ਅਤਿਵਾਦੀ ਹਮਲੇ ’ਚ ਜ਼ਖ਼ਮੀ ਢਾਬਾ ਮਾਲਕ ਦੇ ਬੇਟੇ ਦੀ ਮੌਤ, ਮੁਸਲਿਮ ਜਾਂਬਾਜ ਫ਼ੋਰਸ ਨੇ ਲਈ ਜ਼ਿੰਮੇਵਾਰੀ

ਏਜੰਸੀ

ਖ਼ਬਰਾਂ, ਰਾਜਨੀਤੀ

ਹਮਲੇ ਦੇ ਸਬੰਧ ਵਿਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ

Terrorist attack

ਸ੍ਰੀਨਗਰ : ਅਤਿਵਾਦੀਆਂ ਦੇ ਹਮਲੇ ਵਿਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਮਸ਼ਹੂਰ ਕਿ੍ਰਸ਼ਨਾ ਢਾਬਾ ਦੇ ਮਾਲਕ ਦੇ ਬੇਟੇ ਦੀ ਐਤਵਾਰ ਨੂੰ ਇਥੇ ਮੌਤ ਹੋ ਗਈ।
ਅਤਿਵਾਦੀਆਂ ਨੇ 17 ਫ਼ਰਵਰੀ ਨੂੰ ਢਾਬਾ ਮਾਲਕ ਦੇ ਬੇਟੇ ਆਕਾਸ਼ ਮਹਿਤਾ ਨੂੰ ਗੋਲੀ ਮਾਰ ਦਿਤੀ ਸੀ। ਅਧਿਕਾਰੀਆਂ ਨੇ ਦਸਿਆ ਕਿ ਮਹਿਤਾ ਦਾ ਪਿਛਲੇ 10 ਦਿਨਾਂ ਤੋਂ ਐਸਐਮਐਚਐਸ ਹਸਪਤਾਲ ਵਿਚ ਇਲਾਜ ਚੱਲ ਰਿਹਾ ਸੀ ਅਤੇ ਐਤਵਾਰ ਤੜਕੇ ਉਸ ਨੇ ਦਮ ਤੋੜ ਦਿਤਾ।

ਪੁਲਿਸ ਨੇ ਕਿਹਾ ਕਿ ਜਦੋਂ ਅਤਿਵਾਦੀਆਂ ਨੇ ਉਸ ਨੂੰ ਨੇੜੇ ਤੋਂ ਗੋਲੀ ਮਾਰੀ ਸੀ ਤਾਂ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਮੁਸਲਿਮ ਜਾਂਬਾਜ ਫ਼ੋਰਸ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਅਤਿਵਾਦੀ ਸੰਗਠਨ 1990 ਦੇ ਦਹਾਕੇ ਤੋਂ ਸਰਗਰਮ ਹੈ।

ਕਿ੍ਰਸ਼ਨ ਢਾਬਾ ਸ਼ਾਕਾਹਾਰੀ ਭੋਜਨ ਦੀ ਸੇਵਾ ਕਰਦੇ ਹੋਏ ਖੇਤਰ ਵਿਚ ਕਾਫ਼ੀ ਮਸ਼ਹੂਰ ਹੈ। ਇਹ ਦੁਰਗਨਾਗ ਖੇਤਰ ਵਿਚ ਸਥਿਤ ਹੈ। ਭਾਰਤ ਅਤੇ ਪਾਕਿਸਤਾਨ ਲਈ ਸੰਯੁਕਤ ਰਾਸ਼ਟਰ ਦੇ ਮਿਲਟਰੀ ਅਬਜ਼ਰਵਰ ਗਰੁਪ (ਯੂ.ਐੱਨ.ਐੱਮ.ਓ.ਜੀ.ਪੀ.) ਦੇ ਦਫ਼ਤਰ ਅਤੇ ਜੰਮੂ-ਕਸ਼ਮੀਰ ਦੇ ਚੀਫ਼ ਜਸਟਿਸ ਦਾ ਘਰ ਢਾਬੇ ਤੋਂ 200 ਮੀਟਰ ਦੇ ਘੇਰੇ ਵਿਚ ਸਥਿਤ ਹਨ। ਇਸ ਹਮਲੇ ਦੇ ਸਬੰਧ ਵਿਚ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗਿ੍ਰਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਕੀਤੇ ਮੁਲਜ਼ਮਾਂ ਦੇ ਕਥਿਤ ਸਬੰਧ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਇਕ ਸੂਡੋ-ਗਰੁਪ ਦੇ ਦੱਸੇ ਗਏ ਹਨ।