ਜਦੋਂ ਤਕ ਅਕਾਲੀ ਦਲ 'ਚ ਸੁਧਾਰ ਨਹੀਂ ਹੁੰਦਾ, ਉਦੋਂ ਤਕ ਸੰਘਰਸ਼ ਕਰਦਾ ਰਹਾਂਗਾ : ਢੀਂਡਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਪਾਰਟੀ ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਲਗਾਤਾਰ ਸੁਖਬੀਰ ਬਾਦਲ 'ਤੇ ਹਮਲੇ ਬੋਲੇ ਜਾ ਰਹੇ ਹਨ।

Sukhbir Badal and Sukhdev Dhindsa

ਨਾਭਾ (ਹਿਆਣਾ): ਪਾਰਟੀ ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਲਗਾਤਾਰ ਸੁਖਬੀਰ ਬਾਦਲ 'ਤੇ ਹਮਲੇ ਬੋਲੇ ਜਾ ਰਹੇ ਹਨ। ਪਟਿਆਲਾ ਰੈਲੀ 'ਤੇ ਬੋਲਦਿਆਂ ਢੀਂਡਸਾ ਨੇ ਕਿਹਾ ਕਿ ਇਹ ਰੈਲੀ ਸੁਖਬੀਰ ਬਾਦਲ ਵਲੋਂ ਅਪਣੇ ਤੌਰ 'ਤੇ ਕੀਤੀ ਜਾ ਰਹੀ ਇਸ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਢੀਂਡਸਾ ਨੇ ਕਿਹਾ ਕਿ ਮੈਨੂੰ ਇਸ ਰੈਲੀ ਵਿਚ ਨਹੀਂ ਬੁਲਾਇਆ ਗਿਆ ਹੈ।

ਨਾਭਾ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਢੀਂਡਸਾ ਕੋਲੋਂ ਜਦੋਂ ਪਰਮਿੰਦਰ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਪਰਮਿੰਦਰ ਅਜੇ ਵਿਦੇਸ਼ ਗਿਆ ਹੋਇਆ ਹੈ ਅਤੇ ਉਥੋਂ ਪਰਤਣ ਤੋਂ ਬਾਅਦ ਉਹ ਮੇਰੇ ਨਾਲ ਹੀ ਆਵੇਗਾ। ਅਕਾਲੀ ਦਲ ਛੱਡਣ 'ਤੇ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਪਾਰਟੀ ਨਹੀਂ ਛੱਡੀ ਸਗੋਂ ਉਨ੍ਹਾਂ ਨੂੰ ਪਾਰਟੀ 'ਚੋਂ ਕਢਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਅਕਾਲੀ ਦਲ ਵਿਚ ਸੁਧਾਰ ਨਹੀਂ ਹੁੰਦਾ ਅਤੇ ਐਸ.ਜੀ.ਪੀ.ਸੀ. ਨੂੰ ਸਿਆਸੀ ਹੱਥਾਂ 'ਚੋਂ ਆਜ਼ਾਦ ਨਹੀਂ ਕਰਵਾ ਲਿਆ ਜਾਂਦਾ, ਉਦੋ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਨਾਲ ਘੁੰਮਣ ਵਾਲੇ ਲੀਡਰ ਵੀ ਤੰਗ ਹੋਏ ਪਏ ਹਨ।

ਢੀਂਡਸਾ ਨੇ ਕਿਹਾ ਕਿ ਉਹ ਅਕਾਲੀ ਦਲ ਤੋਂ ਰੁੱਸੇ ਹੋਏ ਅਤੇ ਧਾਰਮਕ, ਸਮਾਜਕ ਆਗੂਆ ਨੂੰ ਨਾਲ ਆਉਣ ਦੀ ਅਪੀਲ ਕਰਦੇ ਹਨ ਤਾਂ ਜੋ ਇਕ ਮੰਚ 'ਤੇ ਕੇ ਅਕਾਲੀ ਦਲ ਨੂੰ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਢੀਂਡਸਾ ਨੇ ਕੇਂਦਰ ਸਰਕਾਰ ਨੂੰ ਨਾਗਰਿਕਤਾ ਸੋਧ ਬਿਲ 'ਚ ਮੁਸਲਿਮ ਭਾਈਚਾਰੇ ਨੂੰ ਵੀ ਲੈਣ ਦੀ ਅਪੀਲ ਕੀਤੀ ਹੈ।