ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਦਿੱਲੀ 'ਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਰਾਜਨੀਤੀ

ਕੇਂਦਰ ਨਾਲ ਵਿਵਾਦ 'ਚ 'ਆਪ' ਸਰਕਾਰ ਨੂੰ ਸਮਰਥਨ ਦਾ ਦਿਤਾ ਭਰੋਸਾ

Bihar Chief Minister Nitish Kumar met Arvind Kejriwal in Delhi

ਕਿਹਾ, ਕੇਜਰੀਵਾਲ ਕਰ ਰਹੇ ਹਨ ਦਿੱਲੀ ਵਿਚ ਚੰਗਾ ਕੰਮ, ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ

ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਰਨਾਟਕ ਵਿਚ ਕਾਂਗਰਸ ਦੀ ਅਗਵਾਈ ਵਾਲੀ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਐਤਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਰਾਸ਼ਟਰੀ ਰਾਜਧਾਨੀ ਵਿਚ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ।

ਨਿਤੀਸ਼ ਕੁਮਾਰ ਨੇ ਪ੍ਰਸ਼ਾਸਨਿਕ ਸੇਵਾਵਾਂ 'ਤੇ ਨਿਯੰਤਰਣ ਦੇ ਮੁੱਦੇ 'ਤੇ ਕੇਂਦਰ ਨਾਲ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪਣੇ ਪੂਰਣ ਸਮਰਥਨ ਦਾ ਭਰੋਸਾ ਦਿਵਾਇਆ। ਇਸ ਦੌਰਾਨ ਬਿਹਾਰ ਦੇ ਉਪ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਨੇਤਾ ਤੇਜਸਵੀ ਯਾਦਵ ਵੀ ਉਨ੍ਹਾਂ ਦੇ ਨਾਲ ਸਨ।

ਕੇਂਦਰ ਨੇ ਸ਼ੁੱਕਰਵਾਰ ਨੂੰ ਦਿੱਲੀ ਵਿਚ ਗਰੁੱਪ-ਏ ਅਧਿਕਾਰੀਆਂ ਦੇ ਤਬਾਦਲੇ ਅਤੇ ਤਾਇਨਾਤੀ ਲਈ ਇਕ ਅਥਾਰਟੀ ਸਥਾਪਤ ਕਰਨ ਲਈ ਇਕ ਆਰਡੀਨੈਂਸ ਜਾਰੀ ਕੀਤਾ। ਕੇਂਦਰ ਦਾ ਆਰਡੀਨੈਂਸ ਦਿੱਲੀ ਦੀ ਚੁਣੀ ਹੋਈ ਸਰਕਾਰ ਨੂੰ ਪੁਲਿਸ, ਪਬਲਿਕ ਆਰਡਰ ਅਤੇ ਜ਼ਮੀਨੀ ਮਾਮਲਿਆਂ ਤੋਂ ਇਲਾਵਾ ਹੋਰ ਸੇਵਾਵਾਂ ਦਾ ਨਿਯੰਤਰਣ ਦੇਣ ਦੇ ਸੁਪ੍ਰੀਮ ਕੋਰਟ ਦੇ ਫ਼ੈਸਲੇ ਤੋਂ ਇਕ ਹਫ਼ਤੇ ਬਾਅਦ ਆਇਆ ਹੈ।

ਮੀਟਿੰਗ ਤੋਂ ਬਾਅਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਨਿੱਜੀ ਤੌਰ 'ਤੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਮੁਖੀਆਂ ਨੂੰ ਮਿਲ ਕੇ ਇਸ ਮਾਮਲੇ 'ਚ ਉਨ੍ਹਾਂ ਦਾ ਸਮਰਥਨ ਲੈਣਗੇ, ਤਾਂ ਜੋ ਕੇਂਦਰ ਵਲੋਂ ਆਰਡੀਨੈਂਸ ਨੂੰ ਬਦਲਣ ਲਈ ਲਿਆਂਦਾ ਗਿਆ ਕੋਈ ਵੀ ਬਿੱਲ ਰਾਜ ਸਭਾ 'ਚ ਪਾਸ ਨਾ ਹੋ ਸਕੇ।

ਕੇਜਰੀਵਾਲ ਨੇ ਕਿਹਾ, ''ਪਰਸੋਂ (ਮੰਗਲਵਾਰ) ਮੈਂ ਕੋਲਕਾਤਾ 'ਚ ਦੁਪਹਿਰ 3 ਵਜੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੁਲਾਕਾਤ ਕਰਾਂਗਾ। ਇਸ ਤੋਂ ਬਾਅਦ ਮੈਂ ਹਰ ਪਾਰਟੀ ਦੇ ਪ੍ਰਧਾਨ ਨੂੰ ਮਿਲਾਂਗਾ ਅਤੇ ਇਸ ਮਾਮਲੇ ਵਿਚ ਉਨ੍ਹਾਂ ਦਾ ਰਸਮੀ ਸਮਰਥਨ ਮੰਗਾਂਗਾ ਤਾਂ ਜੋ ਆਰਡੀਨੈਂਸ ਦੀ ਥਾਂ ਲੈਣ ਵਾਲੇ ਕਿਸੇ ਵੀ ਬਿੱਲ ਨੂੰ ਰਾਜ ਸਭਾ ਵਿਚ ਪਾਸ ਹੋਣ ਤੋਂ ਰੋਕਿਆ ਜਾ ਸਕੇ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, "ਮੈਂ ਨਿਤੀਸ਼ ਕੁਮਾਰ ਜੀ ਨੂੰ ਵੀ ਇਸ ਸਬੰਧ ਵਿਚ ਸਾਰੀਆਂ (ਵਿਰੋਧੀ) ਪਾਰਟੀਆਂ ਨਾਲ ਗੱਲ ਕਰਨ ਦੀ ਬੇਨਤੀ ਕੀਤੀ ਹੈ।"

ਇਹ ਵੀ ਪੜ੍ਹੋ: ਨਹਿਰ 'ਚ ਡੁੱਬੇ ਤਿੰਨ ਨੌਜੁਆਨ, ਇਕ ਦੀ ਮੌਤ ਤੇ ਦੋ ਨੂੰ ਬਚਾਇਆ

ਮਹੱਤਵਪੂਰਨ ਗੱਲ ਇਹ ਹੈ ਕਿ ਇਕ ਆਰਡੀਨੈਂਸ ਨੂੰ ਛੇ ਮਹੀਨਿਆਂ ਦੇ ਅੰਦਰ ਸੰਸਦ ਦੁਆਰਾ ਮਨਜ਼ੂਰੀ ਦਿਤੀ ਜਾਣੀ ਚਾਹੀਦੀ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਰਾਜ ਸਭਾ 'ਚ ਬਿੱਲ ਪਾਸ ਨਹੀਂ ਹੋਇਆ ਤਾਂ ਇਹ ਸੰਦੇਸ਼ ਜਾਵੇਗਾ ਕਿ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਹਾਰ ਜਾਵੇਗੀ।

'ਆਪ' ਦੇ ਕੌਮੀ ਕਨਵੀਨਰ ਨੇ ਪੱਤਰਕਾਰਾਂ ਨੂੰ ਕਿਹਾ, "ਇਹ 2024 ਦੀਆਂ ਲੋਕ ਸਭਾ ਚੋਣਾਂ ਦਾ ਸੈਮੀਫ਼ਾਈਨਲ ਹੋਵੇਗਾ।" ਇਸ ਦੇ ਨਾਲ ਹੀ ਨਿਤੀਸ਼ ਕੁਮਾਰ ਨੇ ਮਾਮਲੇ 'ਚ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਆਰਡੀਨੈਂਸ ਲਿਆਉਣ ਲਈ ਕੇਂਦਰ ਦੀ ਆਲੋਚਨਾ ਕੀਤੀ।

ਜਨਤਾ ਦਲ (ਯੂਨਾਈਟਿਡ) ਦੇ ਨੇਤਾ ਨੇ ਕਿਹਾ, ''ਤੁਸੀਂ ਚੁਣੀ ਹੋਈ ਸਰਕਾਰ ਦੀ ਸ਼ਕਤੀ ਕਿਵੇਂ ਖੋਹ ਸਕਦੇ ਹੋ। ਸੰਵਿਧਾਨ ਦਾ ਅਧਿਐਨ ਕਰੋ ਅਤੇ ਦੇਖੋ ਕਿ ਕੀ ਸਹੀ ਹੈ। ਉਹ (ਕੇਜਰੀਵਾਲ) ਜੋ ਵੀ ਕਹਿ ਰਹੇ ਹਨ, ਉਹ ਸਹੀ ਹੈ। ਅਸੀਂ ਪੂਰੀ ਤਰ੍ਹਾਂ ਉਨ੍ਹਾਂ ਦੇ ਨਾਲ ਹਾਂ। ਕੁਮਾਰ ਨੇ ਕਿਹਾ ਕਿ ਕੇਜਰੀਵਾਲ ਦਿੱਲੀ ਵਿਚ ਚੰਗਾ ਕੰਮ ਕਰ ਰਹੇ ਹਨ ਅਤੇ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਦੀ ਸਰਕਾਰ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਸ ਲਈ ਅਸੀਂ ਕਹਿ ਰਹੇ ਹਾਂ ਕਿ ਦੇਸ਼ ਦੀਆਂ ਸਾਰੀਆਂ (ਵਿਰੋਧੀ ਪਾਰਟੀਆਂ) ਨੂੰ ਇਕੱਠੇ ਹੋਣਾ ਚਾਹੀਦਾ ਹੈ।

ਬਿਹਾਰ ਦੇ ਮੁੱਖ ਮੰਤਰੀ ਨੇ ਭਰੋਸਾ ਦਿਤਾ ਕਿ ਉਹ ਕੇਜਰੀਵਾਲ ਦੇ ਸਮਰਥਨ ਵਿਚ ਵਿਰੋਧੀ ਪਾਰਟੀਆਂ ਨੂੰ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰਨਗੇ। “ਅਸੀਂ ਹੋਰ ਮੀਟਿੰਗਾਂ ਕਰਾਂਗੇ ਅਤੇ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਵਿਰੋਧੀ ਪਾਰਟੀਆਂ ਇਕੱਠੇ ਹੋਣ ਅਤੇ ਕਾਨੂੰਨਾਂ ਦੀ ਪਾਲਣਾ ਕਰਨ ਅਤੇ ਦੇਸ਼ ਵਿਚ ਸਦਭਾਵਨਾ ਅਤੇ ਭਾਈਚਾਰਾ ਕਾਇਮ ਰੱਖਣ ਦੀ ਮੰਗ ਕਰਨ ਲਈ ਦੇਸ਼ ਵਿਆਪੀ ਮੁਹਿੰਮ ਸ਼ੁਰੂ ਕਰਨ।

ਉਨ੍ਹਾਂ ਕਿਹਾ, ‘‘ਲੋਕਾਂ ਵਿਚ ਟਕਰਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜਿਹੀਆਂ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਹਨ। ਇਕ ਸਵਾਲ ਦੇ ਜਵਾਬ 'ਚ ਨਿਤੀਸ਼ ਕੁਮਾਰ ਨੇ ਕਿਹਾ ਕਿ ਉਹ ਆਰਡੀਨੈਂਸ ਦੇ ਮੁੱਦੇ 'ਤੇ ਕਾਂਗਰਸ ਲੀਡਰਸ਼ਿਪ ਨਾਲ ਵੀ ਗੱਲ ਕਰਨਗੇ। ਉਨ੍ਹਾਂ ਕਿਹਾ, “ਮੈਨੂੰ ਨਹੀਂ ਲੱਗਦਾ ਕਿ ਕੋਈ ਇਸ ਦਾ ਵਿਰੋਧ ਕਰੇਗਾ (ਕੇਜਰੀਵਾਲ ਦਾ ਸਮਰਥਨ ਕਰਨਾ)। ਅਸੀਂ ਉਨ੍ਹਾਂ (ਕਾਂਗਰਸ) ਨਾਲ ਗੱਲ ਕਰਾਂਗੇ।''

ਕੇਜਰੀਵਾਲ ਨੂੰ ਅਪਣੀ ਪਾਰਟੀ ਦਾ ਸਮਰਥਨ ਦਿੰਦੇ ਹੋਏ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਦੋਸ਼ ਲਗਾਇਆ ਕਿ ਕੇਂਦਰ ਵੱਖ-ਵੱਖ ਰਾਜਾਂ ਵਿਚ ਗ਼ੈਰ-ਭਾਜਪਾ ਸਰਕਾਰਾਂ ਨੂੰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ। ਯਾਦਵ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਦਿੱਲੀ ਦੀ ਕੇਜਰੀਵਾਲ ਸਰਕਾਰ ਅਤੇ ਵੱਖ-ਵੱਖ ਰਾਜਾਂ ਵਿਚ ਹੋਰ ਪਾਰਟੀਆਂ ਦੀਆਂ ਸਰਕਾਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ, ਉਹ ਬਿਲਕੁਲ ਵੀ ਜਾਇਜ਼ ਨਹੀਂ ਹੈ।

ਕੇਜਰੀਵਾਲ ਉਨ੍ਹਾਂ ਗ਼ੈਰ-ਭਾਜਪਾ ਮੁੱਖ ਮੰਤਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਕਰਨਾਟਕ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇ ਸੱਦਾ ਨਹੀਂ ਦਿਤਾ ਸੀ। ਇਸ ਸਮਾਗਮ ਨੂੰ ਵਿਰੋਧੀ ਪਾਰਟੀਆਂ ਵੱਲੋ ਵੀ ਵਿਰੋਧੀ ਇਕਜੁੱਟਤਾ ਦੇ ਪ੍ਰਦਰਸ਼ਨ ਵਜੋਂ ਦੇਖਿਆ ਗਿਆ।

ਨਿਤੀਸ਼ ਨੇ 2024 ਦੀਆਂ ਲੋਕ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਵਿਚ ਏਕਤਾ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਪਿਛਲੇ ਕਰੀਬ ਇਕ ਮਹੀਨੇ ਵਿੱਚ ਨਿਤੀਸ਼ ਅਤੇ ਕੇਜਰੀਵਾਲ ਵਿਚਾਲੇ ਇਹ ਦੂਜੀ ਮੁਲਾਕਾਤ ਹੈ।