ਸਿਹਤ ਮੰਤਰੀ ਸਿੰਗਲਾ ਦੀ ਗ੍ਰਿਫ਼ਤਾਰੀ 'ਤੇ ਬੋਲੇ ਸੁਖਪਾਲ ਖਹਿਰਾ- 'CM ਮਾਨ ਦੀ ਕਾਰਵਾਈ ਸਾਬਕਾ ਕਾਂਗਰਸੀ ਆਗੂਆਂ ਲਈ ਸਬਕ ਹੈ' 

ਏਜੰਸੀ

ਖ਼ਬਰਾਂ, ਰਾਜਨੀਤੀ

'ਜੇਕਰ ਕਾਂਗਰਸ ਦੇ ਸਾਬਕਾ ਮੁੱਖ ਮੰਤਰੀਆਂ ਨੇ ਅਜਿਹੀ ਕਾਰਵਾਈ ਕੀਤੀ ਹੁੰਦੀ ਤਾਂ ਕਾਂਗਰਸ ਅੱਜ ਵਿਰੋਧੀ ਧਿਰ 'ਚ ਨਾ ਹੁੰਦੀ'

CM Mann's action is a lesson for former Congress leaders - Sukhpal Singh Khaira

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ ਨੂੰ ਮੰਤਰੀ ਮੰਡਲ ਵਿੱਚੋਂ ਬਰਖ਼ਾਸਤ ਕਰਨ ਅਤੇ ਗ੍ਰਿਫ਼ਤਾਰੀ ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਦੇ ਕਈ ਆਗੂਆਂ ਨੇ ਪ੍ਰਤੀਕਿਰਿਆ ਦਿਤੀ ਹੈ। ਵਿਜੇ ਸਿੰਗਲਾ ਨੂੰ ਮੁੱਖ ਮੰਤਰੀ ਨੇ ਆਪਣੇ ਵਿਭਾਗ ਦੇ ਟੈਂਡਰ ਅਤੇ ਘੋੜਿਆਂ ਦੇ ਵਪਾਰ ਵਿੱਚ 1% ਕਮਿਸ਼ਨ ਦੀ ਮੰਗ ਕਰਨ ਕਰਕੇ ਹਟਾ ਦਿੱਤਾ ਹੈ।

ਦੱਸ ਦੇਈਏ ਕਿ ਇਸ ਮਾਮਲੇ ਵਿਚ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਸਿਰਫ ਬਰਖ਼ਾਸਤ ਹੀ ਨਹੀਂ ਕੀਤਾ ਗਿਆ ਸਗੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ ਅਤੇ ਵਿਜੇ ਸਿੰਗਲਾ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਕਾਰਵਾਈ ਦੀ ਕਾਂਗਰਸ ਦੇ ਆਗੂਆਂ ਵਲੋਂ ਵੀ ਸ਼ਲਾਘਾ ਕੀਤੀ ਜਾ ਰਹੀ ਹੈ। ਕਾਂਗਰਸ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਸ ਕਾਰਵਾਈ ਨੂੰ ਹੋਰਨਾਂ ਲਈ ਇੱਕ ਸਬਕ ਦੱਸਿਆ ਹੈ। ਉਨ੍ਹਾਂ ਇਸ ਬਾਬਤ ਟਵੀਟ ਕਰਦਿਆਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਕਾਂਗਰਸੀ ਆਗੂਆਂ 'ਤੇ ਵੀ ਨਿਸ਼ਾਨਾ ਸਾਧਿਆ ਹੈ।

ਅਸਲ ਵਿਚ ਉਨ੍ਹਾਂ ਲਿਖਿਆ, ''CM ਭਗਵੰਤ ਮਾਨ ਦੀ ਇਹ ਵੱਡੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਵਰਗੇ ਹੋਰ ਸਾਬਕਾ ਕਾਂਗਰਸੀ ਮੁੱਖ ਮੰਤਰੀਆਂ ਲਈ ਇੱਕ ਸਬਕ ਹੈ। ਜੇਕਰ ਉਨ੍ਹਾਂ ਨੇ ਆਪਣੇ ਭ੍ਰਿਸ਼ਟ ਮੰਤਰੀਆਂ ਅਤੇ ਨੇਤਾਵਾਂ ਖ਼ਿਲਾਫ਼ ਕਾਰਵਾਈ ਕੀਤੀ ਹੁੰਦੀ ਤਾਂ ਕਾਂਗਰਸ ਵਿਰੋਧੀ ਧਿਰ 'ਚ ਨਾ ਹੁੰਦੀ।''

ਸੁਖਪਾਲ ਸਿੰਘ ਖਹਿਰਾ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਆਪਣੇ ਮੰਤਰੀ ਨੂੰ ਬਰਖ਼ਾਸਤ ਕਰਨ ਦੇ ਦਲੇਰਾਨਾ ਫ਼ੈਸਲੇ ਲਈ CM ਭਗਵੰਤ ਮਾਨ ਨੂੰ ਮੁਬਾਰਕਾਂ ਦਿਤੀਆਂ। ਉਨ੍ਹਾਂ ਕਿਹਾ ਕਿ ਤਾਕਤਵਰਾਂ ਵਿਰੁੱਧ ਇਹ ਸਖ਼ਤ ਕਾਰਵਾਈ ਪੰਜਾਬ ਦੇ ਸਾਰੇ ਭ੍ਰਿਸ਼ਟ ਸਿਆਸਤਦਾਨਾਂ ਅਤੇ ਨੌਕਰਸ਼ਾਹਾਂ ਨੂੰ ਸੁਨੇਹਾ ਦੇਵੇਗੀ। ਖਹਿਰਾ ਨੇ ਕਿਹਾ ਕਿ ਹਮੇਸ਼ਾ ਹੀ ਸਾਰੇ ਚੰਗੇ ਫ਼ੈਸਲਿਆਂ ਦਾ ਸਵਾਗਤ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਨਵਜੋਤ ਸਿੱਧੂ ਦੇ ਸਲਾਹਕਾਰ ਸੁਰਿੰਦਰ ਡੱਲਾ ਨੇ ਆਪਣੇ ਟਵੀਟ 'ਚ ਕਿਹਾ ਕਿ ਇਸ ਦਲੇਰੀ ਭਰੇ ਫ਼ੈਸਲੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ। ਕੀ ਹੁਣ ਪਿਛਲੀ ਸਰਕਾਰ ਦੇ ਘਪਲੇਬਾਜ਼ ਮੰਤਰੀਆਂ ਦੀ ਗਿਣਤੀ ਵੀ ਕੀਤੀ ਜਾਵੇਗੀ? ਉਨ੍ਹਾਂ ਮੰਗ ਕੀਤੀ ਹੈ ਕਿ ਨਜਾਇਜ਼ ਸ਼ਰਾਬ ਅਤੇ ਰੇਤਾ ਵੇਚਣ ਵਾਲਿਆਂ ਦੇ ਨਾਮ ਵੀ ਸਾਹਮਣੇ ਲਿਆਂਦੇ ਜਾਣ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਪਿਛਲੀ ਕੈਪਟਨ ਸਰਕਾਰ 'ਚ ਮੰਤਰੀ ਰਹੇ ਕਈ ਆਗੂਆਂ 'ਤੇ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਦੇ ਦੋਸ਼ ਲਗਾਉਂਦੇ ਰਹੇ ਹਨ।

ਇੱਕ ਭ੍ਰਿਸ਼ਟ ਮੰਤਰੀ ਖ਼ਿਲਾਫ਼ CM ਮਾਨ ਦੀ ਕਾਰਵਾਈ ਸ਼ਲਾਘਾਯੋਗ - ਗੁਰਜੀਤ ਸਿੰਘ ਔਜਲਾ 
''ਭਗਵੰਤ ਮਾਨ ਜੀ, ਤੁਹਾਡੇ ਵਲੋਂ ਇੱਕ ਭ੍ਰਿਸ਼ਟ ਮੰਤਰੀ ਵਿਰੁੱਧ ਕੀਤੀ ਕਾਰਵਾਈ ਦੀ ਮੈਂ ਅਤੇ ਪੰਜਾਬ ਦਾ ਹਰ ਨਾਗਰਿਕ ਸ਼ਲਾਘਾ ਕਰਦੇ ਹਾਂ। ਅਸਤੀਫ਼ੇ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਭ੍ਰਿਸ਼ਟਾਚਾਰ ਦੀ ਜਾਣਕਾਰੀ ਵਾਲੀਆਂ ਕੁਝ ਫਾਈਲਾਂ ਬਾਰੇ ਵੀ ਖ਼ੁਲਾਸਾ ਕੀਤਾ ਸੀ।''