਨ ਲੱਗੇ ਸਨ। ਪੰਜਾਬ ਭਾਜਪਾ ਨੇ ਅਕਾਲੀ ਦਲ ਦੇ ਗੜ੍ਹ ਇਲਾਕਿਆਂ ਵਿਚ ਭਰਤੀ ਦਾ ਕੰਮ ਵੀ ਆਰੰਭਿਆ ਅਤੇ ਸਥਾਨਕ ਅਕਾਲੀ ਆਗੂਆਂ ਨਾਲ ਖਿੱਚੋਤਾਣ ਵੀ ਵਧੀ।

ਫਿਰ ਅਕਾਲੀ ਦਲ ਨੇ ਭਾਜਪਾ ਦੇ ਹਲਕਿਆਂ ਵਿਚ ਪਾਰਟੀ ਦੀ ਭਰਤੀ ਲਈ ਵਿਸ਼ੇਸ਼ ਮੁਹਿੰਮ ਵਿੱਢੀ ਅਤੇ ਭਰਤੀ ਕੀਤੀ। ਪ੍ਰੰਤੂ ਕੁੱਝ ਰਾਜਾਂ ਦੀਆਂ ਚੋਣਾਂ ਵਿਚ ਭਾਜਪਾ ਨੂੰ ਲੰਮੇ ਝਟਕੇ ਨੇ ਸਾਰੇ ਹਾਲਾਤ ਬਦਲ ਦਿਤੇ। ਖ਼ਾਸ ਕਰ ਕੇ ਹਰਿਆਣਾ ਅਤੇ ਮਹਾਰਾਸ਼ਟਰ ਵਿਚ ਪਾਰਟੀ ਦੀ ਕਾਰਗੁਜ਼ਾਰੀ ਮਾੜੀ ਰਹਿਣ ਕਾਰਨ ਭਾਜਪਾ ਨੇ ਅਕਾਲੀ ਦਲ ਨੂੰ ਨਰਾਜ਼ ਕਰਨ ਦਾ ਜ਼ੋਖਮ ਨਾ ਲੈਣ ਦਾ ਫ਼ੈਸਲਾ ਕਰ ਲਿਆ।