ਸਿੱਧੂ ਦੇ ਵੱਧ ਰਹੇ ਪ੍ਰਭਾਵ ਤੋਂ ਡਰਦੇ ਹਾਲ ਦੀ ਘੜੀ ਭਾਜਪਾਈ ਬਾਦਲਾਂ ਦੇ ਘਰ ਪੁੱਜੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਧੂ, ਢੀਂਡਸਾ ਤੇ ਟਕਸਾਲੀਆਂ ਦੀ ਸਾਂਝ ਦਾ ਮੁਕਾਬਲਾ ਕਰਨਾ ਰਵਾਇਤੀ ਪਾਰਟੀਆਂ ਲਈ ਔਖਾ ਹੁੰਦਾ ਜਾ ਰਿਹੈ

Photo

ਅੰਮ੍ਰਿਤਸਰ : ਦਿੱਲੀ ਚੋਣ ਨਤੀਜਿਆਂ ਮਗਰੋਂ ਪੰਜਾਬ ਦੀ ਸਿਆਸਤ ਵਿਚ ਨਵਾਂ ਮੋੜ ਆਇਆ ਹੈ ਅਤੇ ਇਕਦਮ ਅੰਦਰੂਨੀ ਤੇ ਬਾਹਰੀ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸ ਵੇਲੇ ਪੰਜਾਬ ਦੇ ਰਾਜਨੀਤਿਕ ਮੰਚ 'ਤੇ ਸੱਭ ਤੋਂ ਜ਼ਿਆਦਾ ਚਰਚਾ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ  ਦੀ  ਸਰਕਾਰੇ-ਦਰਬਾਰੇ ਅਤੇ ਲੋਕਾਂ ਵਿਚ ਹੈ।

ਪ੍ਰਕਾਸ਼ ਸਿੰਘ ਬਾਦਲ ਪ੍ਰਵਾਰ ਵਿਰੁਧ ਡਟੇ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਦੀ ਪੰਥਕ ਸਫ਼ਾਂ ਵਿਚ ਚਰਚਾ ਹੈ। ਕੈਪਟਨ ਵਜ਼ਾਰਤ ਤੋਂ ਅਸਤੀਫ਼ਾ ਦੇਣ ਮਗਰੋਂ ਨਵਜੋਤ ਸਿੰਘ ਸਿੱਧੂ ਪਿਛਲੇ 6 ਮਹੀਨਿਆਂ ਤੋਂ ਘਰ ਬੈਠੇ ਹਨ, ਜਿਥੇ ਉਨ੍ਹਾਂ ਦੇ ਹਿਮਾਇਤੀ ਅਤੇ ਹੋਰ ਰਾਜਨੀਤੀਵਾਨ ਅਕਸਰ ਮਿਲਦੇ  ਹਨ।

ਦਿੱਲੀ ਚੋਣ ਨਤੀਜਿਆਂ ਨੇ ਘਰ ਬੈਠੇ ਨਵਜੋਤ ਸਿੰਘ ਸਿੱਧੂ ਨੂੰ ਇਕਦਮ ਹੀਰੋ ਬਣਾ ਦਿਤਾ ਹੈ, ਜਿਨ੍ਹਾਂ ਨੇ ਕਾਂਗਰਸ ਦੇ ਸਟਾਰ ਪ੍ਰਚਾਰਕ ਵਜੋਂ ਦਿੱਲੀ ਚੋਣਾਂ ਵਿਚ ਪ੍ਰਚਾਰ ਕਰਨ ਦੀ ਥਾਂ ਦੂਰੀ ਬਣਾ ਕੇ ਰੱਖੀ। ਨਵਜੋਤ ਸਿੰਘ ਸਿੱਧੂ ਦੇ  ਵੱਧ ਰਹੇ ਸਿਆਸੀ ਪ੍ਰਭਾਵ ਕਾਰਨ ਹੀ ਭਾਜਪਾ ਨੇ ਹਾਲ ਦੀ ਘੜੀ ਰਣਨੀਤੀ ਬਦਲਦਿਆਂ ਅਪਣੇ ਕੌਮੀ ਪ੍ਰਧਾਨ ਜੇਪੀ ਨੱਢਾ ਨੂੰ ਵੱਡੇ ਬਾਦਲ ਕੋਲ ਉਨਾ ਦਾ ਗੁੱਸਾ ਠੰਡਾ ਕਰਨ ਲਈ ਭੇਜਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਮੀਡੀਆ ਤੋਂ ਭਾਂਵੇਂ ਦੂਰੀ ਬਣਾ ਕੇ ਰੱਖੀ ਹੈ ਪਰ ਉਹ ਢੁਕਵੇਂ ਮੌਕੇ ਦੀ ਭਾਲ ਵਿਚ ਹਨ।ਇਸ ਵੇਲੇ ਸਿੱਧੂ ਬਾਦਲ ਵਿਰੋਧੀਆਂ, ਆਮ ਆਦਮੀ ਪਾਰਟੀ ਅਤੇ ਆਪਣੀ ਪਾਰਟੀ ਕਾਂਗਰਸ ਦੇ ਵੱਡੇ ਗਰੁਪ ਦੇ ਸੰਪਰਕ ਵਿਚ ਹਨ। ਪਰਮਿੰਦਰ ਸਿੰਘ ਢੀਂਡਸਾ ਸਾਬਕਾ ਮੰਤਰੀ ਵਲੋਂ ਸਿੱਧੂ ਦੀ ਕੀਤੀ ਗਈ ਤਾਰੀਫ਼ ਨੂੰ ਬੜੀ ਗੰਭੀਰਤਾ ਨਾਲ ਸਿਆਸੀ ਹਲਕੇ ਲੈ ਰਹੇ ਹਨ।  

ਸਿਆਸੀ ਹਲਕੇ ਇਹ ਮੰਨ ਕੇ ਚਲ ਰਹੇ ਹਨ ਕਿ ਕਾਂਗਰਸ,ਬਾਦਲ ਵਿਰੋਧੀਆਂ, ਆਮ ਆਦਮੀਂ ਪਾਰਟੀ ਸਮੇਤ ਪੰਜਾਬ ਦੀ ਸਮੁਚੀ ਵਿਰੋਧੀ ਧਿਰ ਕੋਲ ਕੇਵਲ ਨਵਜੋਤ ਸਿੰਘ ਸਿੱਧੂ ਹੀ ਇਕੋ-ਇਕ ਬੇਹੱਦ ਪ੍ਰਭਾਵਸ਼ਾਲੀ ਬੁਲਾਰਾ ਹੈ ਜਿਸ ਤੇ ਲੋਕ ਇਤਬਾਰ ਕਰਨ ਦੇ ਨਾਲ-ਨਾਲ ਉਸ ਦੀ ਗਲ ਸੁਣਨ ਨੂੰ ਤਿਆਰ ਹਨ ।

ਸਿਆਸੀ ਹਲਕਿਆਂ ਮੁਤਾਬਕ ਨਵਜੋਤ ਸਿੰਘ ਸਿੱਧੂ ਸਿਰੇ ਦਾ ਇਮਾਨਦਾਰ,ਲੋਕਾਂ ਦਾ ਦਰਦ ਜਾਨਣ ਤੇ ਦੂਰ ਕਰਨ ਲਈ ਬੇਚੈਨ,ਜਾਗਦੀ ਜਮੀਰ ਵਾਲਾ,ਅਣਖ ਤੇ ਵਾਅਦੇ ਦਾ ਪੱਕਾ, ਪੰਜਾਬ ਅਤੇ ਲੋਕਾਂ ਨਾਲ ਖੜਨ ਲਈ ਰਾਜ-ਸਭਾ ਤੇ ਵਜਾਰਤੀ ਸੁੱਖ ਦਾ ਤਿਆਗ ਕਰਕੇ ਘਰ ਬੈਠਣ ਵਾਲਾ  ਹੈ। ਉਸ ਵਿਚ ਗੁਰੂ ਘਰ ਪ੍ਰਤੀ ਅਥਾਹ ਸ਼ਰਧਾ ਕੁੱਟ-ਕੁੱਟ ਕੇ ਭਰੀ  ਹੈ।

ਕਰਤਾਰਪੁਰ ਲਾਂਘੇ ਦੇ ਹੀਰੋ ਵਜੋਂ ਉਭਰੇ ਨਵਜੋਤ ਸਿੰਘ ਸਿੱਧੂ ਦੀ ਕਦਰ ਸਿੱਖ ਕੌਮ ਅਤੇ ਘੱਟ ਗਿਣਤੀਆਂ ਵਿਚ ਵੀ ਚੋਖੀ ਵਧੀ ਹੈ। ਦੂਸਰੇ ਪਾਸੇ ਸੁਖਦੇਵ ਸਿੰਘ ਢੀਂਡਸਾ ਪੰਥਕ ਹਿਤਾਂ ਵਾਸਤੇ ਮੈਦਾਨ ਚ ਆਏ ਹਨ ਕਿ ਉਹ ਹੁਣ ਚੋਣ ਲੜਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸੀ੍ਰ ਅਕਾਲ ਤਖਤ ਸਾਹਿਬ ਦੀ ਅਜ਼ਾਦ ਹੋਂਦ ਮੁੜ ਬਰਕਰਾਰ ਕਰਵਾਉਣ ਲਈ ਦਿਨ-ਰਾਤ ਇਕ ਕਰਨਗੇ।

ਚਰਚਾ ਦਾ ਬਜਾਰ ਗਰਮ ਹੈ ਕਿ ਇਸ ਵੇਲੇ ਸਿਆਸਤਦਾਨਾਂ ਦੇ ਲਾਰਿਆਂ ਤੋਂ ਲੋਕ ਥੱਕ ਚੁੱਕੇ ਹਨ। ਬੇਰੁਜਗਾਰੀ, ਮਹਿੰਗਾਈ, ਕਿਸਾਨੀ ਖੁਦਕੁਸ਼ੀਆਂ, ਕਿਸਾਨੀ ਕਰਜ਼ਾ, ,ਬਰੇਨ-ਡਰੇਨ ਹੋ ਰਹੀ ਹੈ। ਡਰੱਗਜ਼ ਦੀ ਵਰਤੋਂ ਘੱਟਣ ਦੀ ਥਾਂ ਵਧੀ ਹੈ ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀ ਅਜੇ ਤੱਕ ਫੜੇ ਨਹੀ ਗਏ।