ਨਵਜੋਤ ਕੌਰ ਸਿੱਧੂ ਵਲੋਂ ਕੈਪਟਨ ਅਮਰਿੰਦਰ 'ਤੇ ਸ਼ਬਦੀ ਹਮਲਾ : ਕੈਪਟਨ ਰਾਜ 'ਚ ਸੁਪਰ CM ਸੀ ਅਰੂਸਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕੈਪਟਨ BJP 'ਚ ਜਾਣ ਅਤੇ ਸਰਕਾਰ ਤੋੜਣ ਦਾ ਦਿੰਦੇ ਸਨ ਡਰਾਵਾ

Navjot Kaur Sidhu

ਕਿਹਾ, ਪੰਜਾਬ 'ਚ ਅਰੂਸਾ ਨੂੰ ਤੋਹਫ਼ੇ-ਪੈਸੇ ਦੇ ਕੇ ਕੀਤੀ ਜਾਂਦੀ ਸੀ ਪੋਸਟਿੰਗ

ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ) : ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕੈਪਟਨ ਨੇ ਆਪਣੀ ਸਰਕਾਰ ਦੇ ਦੌਰਾਨ ਅਰੂਸਾ ਦੇ ਨਾਲ ਮਿਲ ਕੇ ਖ਼ੂਬ ਕਮਾਈ ਕੀਤੀ ਹੈ,ਇਸ ਕਰ ਕੇ ਹੁਣ ਕੈਪਟਨ ਨੂੰ ਚਾਹੀਦਾ ਹੈ ਕਿ ਉਹ ਰਾਜਨੀਤੀ ਦਾ ਫ਼ਿਕਰ ਛੱਡ ਕੇ ਅਰੂਸਾ ਦੇ ਨਾਲ ਉਨ੍ਹਾਂ ਪੈਸਿਆਂ 'ਤੇ ਐਸ਼ ਕਰਨ।

ਦੱਸ ਦਈਏ ਕਿ ਨਵਜੋਤ ਕੌਰ ਸਿੱਧੂ ਪਿੰਡ ਬੱਲਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਸਪੋਕਸਮੈਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਪਟਨ ਦੇ ਕਾਰਜਕਾਲ ਦੌਰਾਨ ਪੰਜਾਬ ਵਿੱਚ ਕੋਈ ਵੀ ਤਾਇਨਾਤੀ ਤੋਹਫ਼ਿਆਂ ਅਤੇ ਪੈਸੇ ਤੋਂ ਬਿਨਾਂ ਨਹੀਂ ਹੋਈ। ਇਹ ਸਾਰਾ ਕੁਝ ਅਰੂਸਾ ਆਲਮ ਨੂੰ ਦਿੱਤਾ ਜਾਂਦਾ ਸੀ।ਸਾਰੇ ਅਕਾਲੀ ਲੀਡਰ ਅਰੂਸਾ ਨੂੰ ਹੀਰਿਆਂ ਦੇ ਹਾਰਾਂ ਨਾਲ ਮਿਲਦੇ ਸਨ। ਉਸ ਸਮੇਂ ਅਰੂਸਾ ਆਲਮ ਮੁੱਖ ਮੰਤਰੀ ਵਜੋਂ ਨਹੀਂ ਬਲਕਿ ਪੰਜਾਬ ਵਿਚ ਸੁਪਰ CM ਵਜੋਂ ਕੰਮ ਕਰ ਰਹੀ ਸੀ।

ਇਹ ਵੀ ਪੜ੍ਹੋ :  ਜਲੰਧਰ : ਨਸ਼ੇ 'ਚ ਧੁੱਤ ਨੌਜਵਾਨ ਨੇ ਚਲਾਈਆਂ ਗੋਲੀਆਂ 

ਉਨ੍ਹਾਂ ਅਮਰਿੰਦਰ ਨੂੰ ਸਲਾਹ ਦਿੱਤੀ ਕਿ ਹੁਣ ਉਨ੍ਹਾਂ ਦੀ ਉਮਰ ਹੋ ਚੁੱਕ ਹੈ, ਅਰੂਸਾ ਪੰਜਾਬ ਦੇ ਪੈਸੇ ਨਾਲ ਇੰਗਲੈਂਡ ਅਤੇ ਦੁਬਈ ਗਈ ਹੈ,ਉਹ ਵੀ ਉਥੇ ਜਾ ਕੇ ਉਨ੍ਹਾਂ ਪੈਸਿਆਂ ਨਾਲ ਬਾਕੀ ਦੀ ਜ਼ਿੰਦਗੀ ਦਾ ਲੁਤਫ਼ ਲੈਣ, ਅਜਿਹਾ ਨਾ ਹੋਵੇ ਕਿ ਅਰੂਸਾ ਸਾਰਾ ਪੈਸਾ ਬਰਬਾਦ ਕਰ ਦੇਵੇ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਰੂਸਾ ਨੂੰ ਬਹੁਤ ਪੁਰਾਣੇ ਸਮੇਂ ਤੋਂ ਮਿਲਦੇ ਰਹੇ ਹਨ,ਜਦੋਂ ਅਰੂਸਾ ਆਲਮ ਪੱਤਰਕਾਰ ਸੀ,  ਜਿਸ ਬਾਰੇ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਮੋਦੀ ਵੀ ਜਾਣਦੇ ਹਨ ਉਨ੍ਹਾਂ ਦੀ  ਇਸ ਲਈ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕੋਈ ਵੀ ਕੰਮ ਜ਼ਿਮੇਵਾਰੀ ਨਾਲ ਨਹੀਂ ਕੀਤਾ। ਉਨ੍ਹਾਂ ਦੇ ਸਮੇਂ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਨੂੰ ਬਚਾਉਣ ਅਤੇ ਹੋਰ ਕੇਸਾਂ ਦੀ ਸੁਣਵਾਈ ਲਈ ਉਨ੍ਹਾਂ ਦੇ ਐਡਵੋਕੇਟ ਜਨਰਲ ਕੋਰਟ ਵਿਚ ਕਦੇ ਵੀ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਲਾਪਰਵਾਹੀ ਲਈ ਜੇਕਰ ਹਾਈ ਕਮਾਨ ਵਲੋਂ ਜਵਾਬ ਮੰਗਿਆ ਜਾਂਦਾ ਸੀ ਤਾਂ ਕੈਪਟਨ BJP 'ਚ ਜਾਣ ਅਤੇ ਸਰਕਾਰ ਤੋੜਣ ਦਾ ਡਰਾਵਾ ਦਿੰਦੇ ਸਨ। 

ਵਿਰੋਧੀ ਪਾਰਟੀਆਂ ਵਲੋਂ ਖਜ਼ਾਨੇ 'ਤੇ ਚੁੱਕੇ ਜਾ ਰਹੇ ਸਵਾਲਾਂ ਬਾਬਤ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਈਸਟ ਨੂੰ ਹੋਰ ਕਿਸੇ ਜਗ੍ਹਾ ਨਾਲ ਨਾ ਤੋਲਿਆ ਜਾਵੇ। ਨਵਜੋਤ ਸਿੱਧੂ ਨੇ ਲੋਕਲ ਬਾਡੀਜ਼ ਦਾ ਚਾਰਜ ਸੰਭਾਲਣ ਮਗਰੋਂ ਹਰ ਹਲਕੇ ਲਈ ਸੌ ਕਰੋੜ ਰੁਪਏ ਮਨਜ਼ੂਰ ਕਰਵਾਏ ਅਤੇ ਕੰਮ ਕਦੇ ਵੀ ਰੁਕਿਆ ਨਹੀਂ, ਲਗਾਤਾਰ ਚਲ ਰਿਹਾ ਹੈ। 

ਮੁੱਖ ਮੰਤਰੀ ਅਹੁਦੇ ਦੀ ਚੋਣ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਆਉਣ ਵਾਲੇ ਦਿਨਾਂ ਵਿਚ ਨਵਜੋਤ ਸਿੱਧੂ, ਚਰਨਜੀਤ ਚੰਨੀ ਅਤੇ ਇੱਕ ਹਿੰਦੂ ਚਿਹਰਾ ਵੀ ਹੋਵੇਗਾ।