ਕਾਂਗਰਸੀ ਵਿਧਾਇਕਾਂ ਨੇ ਆਪਣੇ ਹੀ ਖੇਡ ਮੰਤਰੀ ਦੇ ਵਿਰੁੱਧ ਚੁੱਕਿਆ ਝੰਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮਾਮਲਾ ਫਿਰੋਜ਼ਪੁਰ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਦਾ

Congress MLAs raise flag against sports minister

-ਰਾਣਾ ਸੋਢੀ ਨੂੰ ਪਾਰਟੀ ਵਿੱਚੋਂ ਛੇ ਸਾਲ ਲਈ ਬਾਹਰ ਕੱਢਣ ਦੀ ਹਾਈ ਕਮਾਂਡ ਨੂੰ ਕੀਤੀ ਅਪੀਲ
-ਖੇਡ ਮੰਤਰੀ ਰਾਣਾ ਸੋਢੀ ਦੇ ਸੁਖਬੀਰ ਬਾਦਲ ਨਾਲ ਰਲੇ ਹੋਣ ਦੇ ਲੱਗੇ ਦੋਸ਼

ਫਿਰੋਜਪੁਰ (ਬਲਬੀਰ ਸਿੰਘ ਜੋਸਨ)-: ਰਾਜਨੀਤਿਕ ਲੋਕ ਆਪਣੇ ਸਵਾਰਥ ਦੀ ਪੂਰਤੀ ਲਈ ਪਾਰਟੀ ਦੇ ਹੱਕਾਂ ਨੂੰ ਖੁੱਡੇ ਲਾਉਣ ਤੋਂ ਗੁਰੇਜ ਨਹੀ ਕਰਦੇ ਤੇ ਪਾਰਟੀ ਦੇ ਹਿੱਤਾਂ ਨੂੰ ਬਹਾਲ ਕਰਵਾਉਣ ਲਈ ਪਾਰਟੀ ਦੇ ਵਫ਼ਾਦਾਰਾਂ ਵੱਲੋਂ ਹਾਅ ਦਾ ਨਾਅਰਾ ਮਾਰਨਾ ਸੁਭਾਵਕ ਹੀ ਹੈ। ਪਾਰਟੀ ਦੇ ਹੱਕ ਵਿੱਚ ਉਠਾਈ ਆਵਾਜ਼ ਕਈ ਵਾਰ ਮਹਿੰਗੀ ਵੀ ਪੈ ਜਾਂਦੀ ਹੈ, ਕਿਉਂਕਿ ਪਾਰਟੀ ਵਿੱਚ ਨੀਤੀਆਂ ਨਹੀਂ ਪਹੁੰਚ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਦੀ ਹੈ ਅਤੇ ਕੁਰਸੀ ਖਾਤਰ ਅਕਸਰ ਹੀ ਰਾਜਨੀਤਕ ਲੋਕਾਂ ਦੀ ਆਪਸੀ ਫੁੱਟ ਦੇਖਣ ਨੂੰ ਮਿਲ ਜਾਂਦੀ ਹੈ।

ਇਸ ਤਰ੍ਹਾਂ ਦਾ ਹੀ ਮਾਮਲਾ ਫਿਰੋਜ਼ਪੁਰ ਦੀ ਰਾਜਨੀਤੀ ਵਿੱਚ ਦੇਖਣ ਨੂੰ ਮਿਲਿਆ ਹੈ ਜਦੋਂ ਬੀਤੇ ਦਿਨ ਜ਼ਿਲ੍ਹਾ ਪ੍ਰੀਸ਼ਦ ਚੋਣ ਨੂੰ ਲੈ ਕੇ ਹਲਕਾ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਆਪਣੀ ਸਰਕਾਰ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਿਰੁੱਧ ਅਵਾਜ਼ ਚੁੱਕੀ ਹੈ ਤੇ ਅਕਾਲੀ ਦਲ ਨਾਲ ਮਿਲੇ ਹੋਣ ਦੇ ਦੋਸ਼ ਲਗਾ ਦਿੱਤਾ ਅਤੇ ਹਾਈ ਕਮਾਡ ਨੂੰ ਅਪੀਲ ਕੀਤੀ ਕਿ ਰਾਣਾ ਸੋਢੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਰਾਣਾ ਸੋਢੀ ਨੂੰ ਪਾਰਟੀ ਵਿੱਚੋਂ ਛੇ ਸਾਲ ਲਈ ਕਾਂਗਰਸ ਪਾਰਟੀ ਤੋਂ ਬਾਹਰ ਕੱਢਿਆ ਜਾਵੇ? ਜਿਸ ਕਾਰਨ ਫਿਰੋਜ਼ਪੁਰ ਦੀ ਕਾਗਰਸ ਦੋ ਧੜਿਆਂ ਵਿੱਚ ਵੰਡੀ ਗਈ  ਹੈ।

ਦੱਸਣਯੋਗ ਹੈ ਕਿ ਫਿਰੋਜ਼ਪੁਰ ਵਿੱਚ ਚਾਰ ਵਿਧਾਨ ਸਭਾ ਹਲਕੇ ਹਨ ਜਿਸ ਵਿੱਚ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਇਕ ਧੜਾ ਤੇ ਦੂਜਾ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਕਾਰ ਕੌਰ ਗਹਿਰੀ ਹੈ । ਬੀਤੇ ਦਿਨ ਫਿਰੋਜ਼ਪੁਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਨੂੰ ਲੈ ਕੇ ਇੱਕ ਵਿਸੇਸ਼ ਮੀਟਿੰਗ ਬੁਲਾਈ ਗਈ, ਜਿਸ ਦੇ ਵਿੱਚ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੋਂ  ਇਲਾਵਾ ਹੀਰਾ ਸੋਢੀ,ਤੇ ਜਸਮੇਲ ਸਿੰਘ ਲਾਡੀ ਗਹਿਰੀ ਤੇ ਹੋਰ ਵੀ ਅਧਿਕਾਰੀ ਸ਼ਾਮਲ ਹੋਏ।

ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਆਪਣੇ ਕਿਸੇ ਖ਼ਾਸ ਬੰਦੇ ਦਾ ਨਾਂਅ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਦੇ ਲਈ ਅਨਾਉਂਸ ਕੀਤਾ, ਪਰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇਸ ਵਾਰ ਚੇਅਰਮੈਨੀ ਤੇ ਆਪਣਾ ਕਬਜਾ ਅਕਾਲੀ ਦਲ ਦੇ ਜਿਲਾ ਪ੍ਰੀਸਦ ਮੈਬਰ ਦੀ ਸਹਾਇਤਾ ਨਾਲ ਕਰਨਾ ਚਾਹੁੰਦੇ ਹਨ। ਸਿਆਸੀ ਮਾਹਿਰ ਕਹਿ ਰਹੇ ਹਨ ਕਿ ਸੋਢੀ ਦੀ ਸੈਟਿੰਗ ਅਕਾਲੀ ਆਗੂ ਨਾਲ ਹੋ ਚੁੱਕੀ ਹੈ, ਜਿਸ ਨੂੰ ਉਹ ਚੇਅਰਮੈਨ ਬਨਾਉਣਾ ਚਾਹੁੰਦੇ ਹਨ।

ਦੂਜੇ ਪਾਸੇ ਜੇਕਰ ਅੱਜ ਛਪੀ ਇੱਕ ਰਿਪੋਰਟ ਦੀ ਮੰਨੀਏ ਤਾਂ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਜ਼ੀਰਾ ਹਲਕੇ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਵਲੋਂ ਹੁਣ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਣਾ ਸੋਢੀ ਦੀ ਸੈਟਿੰਗ ਅਕਾਲੀ ਦਲ ਦੇ ਇੱਕ ਜ਼ਿਲ੍ਹਾ ਪ੍ਰੀਸ਼ਦ ਆਗੂ ਦੇ ਨਾਲ ਹੋ ਗਈ ਹੈ, ਜਿਸ ਦੇ ਕਾਰਨ ਰਾਣਾ ਸੋਢੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਜਿੱਤੇ ਅਕਾਲੀ ਦਲ ਦੇ ਜਿਲਾ ਪ੍ਰੀਸਦ ਮੈਬਰ ਨੂੰ ਚੇਅਰਮੈਨ ਬਣਾਉਣ ਦੇ ਬਾਰੇ ਵਿੱਚ ਸੋਚ ਰਹੇ ਹਨ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਵਿਧਾਇਕਾਂ ਦੇ ਵੱਲੋਂ ਰਾਣੇ ਸੋਢੀ ਦੇ ਵਿਰੁੱਧ ਹੁਣ ਕੈਪਟਨ ਅਤੇ ਸੋਨੀਆ ਗਾਂਧੀ ਤੱਕ ਆਵਾਜ਼ ਚੁੱਕਣ ਦਾ ਫੈਸਲਾ ਕਰ ਲਿਆ ਹੈ ਅਤੇ ਵਿਧਾਇਕ ਉਨ੍ਹਾਂ ਤੋਂ ਮੰਗ ਕਰਨਗੇ ਕਿ ਸੋਢੀ ਨੂੰ 6 ਸਾਲਾਂ ਵਾਸਤੇ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾਵੇਗਾ।

ਕੀ ਕਹਿੰਦੇ ਨੇ ਵਿਧਾਇਕ ਪਿੰਕੀ
ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੀ ਪਾਲਸੀ ਹੈ ਕਿ ਅਸੀਂ ਆਪਣੇ ਵਰਕਰਾਂ ਨੂੰ ਨਾਲ ਲੈ ਕੇ ਅਤੇ ਪਾਰਟੀ ਦੀਆਂ ਨੀਤੀਆਂ ਤੇ ਚੱਲਣਾ ਹੈ ਕਾਗਰਸ ਪਾਰਟੀ ਸਾਡੀ ਮਾਂ ਹੈ। ਅਕਾਲੀ ਦਲ ਤੇ ਰਾਣਾ ਗੁਰਮੀਤ ਸੋਢੀ ਮਿਲ ਕੇ ਖੇਡਣਾ ਚਾਹੁੰਦੇ ਹਨ ਅਸੀਂ ਉਨ੍ਹਾਂ ਨੂੰ ਮਿਲ ਕੇ ਨਹੀਂ ਖੇਡਣ ਦੇਵਾਗੇ । ਵਿਧਾਇਕ ਪਿੰਕੀ ਨੇ ਦੋਸ਼ ਲਗਾਇਆ ਹੈ ਕਿ ਰਾਣਾ ਸੋਢੀ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਨੂੰ ਫਿਰੋਜ਼ਪੁਰ ਦਾ ਚੇਅਰਮੈਨ ਬਣਾਉਣਾ ਚਾਹੁੰਦੇ ਹਨ ਜਿਸ ਨੇ ਰਾਣਾ ਸੋਢੀ ਦੇ ਪੀ ਏ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਹਰਾਇਆ ਸੀ।

ਕੀ ਕਹਿੰਦੇ ਨੇ ਵਿਧਾਇਕ ਜੀਰਾ
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਹੈ ਕਿ ਖੇਡ ਮੰਤਰੀ ਰਾਣਾ ਸੋਢੀ ਦੀ ਹਰਕਤ ਨਾਲ ਸਮੂਹ ਕਾਂਗਰਸੀਆਂ ਨੇ ਫੈਸਲਾ ਕੀਤਾ ਹੈ ਕਿ ਸੁਖਬੀਰ ਬਾਦਲ ਦਾ ਰਾਈਟ ਹੈਂਡ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸ਼ਿਲੰਦਰ ਸਿੰਘ ਰਾਣਾ ਸੋਢੀ ਦੇ ਸਪੁੱਤਰ ਹੀਰਾ ਸੋਢੀ ਦੀ ਗੱਡੀ ਵਿੱਚ ਬੈਠਾ ਹੈ, ਰਾਣਾ ਸੋਢੀ ਸੁਖਬੀਰ ਬਾਦਲ  ਨਾਲ ਰਲਿਆ ਹੋਇਆ ਹੈ ਜਿਸ ਕਾਰਨ ਅਸੀਂ ਅੱਜ ਦੀ ਚੋਣ ਦਾ ਬਾਈਕਾਟ ਕਰਦੇ ਹਾਂ। ਦੱਸ ਦਈਏ ਕਿ ਚੇਅਰਮੈਨੀ ਦੀ ਕੁਰਸੀ ਨੂੰ ਲੈ ਕੇ ਵਿਧਾਇਕਾਂ ਨੇ ਆਪਣੇ ਹੀ ਮੰਤਰੀ ਦੇ ਵਿਰੁੱਧ ਝੰਡਾ ਚੁੱਕਿਆ ਹੈ। ਬਾਕੀ ਦੇਖਣਾ ਹੁਣ ਇਹ ਹੋਵੇਗਾ ਕਿ ਇਸ ਦਾ ਨਤੀਜਾ ਕੀ ਨਿਕਲਦਾ ਹੈ? ਕੈਪਟਨ ਸਾਹਿਬ ਰਾਣੇ ਦੀ ਸੁਣਦੇ ਹਨ ਜਾਂ ਫਿਰ ਵਿਧਾਇਕਾਂ ਦੀ, ਇਹ ਤਾਂ ਵਕਤ ਹੀ ਦੱਸੇਗਾ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।