Mamata Banerjee News: ਜੇਕਰ ਫ਼ਾਈਨਲ ਮੈਚ ਕੋਲਕਾਤਾ ਜਾਂ ਮੁੰਬਈ ’ਚ ਹੁੰਦਾ ਤਾਂ ਭਾਰਤ ਜਿੱਤ ਜਾਂਦਾ : ਮਮਤਾ ਬੈਨਰਜੀ
ਕਿਹਾ, ਖਿਡਾਰੀਆਂ ਨੇ ਵਿਰੋਧ ਕੀਤਾ ਇਸ ਲਈ ਭਾਰਤੀ ਟੀਮ ਨੂੰ ਮੈਚ ਦੌਰਾਨ ਭਗਵੇ ਰੰਗ ਦੀ ਜਰਸੀ ਨਹੀਂ ਪਹਿਨਣੀ ਪਈ
Mamata Banerjee News: ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਕ੍ਰਿਕਟ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਕੋਲਕਾਤਾ ਜਾਂ ਮੁੰਬਈ ਵਿਚ ਖੇਡਿਆ ਜਾਂਦਾ ਤਾਂ ਭਾਰਤ ਦੀ ਜਿੱਤ ਹੁੰਦੀ। ਇਥੇ ਨੇਤਾਜੀ ਇਨਡੋਰ ਸਟੇਡੀਅਮ ਵਿਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੀ ਕ੍ਰਿਕਟ ਟੀਮ ਦਾ ‘ਭਗਵਾਕਰਨ’ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਬੈਨਰਜੀ ਨੇ ਕਿਹਾ,‘‘ਉਹ ਪੂਰੇ ਦੇਸ਼ ਨੂੰ ਭਗਵੇ ਰੰਗ ’ਚ ਰੰਗਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਅਪਣੇ ਭਾਰਤੀ ਖਿਡਾਰੀਆਂ ’ਤੇ ਮਾਣ ਹੈ ਅਤੇ ਮੇਰਾ ਮੰਨਣਾ ਹੈ ਕਿ ਜੇਕਰ ਫ਼ਾਈਨਲ ਮੈਚ ਕੋਲਕਾਤਾ ਜਾਂ ਵਾਨਖੇੜੇ (ਮੁੰਬਈ) ’ਚ ਹੋਇਆ ਹੁੰਦਾ ਤਾਂ ਅਸੀਂ ਕ੍ਰਿਕਟ ਵਿਸ਼ਵ ਕੱਪ ਜਿੱਤ ਸਕਦੇ ਸੀ।’’ ਤ੍ਰਿਣਮੂਲ ਕਾਂਗਰਸ ਮੁਖੀ ਨੇ ਦੋਸ਼ ਲਾਇਆ ਕਿ,“ਉਨ੍ਹਾਂ (ਭਾਜਪਾ) ਨੇ ਵੀ ਭਗਵਾ ਜਰਸੀ ਪਾ ਕੇ ਟੀਮ ਨੂੰ ਭਗਵਾ ਕਰਨ ਦੀ ਕੋਸ਼ਿਸ਼ ਕੀਤੀ। ਖਿਡਾਰੀਆਂ ਨੇ ਵਿਰੋਧ ਕੀਤਾ ਅਤੇ ਨਤੀਜੇ ਵਜੋਂ, ਉਨ੍ਹਾਂ ਨੂੰ ਮੈਚਾਂ ਦੌਰਾਨ ਉਹ ਜਰਸੀ ਨਹੀਂ ਪਹਿਨਣੀ ਪਈ।’’
ਭਾਜਪਾ ’ਤੇ ਹੱਲਾ ਜਾਰੀ ਰਖਦਿਆਂ ਬੈਨਰਜੀ ਨੇ ਕਿਹਾ ਕਿ,‘‘ਜਿੱਥੇ ਵੀ ਪਾਪੀ ਲੋਕ ਜਾਂਦੇ ਹਨ, ਉਹ ਅਪਣੇ ਪਾਪ ਅਪਣੇ ਨਾਲ ਲੈ ਕੇ ਜਾਂਦੇ ਹਨ।’’ ਉਨ੍ਹਾਂ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ,‘‘ਭਾਰਤੀ ਟੀਮ ਇੰਨੀ ਵਧੀਆ ਖੇਡੀ ਕਿ ਉਸ ਨੇ ਵਿਸ਼ਵ ਕੱਪ ਦੇ ਸਾਰੇ ਮੈਚ ਜਿੱਤੇ, ਇਕ ਨੂੰ ਛੱਡ ਕੇ ਜਿਸ ਵਿਚ ਪਾਪੀਆਂ ਨੇ ਹਿੱਸਾ ਲਿਆ ਸੀ।’’
ਇਸ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਰਾਜਸਥਾਨ ਵਿਚ ਇਕ ਚੋਣ ਭਾਸ਼ਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ‘ਪਨੌਤੀ’ ਸ਼ਬਦ ਦੀ ਵਰਤੋਂ ਕੀਤੀ ਸੀ ਕਿਉਂਕਿ ਉਹ ਵਿਸ਼ਵ ਕੱਪ ਫ਼ਾਈਨਲ ਮੈਚ ਦੇਖਣ ਆਏ ਸਨ। ਭਾਰਤ ਟੂਰਨਾਮੈਂਟ ਵਿਚ ਲਗਾਤਾਰ 10 ਜਿੱਤਾਂ ਤੋਂ ਬਾਅਦ ਫ਼ਾਈਨਲ ਵਿਚ ਆਸਟਰੇਲੀਆ ਤੋਂ ਹਾਰ ਗਿਆ ਸੀ। ਭਾਜਪਾ ਨੇ ਗਾਂਧੀ ਦੀ ਇਸ ਟਿਪਣੀ ਲਈ ਚੋਣ ਕਮਿਸ਼ਨ ਤੋਂ ਉਨ੍ਹਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ।
(For more news apart from India would have won World Cup if final was played in Kolkata or Mumbai: Mamata, stay tuned to Rozana Spokesman)