ਫ਼ਰਜ਼ੀ ਨਤੀਜੇ ਦੇ ਕੇ ਵਿਦਿਆਰਥੀਆਂ ਨੂੰ ਧੋਖਾ ਦੇ ਰਹੀ ਹੈ ਸਰਕਾਰ : ਹਰਪਾਲ ਚੀਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮਾਮਲਾ 10ਵੀਂ ਦੇ ਨਤੀਜੇ ਵਧਾ-ਚੜ੍ਹਾ ਕੇ ਐਲਾਨੇ ਜਾਣ ਦਾ

Government is cheating students and parents by giving fake results : Harpal Cheema

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਸਾਲ 2018-19 ਅਤੇ ਸਾਲ 2017-18 'ਚ 10ਵੀਂ ਜਮਾਤ ਦੇ ਨਤੀਜਿਆਂ 'ਚ ਪਾਸ ਪ੍ਰਤੀਸ਼ਤਤਾ ਫ਼ਰਜ਼ੀਵਾੜੇ ਨਾਲ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਅਣਕਿਆਸੀ ਫ਼ਰਜ਼ੀਵਾੜੇ ਨੂੰ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਅਤੇ ਮਾਪਿਆਂ ਨਾਲ ਧੋਖਾ ਕਰਾਰ ਦਿਤਾ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਸਿਰਫ਼ ਅਪਣੇ ਚੋਣ ਵਾਅਦਿਆਂ ਤੋਂ ਹੀ ਨਹੀਂ ਮੁੱਕਰੀ, ਸਗੋਂ ਪੰਜਾਬ ਦੇ ਲੋਕਾਂ ਨੂੰ ਝੂਠੀਆਂ ਤਸੱਲੀਆਂ ਦੇ ਕੇ ਸ਼ਰੇਆਮ ਮੂਰਖ ਬਣਾਉਣ 'ਤੇ ਤੁਲੀ ਹੋਈ ਹੈ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ ਪਿਛਲੇ  ਦੇ ਸਾਲਾਂ ਦੇ ਨਤੀਜੇ ਦਸਤਾਵੇਜ਼ੀ ਸਬੂਤਾਂ ਨਾਲ ਸਾਬਤ ਕਰਦੇ ਹਨ ਕਿ ਫੋਕੀ ਵਾਹ-ਵਾਹ ਖੱਟਣ ਲਈ ਸਰਕਾਰ ਭਵਿੱਖ ਦੀ ਪੀੜੀ ਦੀ ਬੌਧਿਕ ਪੱਧਰ ਨਾਲ ਵੀ ਖਿਲਵਾੜ ਕਰ ਸਕਦੀ ਹੈ। 

ਆਰਟੀਆਈ ਅਤੇ ਮੀਡੀਆ ਰੀਪੋਰਟਾਂ ਦੇ ਹਵਾਲੇ ਨਾਲ ਚੀਮਾ ਨੇ ਦਸਿਆ ਕਿ ਸਾਲ 2017-18 'ਚ ਦਸਵੀਂ ਦਾ ਅਸਲ ਨਤੀਜਾ 46.29 ਪ੍ਰਤੀਸ਼ਤ ਸੀ, ਜਿਸ ਨੂੰ ਮਾਰਕਸ ਮੋਡਰੇਸ਼ਨ ਪਾਲਿਸੀ (ਐਮਐਮਪੀ) ਦੇ ਨਾਂ 'ਤੇ ਫ਼ਰਜ਼ੀਵਾੜੇ ਰਾਹੀਂ ਇਸ ਨਤੀਜੇ ਨੂੰ 62.10 ਪ੍ਰਤੀਸ਼ਤ ਦਿਖਾਇਆ ਗਿਆ। ਜਦਕਿ ਇਸ ਸਾਲ 2018-19 ਦਾ 85.56 ਪ੍ਰਤੀਸ਼ਤ ਐਲਾਨ ਕੇ ਸਰਕਾਰੀ ਸਕੂਲ ਸਿਖਿਆ ਦੇ ਖੇਤਰ 'ਚ ਵੱਡਾ ਸੁਧਾਰ ਕਰਨ ਦੇ ਨਾਮ 'ਤੇ ਫੋਕੀ ਵਾਹ-ਵਾਹ ਲੈਣ ਦੀ ਕੋਸ਼ਿਸ਼ ਕੀਤੀ ਗਈ, ਜਦਕਿ ਅਸਲੀਅਤ 'ਚ ਇਹ ਨਤੀਜਾ 76.49 ਪ੍ਰਤੀਸ਼ਤ ਸੀ। 

ਇਹੋ ਫ਼ਰਜ਼ੀ ਵਾੜਾ ਪਿਛਲੀ ਬਾਦਲ ਸਰਕਾਰ 'ਚ ਹੁੰਦਾ ਰਿਹਾ, ਉਦੋਂ 2015-16 'ਚ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 25 ਤੋਂ 30 ਗਰੇਸ ਮਾਰਕਸ (ਨੰਬਰ) ਦੇ ਕੇ ਮਹਿਜ਼ 54 ਪ੍ਰਤੀਸ਼ਤ ਅਸਲ ਨੰਬਰਾਂ ਨੂੰ 76.77 ਪ੍ਰਤੀਸ਼ਤ ਕਰ ਦਿਖਾਇਆ ਸੀ। ਚੀਮਾ ਨੇ ਕਿਹਾ ਕਿ ਇਸ ਫ਼ਰਜ਼ੀ ਵਾੜੇ 'ਚ ਸ਼ਾਮਲ ਸਿਖਿਆ ਮੰਤਰੀ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੇ ਚੇਅਰਮੈਨ ਤੋਂ ਅਸਤੀਫ਼ਾ ਲਿਆ ਜਾਵੇ ਅਤੇ ਇਸ ਪੂਰੇ ਮਾਮਲੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਸਮਾਂਬੱਧ ਜਾਂਚ ਕਰਵਾ ਕੇ ਦੋਸ਼ੀ ਅਫ਼ਸਰਾਂ ਸਮੇਤ ਸਭ 'ਤੇ ਮਿਸਾਲੀਆ ਕਾਰਵਾਈ ਹੋਵੇ।