ਸੁਖਦੇਵ ਢੀਂਡਸਾ ਦੇ ਬਾਦਲਾਂ 'ਤੇ ਤਿੱਖੇ ਹਮਲੇ, ਸੁਖਬੀਰ ਨੂੰ ਦਸਿਆ ਡਿਕਟੇਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਪ੍ਰਕਾਸ਼ ਸਿੰਘ ਬਾਦਲ ਦੀ ਜਾਣਕਾਰੀ 'ਚ ਰੇਤ-ਬਜ਼ਰੀ ਦਾ ਕਾਲਾ ਕਾਰੋਬਾਰ ਚੱਲਦਾ ਰਿਹਾ

Sukhbir Badal and Sukhdev Singh Dhindsa

ਚੰਡੀਗੜ੍ਹ (ਐਸ.ਐਸ. ਬਰਾੜ): ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 'ਚ ਜ਼ੁਬਾਨੀ ਜੰਗ ਪੂਰੀ ਤਰ੍ਹਾਂ ਭਖ ਚੁੱਕੀ ਹੈ। ਦੋਵਾਂ ਹੀ ਧਿਰਾਂ ਨੇ ਇਕ ਦੂਜੇ ਉਤੇ ਸਿੱਧੇ ਦੋਸ਼ ਲਗਾਉਣੇ ਆਰੰਭ ਦਿਤੇ ਹਨ। ਬੇਸ਼ਕ ਸੁਖਬੀਰ ਸਿੰਘ ਬਾਦਲ ਅਜੇ ਵੀ ਇਹ ਕਹਿ ਰਹੇ ਹਨ ਸ. ਢੀਂਡਸਾ ਉਨ੍ਹਾਂ ਦੇ ਪਿਤਾ ਸਮਾਨ ਹਨ।

ਬੇਸ਼ਕ ਸੁਖਬੀਰ ਬਾਦਲ ਨੇ ਅਜੇ ਤਕ ਖੁਦ ਸ.ਢੀਂਡਸਾ ਵਿਰੁਧ ਬਿਆਨਬਾਜ਼ੀ ਨਹੀਂ ਕਿਤੀ ਪ੍ਰੰਤੂ ਉਨ੍ਹਾਂ ਨੇ ਹੇਠਲੀ ਲੀਡਰਸ਼ਿਪ ਨੂੰ ਸੁਖਦੇਵ ਸਿੰਘ ਢੀਂਡਸਾ ਵਿਰੁਧ ਹਮਲੇ ਤੇਜ਼ ਕਰਨ ਦਾ ਇਸ਼ਾਰਾ ਕਰ ਦਿਤਾ ਹੈ। ਉਨ੍ਹਾਂ ਦੇ ਇਲਾਕੇ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੀ ਲੀਡਰਸ਼ਿਪ ਨੂੰ ਸਖ਼ਤ ਹਿਦਾਇਤਾਂ ਕੀਤੀਆਂ ਹਨ ਕਿ ਸ.ਢੀਂਡਸਾ ਦਾ ਸਾਥ ਨਾ ਦਿਤਾ ਜਾਵੇ ਅਤੇ ਉਨ੍ਹਾਂ ਦੇ ਹਮਲਿਆਂ ਦਾ ਮੋੜਵਾਂ ਜਵਾਬ ਦਿਤਾ ਜਾਵੇ।

ਉਧਰ ਸੁਖਦੇਵ ਸਿੰਘ ਢੀਂਡਸਾ ਨੇ ਅੱਜ ਫਿਰ ਇਕ ਇੰਟਰਵੀਊ ਵਿਚ ਸੁਖਬੀਰ ਸਿੰੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਵਿਰੁਧ ਗੰਭੀਰ ਇਲਜ਼ਾਮ ਲਗਾਏ। ਉਨ੍ਹਾਂ ਕਿਹਾ ਕਿ ਸੁਖੀਬਰ ਸਿੰਘ ਬਾਦਲ ਇਕ ਡਿਕਟੇਟਰ ਦੀ ਤਰ੍ਹਾਂ ਪ੍ਰਧਾਨਗੀ ਚਲਾ ਰਿਹਾ ਹੈ। ਮੌਜੂਦਾ ਪ੍ਰਧਾਨਗੀ ਚੋਣ 'ਚ ਵੀ ਸੰਵਿਧਾਨ ਅਨੁਸਾਰ ਚੋਣ ਨਹੀਂ ਕਰਾਈ ਗਈ। ਬਲਕਿ ਡਿਕਟੇਟਰੀ ਵਾਲੇ ਤਰੀਕੇ ਨਾਲ ਚੋਣ ਹੋਈ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਸੁਖਬੀਰ ਬਾਦਲ ਦੀ ਪ੍ਰਧਾਨਗੀ ਸਮੇਂ ਅਕਾਲੀ ਦਲ ਅਪਣੇ ਰਸਤੇ ਤੋਂ ਭਟਕ ਗਿਆ ਹੈ ਜਿਸਦਾ ਪੰਥਕ ਹਿਤਾਂ ਨੂੰ ਨੁਕਸਾਨ ਪੁੱਜ ਰਿਹਾ ਹੈ। ਉਨ੍ਹਾਂ ਪੰਥਕ ਏਜੰਡਾ ਤਿਆਗ ਦਿਤਾ ਹੈ। ਸ.ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੇ ਮੁੱਖ ਮਕਸਦ ਪਾਰਟੀ ਨੂੰ ਅਪਣੀ ਪੁਰਾਣੀ ਵਿਚਾਰਧਾਰਾ 'ਤੇ ਲਿਆਉਣਾ ਹੈ। ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ 'ਤੇ ਵੀ ਹਮਲੇ ਕੀਤੇ ਉਨ੍ਹਾਂ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗਾਂ 'ਚ ਉਨ੍ਹਾਂ ਆਵਾਜ਼ ਚੁੱਕੀ ਕਿ ਰੇਤ ਬਜ਼ਰੀ ਦੇ ਕਾਲੇ ਕਾਰੋਬਾਰ ਨੂੰ ਬੰਦ ਕੀਤਾ ਜਾਵੇ ਪ੍ਰੰਤੂ ਉਨ੍ਹਾਂ ਦੀ ਗੱਲ ਸੁਣੀ ਨਾ ਗਈ।

ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਸਮੇਂ ਤੁਸੀਂ ਕਿਉਂ ਆਵਾਜ਼ ਨਹੀਂ ਚੁੱਕੀ ਤਾਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਅੰਦਰ ਦੋਸੀਆਂ ਨੂੰ ਫੜਨ ਲਈ ਆਵਾਜ਼ ਚੁੱਕਦੇ ਰਹੇ ਹਨ। ਉਨ੍ਹਾਂ ਇਹ ਵੀ ਗੰਭੀਰ ਦੋਸ਼ ਲਗਾਇਆ ਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਨਾਲ ਹੀ ਰੇਤ ਬਜ਼ਰੀ ਦਾ ਕਾਲਾ ਕਾਰੋਬਾਰ ਚੱਲਦਾ ਰਿਹਾ ਹੈ।

ਸ.ਢੀਂਡਸਾ ਨੇ ਇਹ ਵੀ ਦੋਸ਼ ਲਗਾਏ ਕਿ ਜਿਨ੍ਹਾਂ ਲੋਕਾਂ ਦੇ ਹੱਥ 'ਚ ਅਕਾਲੀ ਦਲ ਦੀ ਕਮਾਨ ਆ ਚੁੱਕੀ ਹੈ ਉਹ ਦੱਸਣ ਕਿ ਉਨ੍ਹਾ ਦੀ ਅਕਾਲੀ ਦਲ ਲਈ ਕੀ ਕੁਰਬਾਨੀ ਹੈ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਸਿੰੰਘ ਢੀਂਡਸਾ ਦੀ ਵੀ ਪਾਰਟੀ ਲਈ ਕੀ ਕੁਰਬਾਨੀ ਹੈ। ਉਹ ਦੋ ਵਾਰ ਮੰਤਰੀ ਬਣ ਚੁੱਕੇ ਹਨ। ਸ.ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਲੜਾਈ ਅਕਾਲੀ ਦਲ ਦੇ ਸਿਧਾਂਤਾ ਨੂੰ ਬਹਾਲ ਕਰਨ ਲਈ ਹੈ।

ਜਦ ਉਨ੍ਹਾਂ ਨੂੰ ਪੁਛਿਆ ਗਿਆ ਕਿ ਉਹ ਵੀ ਤਾਂ ਅਪਣੇ ਪੁੱਤਰ ਨੂੰ ਅੱਗੇ ਵਧਾਉਣ ਲਈ ਲੜਾਈ ਲੜ ਰਹੇ ਹਨ। ਸ.ਢੀਂਡਸਾ ਨੇ ਕਿਹਾ ਕਿ ਇਹ ਦੋਸ਼ ਗ਼ਲਤ ਹਨ। ਉਨ੍ਹਾਂ ਦੀ ਮੁੱਖ ਲੜਾਈ ਤਾਂ ਪਾਰਟੀ ਦੇ ਸਿਧਾਂਤਾ ਲਈ ਹੈ। ਅਕਾਲੀ ਦਲ 1920 ਵਾਲਾ ਅਕਾਲੀ ਦਲ ਬਣਾਉਣ ਲਈ ਹੈ। ਸ.ਢੀਂਡਸਾ ਨੇ ਕਿਹਾ ਉਹ ਜ਼ਲਦੀ ਹੀ ਉਨ੍ਹਾਂ ਸਾਰੇ ਲੋਕਾਂ ਨੂੰ ਇਕ ਪਲੈਟਫਾਰਮ 'ਤੇ ਲਿਆਉਣ ਲਈ ਯਤਨ ਆਰੰਭਣਗੇ ਜੋ ਅਕਾਲੀ ਦਲ ਦੇ ਸਿਧਾਂਤਾ 'ਚ ਵਿਸ਼ਵਾਸ਼ ਰੱਖਦੇ ਹਨ।

ਅਕਾਲੀ ਦਲ ਨੂੰ ਬਾਦਲ ਪਰਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਉਣਾ ਹੀ ਉਨ੍ਹਾਂ ਦਾ ਮੁੱਖ ਮਕਸਦ ਹੈ। ਉਧਰ ਅੱਜ ਅਕਾਲੀ ਦਲ ਸੈਨਿਕ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਿਧੂ ਨੇ ਅਪਣੇ ਬਿਆਨ ਵਿਚ ਕਿਹਾ ਸ.ਢੀਂਡਸਾ ਗ਼ਲਤ ਬਿਆਨਬਾਜ਼ੀ ਕਰ ਕੇ ਪਾਰਟੀ ਨੂੰ ਨੁਕਸਾਨ ਨਾ ਪਹੁੰਚਾਉਣ। ਉਹ ਪਿਛਲੇ ਪੰਜ ਦਹਾਕਿਆਂ ਤੋਂ ਅਹਿਮ ਅਹੁਦਿਆਂ ਉਤੇ ਰਹਿ ਕੇ ਸੱਤਾ ਦਾ ਆਨੰਦ ਮਾਨੰਦੇ ਰਹੇ ਹਨ।

1977 'ਚ ਉਨ੍ਹਾਂ ਨੂੰ ਟਰਾਂਸਪੋਰਟ ਮੰਤਰੀ ਬਣਾਇਆ ਗਿਆ। ਕਈ ਵਾਰ ਐਮ.ਪੀ ਬਣਾਇਆ। ਚੋਣ ਹਾਰ ਜਾਣ 'ਤੇ ਵੀ ਉਨ੍ਹਾਂ ਨੂੰ ਰਾਜ ਸਭਾ ਦੀ ਮੈਂਬਰੀ ਦਿਤੀ ਜਾਂਦੀ ਰਹੀ। ਇਸ ਤੋਂ ਪਹਿਲਾਂ ਜ਼ਿਲ੍ਹਾ ਸੰਗਰੂਰ ਅਤੇ ਬਰਨਾਲਾ ਦੀ ਅਕਾਲੀ ਲੀਡਰਸ਼ਿਪ ਵਲੋਂ ਵੀ ਸ.ਢੀਂਡਸਾ ਉਤੇ ਹਲਮੇ ਕੀਤੇ ਗਏ ਹਨ। ਉਨ੍ਹਾਂ 'ਤੇ ਦੋਸ਼ ਲਗਾਏ ਗਏ ਕਿ ਉਹ ਪਾਰਟੀ ਨੂੰ ਕਮਜ਼ੋਰ ਕਰ ਕੇ ਕਾਂਗਰਸ ਦੀ ਮਦਦ ਕਰ ਰਹੇ ਹਨ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਪਰਮਿੰਦਰ ਸਿੰਘ ਢੀਂਡਸਾ ਇਸ ਸਮੇਂ ਦੇਸ਼ ਤੋਂ ਬਾਹਰ ਹਨ ਅਤੇ ਸਮਾਂ ਆਉਣ 'ਤੇ ਉਹ ਵੀ ਉਨ੍ਹਾਂ ਦੇ ਨਾਲ ਹੀ ਖੜਣਗੇ।