ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ BJP ਦੇ ਵਫ਼ਦ ਨੇ ਕੀਤੀ ਰਾਜਪਾਲ ਬਨਵਾਰੀਲਾਲ ਪੁਰੋਹਿਤ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਕੀਤੀ ਅਪੀਲ

Sunil Jakhar

ਚੰਡੀਗੜ੍ਹ : ਬੀ.ਜੇ.ਪੀ. ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਅੱਜ ਬੀ.ਜੇ.ਪੀ. ਦੇ ਵਫ਼ਦ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਵਿਚ ਹੜ੍ਹ ਕਾਰਨ ਪੈਦਾ ਹੋਈ ਸਥਿਤੀ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਰਾਜਪਾਲ ਨਾਲ ਵਿਚਾਰ ਚਰਚਾ ਕੀਤੀ।

ਇਹ ਵੀ ਪੜ੍ਹੋ: ਦਿੱਲੀ AIIMS ਦੇ ਡਾਕਟਰਾਂ ਨੇ ਕੀਤਾ ਚਮਤਕਾਰ, ਛਾਤੀ ਅਤੇ ਪੇਟ ਤੋਂ ਜੁੜੀਆਂ ਦੋ ਮਾਸੂਮਾਂ ਨੂੰ ਕੀਤਾ ਇਕ ਦੂਜੇ ਤੋਂ ਵੱਖ  

ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨੇ ਮੀਡੀਆ ਨਾਲ ਗਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੂਬੇ ਦੇ ਹਾਲਾਤ ਬਾਰੇ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹੜ੍ਹ ਕਾਰਨ ਪੰਜਾਬ ਦੇ ਕਈ ਇਲਾਕਿਆਂ ਵਿਚ ਪਾਣੀ ਭਰਿਆ ਹੋਇਆ ਹੈ ਅਤੇ ਸੂਬੇ ਦੇ ਕਈ ਇਲਾਕਿਆਂ ਵਿਚ ਮਹਾਂਮਾਰੀ ਫੈਲਣ ਦਾ ਖ਼ਤਰਾ ਹੈ। ਉਨ੍ਹਾਂ ਰਾਜਪਾਲ ਨੂੰ ਅਪੀਲ ਕੀਤੀ ਕਿ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਪੰਜਾਬ ਸਰਕਾਰ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਹੜ੍ਹ ਪੀੜਤਾਂ ਨੂੰ ਸਮੇਂ ਸਿਰ ਮਦਦ ਮੁਹਈਆ ਕਰਵਾਈ ਜਾਣੀ ਚਾਹੀਦੀ ਹੈ ਅਤੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਸੁਨੀਲ ਜਾਖੜ ਦਾ ਕਹਿਣਾ ਹੈ ਕਿ 'ਆਪ' ਸਰਕਾਰ ਦੀ ਲਾਪਰਵਾਹੀ ਕਾਰਨ ਹੀ ਪੰਜਾਬ ਦੇ ਹਾਲਤ ਵਿਗੜੇ ਹਨ। ਮਾਨਸੂਨ ਤੋਂ ਪਹਿਲਾਂ ਸਾਰੇ ਬੰਨ੍ਹਾਂ ਅਤੇ ਦਰਿਆਵਾਂ ਆਦਿ ਦੀ ਸਫਾਈ ਕਰਵਾਈ ਜਾਣੀ ਚਾਹੀਦੀ ਸੀ।ਅਜਿਹਾ ਨਾ ਕਰ ਕੇ ਲੋਕਾਂ ਨੂੰ ਜੋਖਮ ਵਿਚ ਪਾਇਆ ਗਿਆ ਹੈ।

ਇਹ ਵੀ ਪੜ੍ਹੋ: ਐਸ.ਜੀ.ਪੀ.ਸੀ. ਨੇ ਪੀ.ਟੀ.ਸੀ. ਨੂੰ ਭੇਜਿਆ 24.90 ਲੱਖ ਰੁਪਏ ਦੇ ਬਕਾਏ ਦਾ ਨੋਟਿਸ 

ਸੁਨੀਲ ਜਾਖੜ ਨੇ ਕਿਹਾ ਕਿ ਬਗ਼ੈਰ ਮੰਗੇ ਹੀ ਕੇਂਦਰ ਵਲੋਂ 218 ਕਰੋੜ ਰੁਪਏ ਭੇਜੇ ਗਏ ਹਨ। ਜੇਕਰ ਹੋਰ ਜ਼ਰੂਰਤ ਹੋਵੇਗੀ ਤਾਂ ਕੇਂਦਰ ਮਦਦ ਲਈ ਤਿਆਰ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਵਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਮਦਦ ਦੀ ਕੋਈ ਜ਼ਰੂਰਤ ਨਹੀਂ ਹੈ। ਉਨ੍ਹਾਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਨੂੰ ਹਦਾਇਤ ਕੀਤੀ ਜਾਵੇ।

ਸੁਨੀਲ ਜਾਖੜ ਦਾ ਕਹਿਣਾ ਹੈ ਕਿ ਇਲਾਕੇ ਵਿਚ  ਕਈ ਜਗ੍ਹਾ ਪਾਣੀ ਭਰਿਆ ਹੋਇਆ ਹੈ ਜਿਸ ਕਾਰਨ ਉਥੇ ਹੁਣ ਝੋਨਾ ਤਾਂ ਕੀ ਅਗਲੇ ਛੇ ਮਹੀਨੇ ਤਕ ਕੋਈ ਵੀ ਫ਼ਸਲ ਨਹੀਂ ਉਗਾਈ ਜਾ ਸਕਦੀ। ਇਸ ਲਈ ਇਨ੍ਹਾਂ ਇਲਾਕਿਆਂ ਵਿਚ ਗਿਰਦਾਵਰੀ ਨਹੀਂ ਹੋ ਸਕਦੀ ਜਿਸ ਦੇ ਚਲਦੇ ਸਰਕਾਰ ਨੂੰ ਚਾਹੀਦਾ ਹੈ ਕਿ ਫੌਰੀ ਤੌਰ 'ਤੇ ਪੀੜਤ ਕਿਸਾਨਾਂ ਦੀ ਮਾਲੀ ਸਹਾਇਤਾ ਕੀਤੀ ਜਾਵੇ।