ਸਹਿਕਾਰੀ ਬੈਂਕਾਂ ਵੱਲੋਂ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫ਼ੀਸ ਸੇਵਾਵਾਂ ਦੇਣ ਦੀ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸਹਿਕਾਰਤਾ ਮੰਤਰੀ ਰੰਧਾਵਾ ਤੇ ਮਾਲ ਮੰਤਰੀ ਕਾਂਗੜ ਨੇ ਚੰਡੀਗੜ੍ਹ ਵਿਖੇ ਬੈਂਕ ਦੇ ਪੁਰਾਣੇ ਗ੍ਰਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਕੇ ਕੀਤਾ ਰਸਮੀ ਉਦਘਾਟਨ

Cooperative banks commence initiative to provide e-Stamp paper & e-Court fee services

ਚੰਡੀਗੜ੍ਹ : ਪੰਜਾਬ ਰਾਜ ਸਹਿਕਾਰੀ ਬੈਂਕ ਵਲੋਂ ਅੱਜ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਦੀਆਂ ਸੇਵਾਵਾਂ ਆਪਣੇ ਗ੍ਰਾਂਹਕਾਂ ਨੂੰ ਪ੍ਰਦਾਨ ਕਰਨ ਦੀ ਸ਼ੁਰੂਆਤ ਕੀਤੀ ਗਈ। ਬੈਂਕ ਵਲੋਂ ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ਼ ਇੰਡੀਆ ਨਾਲ ਅਧਿਕਾਰਤ ਤੌਰ 'ਤੇ ਕੀਤੇ ਇਕਰਾਰਨਾਮੇ ਤਹਿਤ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਰਸਮੀ ਉਦਘਾਟਨ ਅੱਜ ਇਥੇ ਸੈਕਟਰ-34 ਸਥਿਤ ਬੈਂਕ ਦੇ ਮੁੱਖ ਦਫਤਰ ਦੀ ਬਰਾਂਚ ਵਿਖੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਸ੍ਰੀ ਮਾਲ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕੀਤਾ।

ਸਮਾਗਮ ਦੇ ਮੁੱਖ ਮਹਿਮਾਨ ਸਹਿਕਾਰਤਾ ਮੰਤਰੀ ਰੰਧਾਵਾ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਹ ਈ-ਸਟੈਂਪ ਪੇਪਰ ਦਾ ਕੰਮ ਜ਼ਿਲਾ ਕੇਂਦਰੀ ਸਹਿਕਾਰੀ ਬੈਂਕਾਂ ਵਲੋਂ ਅੱਜ ਤੋਂ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਸਥਿਤ 27 ਬਰਾਂਚਾਂ ਰਾਹੀਂ 32 ਤਹਿਸੀਲਾਂ ਵਿਚ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ  ਇਸ ਨਾਲ ਬੈਂਕ ਅਤੇ ਖਾਸ ਕਰ ਕੇ ਗ੍ਰਾਹਕ ਕਿਸਾਨਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ। ਰੰਧਾਵਾ ਨੇ ਕਿਹਾ ਕਿ ਸਹਿਕਾਰੀ ਬੈਂਕ ਕਿਸਾਨੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਵਿਭਾਗ ਵਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਕੇਂਦਰੀ ਸਹਿਕਾਰੀ ਬੈਂਕਾਂ ਦੀਆਂ ਬਰਾਂਚਾਂ ਨੂੰ ਅਪਡੇਟ ਕਰਦਿਆਂ ਗ੍ਰਾਹਕ ਪੱਖੀ ਬਣਾਇਆ ਜਾਵੇਗਾ। ਇਸ ਤੋਂ ਇਲਾਵਾ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਮਾਲੀ ਹਾਲਤ ਸੁਧਾਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।

ਸਹਿਕਾਰਤਾ ਮੰਤਰੀ ਨੇ ਕਿਹਾ ਕਿ ਹੋਰ ਬੈਂਕਿੰਗ ਸਹੂਲਤਾਂ ਦੇ ਨਾਲ-ਨਾਲ ਬੈਂਕ ਵੱਲੋਂ ਇਸ ਸਹੂਲਤ ਸ਼ੁਰੂ ਕਰਨ ਨਾਲ ਲੋਕਾਂ ਦੇ ਸਮੇਂ ਦੀ ਬਚਤ ਹੋਵੇਗੀ ਅਤੇ ਉਹ ਖੱਜਲ-ਖੁਆਰੀ ਤੋਂ ਬਚਣਗੇ। ਕਿਸਾਨਾਂ ਨੂੰ ਨਗਦੀ ਲੈ ਕੇ ਆਉਣ-ਜਾਣ ਤੋਂ ਰਾਹਤ ਮਿਲੇਗੀ ਅਤੇ ਬੈਂਕਾਂ ਦੀ ਆਰਥਿਕਤਾ ਵੀ ਹੋਰ ਮਜ਼ਬੂਤ ਹੋਵੇਗੀ ਕਿਉਂਕਿ ਰੋਜ਼ਾਨਾ 8 ਤੋਂ 10 ਕਰੋੜ ਰੁਪਏ ਤੱਕ ਈ-ਸਟੈਂਪਾਂ ਦੀ ਵਿਕਰੀ ਦਾ ਅਨੁਮਾਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਵੱਲੋਂ ਸਹਿਕਾਰੀ ਬੈਂਕ ਵਿਚ ਇਹ ਸਹੂਲਤ ਲੈਣ ਸਮੇਂ ਉਨ੍ਹਾਂ ਵਿੱਚ ਇਹ ਭਾਵਨਾ ਵੀ ਪੈਦਾ ਹੋਵੇਗੀ ਕਿ ਉਨ੍ਹਾਂ ਨਾਲ ਕੋਈ ਹੇਰਾਫੇਰੀ ਨਹੀਂ ਹੋਵੇਗੀ।

ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦਾ ਹੇਠਲੇ ਪੱਧਰ 'ਤੇ ਕਿਸਾਨਾਂ ਨੂੰ ਸਿੱਧਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਵਿੱਚ ਸਹਿਕਾਰਤਾ ਲਹਿਰ ਪ੍ਰਫੁੱਲਤ ਹੋ ਰਹੀ ਹੈ ਅਤੇ ਨਵੀਆਂ ਉਚਾਈਆਂ ਨੂੰ ਛੋਹ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਸਹਿਕਾਰਤਾ ਲਹਿਰ ਦੀ ਮਜ਼ਬੂਤੀ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਈ-ਸਟੈਂਪ ਪੇਪਰ, ਈ-ਰਜਿਸਟ੍ਰੇਸ਼ਨ ਅਤੇ ਈ-ਕੋਰਟ ਫੀਸ ਦੀਆਂ ਸੇਵਾਵਾਂ ਜਾਰੀ ਹੋਣ ਨਾਲ ਗ੍ਰਾਹਕਾਂ ਨੂੰ ਨਗਦੀ ਕੈਸ ਨਹੀਂ ਚੁੱਕਣਾ ਪਵੇਗਾ ਜਿਸ ਨਾਲ ਉਨ੍ਹਾਂ ਨੂੰ ਬਿਨਾਂ ਕਿਸੇ ਝੰਜਟ ਦੇ ਸਟੈਂਪ ਪੇਪਰ ਮਿਲ ਜਾਇਆ ਕਰਨਗੇ।

ਇਸ ਮੌਕੇ ਰੰਧਾਵਾ ਤੇ ਕਾਂਗੜ ਵਲੋਂ ਬੈਂਕ ਦੀਆਂ ਈ-ਸੇਵਾਵਾਂ ਦਾ ਰਸਮੀ ਉਦਘਾਟਨ ਕਰਦਿਆਂ ਬੈਂਕ ਦੇ ਪੁਰਾਣੇ ਗ੍ਰਾਂਹਕਾਂ ਨੂੰ ਆਨਲਾਈਨ ਸਟੈਂਪ ਪੇਪਰ ਵੀ ਜਾਰੀ ਕੀਤੇ ਗਏ। ਇਨ੍ਹਾਂ ਗਾ੍ਰਹਕਾਂ ਅਤੇ ਸਹਿਕਾਰੀਆਂ ਰਵਿੰਦਰ ਗੋਇਲ, ਸੋਮ ਦੱਤ ਸ਼ਰਮਾ, ਹਰਗੋਬਿੰਦ ਅੱਗਰਵਾਲ, ਦੇਵੀ ਦਿਆਲ ਗੋਇਲ, ਵਿਵੇਕ ਗੋਇਲ, ਸੁਨੀਲ ਭਸੀਨ ਨੂੰ ਸਨਮਾਨਿਤ ਵੀ ਕੀਤਾ ਗਿਆ।