ਆਰ.ਬੀ.ਆਈ. ਗਵਰਨਰ ਨੂੰ ਮਿਲੀ ਸਿਖਰਲੀ ਗਲੋਬਲ ਰੈਂਕਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿਤੀ ਵਧਾਈ, ‘ਇਹ ਉਨ੍ਹਾਂ ਦੀ ਲੀਡਰਸ਼ਿਪ ਨੂੰ ਮਾਨਤਾ ਦਿੰਦੀ ਹੈ’
ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਅਮਰੀਕਾ ਸਥਿਤ ‘ਗਲੋਬਲ ਫਾਈਨਾਂਸ’ ਰਸਾਲੇ ਨੇ ਲਗਾਤਾਰ ਦੂਜੇ ਸਾਲ ਵਿਸ਼ਵ ਪੱਧਰ ’ਤੇ ਚੋਟੀ ਦੇ ਕੇਂਦਰੀ ਬੈਂਕਰ ਵਜੋਂ ਚੁਣਿਆ ਹੈ। ਦਾਸ ਨੂੰ ਕੇਂਦਰੀ ਬੈਂਕ ਦੇ ਦੋ ਹੋਰ ਗਵਰਨਰਾਂ ਦੇ ਨਾਲ ਸੂਚੀ ਦੇ ਸਿਖਰ ’ਤੇ ਰੱਖਿਆ ਗਿਆ ਹੈ ਜਿਨ੍ਹਾਂ ਨੂੰ ‘ਏ ਪਲੱਸ’ ਰੇਟਿੰਗ ਦਿਤੀ ਗਈ ਹੈ।
‘ਗਲੋਬਲ ਫਾਈਨਾਂਸ’ ਦੇ ਇਕ ਬਿਆਨ ਮੁਤਾਬਕ ਆਰਥਕ ਵਿਕਾਸ, ਮੁਦਰਾ ਸਥਿਰਤਾ ਅਤੇ ਵਿਆਜ ਦਰ ਪ੍ਰਬੰਧਨ ਨੂੰ ਕੰਟਰੋਲ ਕਰਨ ’ਚ ਸਫਲਤਾ ਦੇ ਆਧਾਰ ’ਤੇ ਮਹਿੰਗਾਈ ਨੂੰ ‘ਏ’ ਤੋਂ ‘ਐੱਫ’ ਤਕ ਦਰਜਾ ਦਿਤਾ ਜਾਂਦਾ ਹੈ।
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਸ ਨੂੰ ਕੇਂਦਰੀ ਬੈਂਕਰਾਂ ਦੀ ਗਲੋਬਲ ਰੈਂਕਿੰਗ ’ਚ ਚੋਟੀ ਦੀ ਰੇਟਿੰਗ ਹਾਸਲ ਕਰਨ ’ਤੇ ਵਧਾਈ ਦਿਤੀ।ਮੋਦੀ ਨੇ ਇਕ ‘ਐਕਸ’ ਪੋਸਟ ’ਚ ਕਿਹਾ, ‘‘ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਨੂੰ ਇਸ ਪ੍ਰਾਪਤੀ ਲਈ ਵਧਾਈ ਅਤੇ ਉਹ ਵੀ ਦੂਜੀ ਵਾਰ। ਇਹ ਆਰ.ਬੀ.ਆਈ. ’ਚ ਉਨ੍ਹਾਂ ਦੀ ਅਗਵਾਈ ਅਤੇ ਆਰਥਕ ਵਿਕਾਸ ਅਤੇ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਕੰਮ ਦੀ ਮਾਨਤਾ ਹੈ।’’