ਪਰਗਟ ਸਿੰਘ ਦੀ ਰਿਹਾਇਸ਼ ’ਤੇ ਮੁੜ ਹੋਈ ਨਾਰਾਜ਼ ਧੜੇ ਦੀ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਹਾਈ ਕਮਾਨ ਦੇ ਦਖ਼ਲ ਬਾਅਦ ਕੁੱਝ ਦਿਨ ਨਾਰਾਜ਼ ਆਗੂਆਂ ਨੇ ਚੁੱਪ ਧਾਰ ਲਈ ਸੀ

Pargat Singh

ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪਾਰਟੀ ਹਾਈਕਮਾਨ ਦੇ ਦਖ਼ਲ ਦੇ ਚਲਦੇ ਕਈ ਦਿਨਾਂ ਦੀ ਚੁੱਪ ਤੋਂ ਬਾਅਦ ਇਕ ਵਾਰ ਮੁੜ ਕੈਪਟਨ ਨਾਲ ਨਾਰਾਜ਼ ਚੱਲ ਰਹੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਹੋਈ ਹੈ। ਇਸ ਮੀਟਿੰਗ ਨਾਲ ਹਾਕਮ ਪਾਰਟੀ ਦੇ ਨਾਰਾਜ਼ ਆਗੂਆਂ ਨੇ ਇਹ ਸੰਦੇਸ਼ ਦੇਣ ਦਾ ਯਤਨ ਕੀਤਾ ਹੈ ਕਿ ਉਹ ਕਾਂਗਰਸ ਹਾਈਕਮਾਨ ਦੀ ਹਦਾਇਤ ਮੁਤਾਬਕ ਚੁੱਪ ਹਨ ਤੇ ਕਿਸੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ ਪਰ ਅੰਦਰਖਾਤੇ ਨਾਰਾਜ਼ ਧੜਾ ਸਰਗਰਮ ਹੈ। ਹੁਣ ਤਾਂ ਕਾਂਗਰਸੀ ਵਿਧਾਇਕ ਸੁਰਜੀਤ ਧੀਮਾਨ ਵੀ ਖੁਲ੍ਹ ਕੇ ਕੈਪਟਨ ਦੀ ਅਗਵਾਈ ਵਿਰੁਧ ਬਿਆਨ ਦੇ ਚੁੱਕੇ ਹਨ। 

ਨਾਰਾਜ਼ ਧੜੇ ਦੀ ਮੀਟਿੰਗ ਵਿਧਾਇਕ ਪਰਗਟ ਸਿੰਘ ਦੀ ਰਿਹਾਇਸ਼ ’ਤੇ ਹੋਈ। ਇਸ ’ਚ ਦੋ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਰਹੇ। ਕਾਂਗਰਸੀ ਵਿਧਾਇਕ ਫ਼ਤਿਹ ਜੰਗ ਬਾਜਵਾ ਤੇ ਕੁੱਝ ਹੋਰ ਆਗੂਆਂ ਦੇ ਵੀ ਮੀਟਿੰਗ ’ਚ ਸ਼ਾਮਲ ਹੋਣ ਦੀ ਖ਼ਬਰ ਹੈ। ਭਾਵੇਂ ਮੀਟਿੰਗ ’ਚ ਸ਼ਾਮਲ ਆਗੂ ਹੋਈ ਵਿਚਾਰ ਚਰਚਾ ਬਾਰੇ ਖੁਲ੍ਹ ਕੇ ਕੁੱਝ ਨਹੀਂ ਦੱਸ ਰਹੇ ਅਤੇ ਕਹਿ ਰਹੇ ਹਨ ਕਿ ਪਾਰਟੀ ਤੇ ਰਾਜਸੀ ਸਥਿਤੀ ਨਾਲ ਜੁੜੇ ਮਸਲਿਆਂ ’ਤੇ ਵਿਚਾਰ ਹੋਈ ਹੈ ਅਤੇ ਕੋਈ ਬਗ਼ਾਵਤ ਵਾਲੀ ਗੱਲ ਨਹੀਂ। ਪਰ ਵਿਧਾਇਕ ਪਰਗਟ ਸਿੰਘ ਨੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਜੋ ਟਿਪਣੀਆਂ ਕੀਤੀਆਂ ਉਸ ਦੇ ਕਈ ਮਾਇਨੇ ਬਣਦੇ ਹਨ। 

ਕੈਪਟਨ ਦੀ ਅਗਵਾਈ ਤੇ ਸਰਕਾਰ ਚਲਾਉਣ ਦੀ ਕਾਰਜਸ਼ੈਲੀ ’ਤੇ ਸਵਾਲ ਚੁੱਕੇ ਜਾ ਰਹੇ ਹਨ। ਪਰਗਟ ਸਿੰਘ ਨੇ ਵੀ ਕੈਪਟਨ ਦੀ ਅਗਵਾਈ ’ਤੇ ਸਵਾਲ ਚੁਕਦਿਆਂ ਬੀਤੇ ਦਿਨੀਂ ਇਕ ਹੋਰ ਵਿਧਾਇਕ ਸੁਰਜੀਤ ਧੀਮਾਨ ਵਲੋਂ ਪ੍ਰਗਟਾਏ ਵਿਚਾਰਾਂ ਦਾ ਪੂਰਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਅਗਵਾਈ ’ਚ 2022 ਦੀ ਚੋਣ ਲੜਨ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ ਕਿਉਂਕਿ ਲੋਕ ਵਿਧਾਇਕਾਂ ਨੂੰ ਕੀਤੇ ਵਾਅਦਿਆਂ ਬਾਰੇ ਸਵਾਲ ਪੁਛਦੇ ਹਨ। ਪਰਗਟ ਨੇ ਤਾਂ ਇਥੋਂ ਤਕ ਕਿਹਾ ਕਿ ਹੋਰ ਕਾਂਗਰਸੀ ਵਿਧਾਇਕਾਂ ਨੂੰ ਵੀ ਇਸੇ ਤਰ੍ਹਾਂ ਅਪਣੀ ਆਵਾਜ਼ ਚੁੱਕਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇਸ ਬਾਰੇ ਲੋਕਾਂ ਦੀ ਰਾਏ ਲਈ ਸਰਵੇ ਵੀ ਕਰਵਾਇਆ ਜਾ ਸਕਦਾ ਹੈ। ਪਰਗਟ ਸਿੰਘ ਨੇ ਕਿਹਾ ਕਿ ਲੋਕਤੰਤਰੀ ਸਿਸਟਮ ’ਚ ਵਿਧਾਇਕਾਂ ਨੂੰ ਖੁਲ੍ਹ ਕੇ ਅਪਣੀ ਗੱਲ ਕਹਿਣੀ ਚਾਹੀਦੀ ਹੈ, ਜੋ ਪਾਰਟੀ ਦੇ ਹਿਤ ’ਚ ਹੋਵੇ। ਇਹ ਵੀ ਪਤਾ ਲੱਗਾ ਹੈ ਕਿ ਮੀਟਿੰਗ ’ਚ ਦਿੱਲੀ ਜਾ ਕੇ ਹਾਈਕਮਾਨ ਆਗੂਆਂ ਕੋਲ ਅਪਣਾ ਪੱਖ ਰੱਖਣ ਅਤੇ ਮੰਤਰੀ ਚਰਨਜੀਤ ਚੰਨੀ ਦੇ ਮਹਿਲਾ ਕਮਿਸ਼ਨ ਨਾਲ ਜੁੜੇ ਮਾਮਲੇ ’ਤੇ ਵੀ ਚਰਚਾ ਕੀਤੀ ਗਈ। ਚੰਨੀ ਇਸ ਬਾਰੇ ਖ਼ੁਦ ਵੀ ਇਕ-ਦੋ ਦਿਨ ’ਚ ਅਪਣਾ ਪੱਖ ਸਪਸ਼ਟ ਕਰ ਸਕਦੇ ਹਨ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਚੰਨੀ ਦੇ ਮਾਮਲੇ ’ਚ ਕੈਪਟਨ ਤੋਂ ਮਿਲਿਆ ਭਰੋਸਾ

ਇਸੇ ਦੌਰਾਨ ਨਾਰਾਜ਼ ਧੜੇ ’ਚ ਸਗਰਮ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖ਼ਤਮ ਹੋ ਚੁਕੇ ਪੁਰਾਣੇ ਮੀ-ਟੂ ਮਾਮਲੇ ਬਾਰੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਭਰੋਸਾ ਮਿਲਿਆ ਹੈ। ਮਨੀਸ਼ਾ ਗੁਲਾਟੀ ਨੇ ਪੱਤਰਕਾਰਾਂ ਨੂੰ ਦਸਿਆ ਕਿ  ਉਨ੍ਹਾਂ ਅਪਣਾ ਭੁੱਖ ਹੜਤਾਲ ਦਾ ਫ਼ੈਸਲਾ ਵਾਪਸ ਲੈ ਲਿਆ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਫ਼ੋਨ ਕਰ ਕੇ ਭਰੋਸਾ ਦਿਤਾ ਹੈ ਕਿ ਮੰਤਰੀ ਚੰਨੀ ਦੇ ਮਾਮਲੇ ’ਚ ਸਰਕਾਰ ਛੇਤੀ ਹੀ ਕਮਿਸ਼ਨ ਦੇ ਨੋਟਿਸ ਦਾ ਜਵਾਬ ਭੇਜੇਗੀ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਉਸ ਉਪਰ ਕੋਈ ਦਬਾਅ ਨਹੀਂ ਅਤੇ ਨਾ ਹੀ ਕਿਸੇ ਵਿਅਕਤੀ ਨਾਲ ਨਿਜੀ ਝਗੜਾ ਹੈ। ਕਮਿਸ਼ਨ 20 ਸਾਲ ਪੁਰਾਣਾ ਮਾਮਲਾ ਵੀ ਖੋਲ੍ਹ ਸਕਦਾ ਹੈ ਅਤੇ ਹਰ ਧਿਰ ਨਾਲ ਸਬੰਧਤ ਵਿਅਕਤੀ ਅਪਣਾ ਪੱਖ ਰੱਖ ਸਕਦਾ ਹੈ।