CM ’ਤੇ ਵਰ੍ਹੇ ਜਨਰਲ ਜੇਜੇ ਸਿੰਘ, ‘ਮੈਂ ਤਾਂ ਇਕ ਚੋਣ ਹਾਰਿਆਂ ਹਾਂ ਪਰ ਤੁਸੀਂ ਜ਼ਮੀਰ ਹਾਰ ਚੁੱਕੇ ਹੋ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਜਨਰਲ ਜੇਜੇ ਸਿੰਘ ਨੇ ਟਵੀਟ ਜ਼ਰੀਏ ਮੁੱਖ ਮੰਤਰੀ ਨੂੰ ਦਿੱਤਾ ਜਵਾਬ

Gen JJ Singh reply to captain amarinder singh

ਚੰਡੀਗੜ੍ਹ: ਭਾਰਤੀ ਫੌਜ ਦੇ ਸਾਬਕਾ ਮੁਖੀ ਰਹੇ ਜਨਰਲ ਜੋਗਿੰਦਰ ਜਸਵੰਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦਿੰਦਿਆਂ ਕਿਹਾ ਕਿ ਮੈਂ ਤਾਂ ਇਕ ਚੋਣ ਹੀ ਹਾਰਿਆ ਹਾਂ ਪਰ ਤੁਸੀਂ ਜ਼ਮੀਰ ਹਾਰ ਚੁੱਕੇ ਹੋ। ਦਰਅਸਲ ਬੀਤੇ ਦਿਨ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਕਿਹਾ ਸੀ ਕਿ ਜੇ ਸਿੱਧੂ ਨੂੰ ਮੇਰੇ ਨਾਲ ਲੜਨ ਦਾ ਹੀ ਸ਼ੌਂਕ ਹੈ ਤਾਂ ਪਟਿਆਲਾ ਤੋਂ ਮੇਰੇ ਵਿਰੁੱਧ ਚੋਣ ਲੜ ਕੇ ਦੇਖਣ| ਉਹਨਾਂ ਕਿਹਾ ਕਿ ਜੇਜੇ ਸਿੰਘ ਵਾਂਗ ਤੁਹਾਡੀ ਜ਼ਮਾਨਤ ਵੀ ਜ਼ਬਤ ਹੋ ਜਾਵੇਗੀ।

ਮੁੱਖ ਮੰਤਰੀ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ ਜਨਰਲ ਜੇਜੇ ਸਿੰਘ ਨੇ ਟਵੀਟ ਕੀਤਾ ਹੈ। ਜਨਰਲ ਜੇਜੇ ਸਿੰਘ ਨੇ ਟਵੀਟ ਕਰਦਿਆਂ ਕਿਹਾ, ‘ਸਾਰਾ ਪੰਜਾਬ ਇਸ ਗੱਲ ਤੋਂ ਜਾਣੂ ਹੈ ਕਿ ਤੁਸੀਂ ਬਾਦਲਾਂ ਨਾਲ ਘਿਓ ਖਿਚੜੀ ਹੋ । 2017 ਦੀਆਂ ਚੋਣਾਂ ਵਿਚ ਬਾਦਲਾਂ ਨੇ ਸਾਜ਼ਸ਼ ਤਹਿਤ ਤੁਹਾਡੀ ਮਦਦ ਕੀਤੀ, ਜਿਸ ਦਾ ਕਰਜ਼ ਤੁਸੀਂ ਬਹਿਬਲ ਕਲਾਂ ਗੋਲ਼ੀਕਾਂਡ ਵਿਚ ਕਾਰਵਾਈ ਨਾਂ ਕਰ ਕੇ ਚੁਕਾ ਰਹੇ ਹੋ’।

ਇਕ ਹੋਰ ਟਵੀਟ ਵਿਚ ਉਹਨਾਂ ਲ਼ਿਖਿਆ, ‘2017 ਵਿਧਾਨ ਸਭਾ ਚੋਣਾਂ (ਪਟਿਆਲਾ ਅਤੇ ਲੰਮੀ) ਫ਼ਿਕਸ ਮੈਚ ਸੀ, ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ। ਸਮਾਂ ਬਦਲਦਾ ਰਹਿੰਦਾ ਹੈ, ਭੁੱਲੋ ਨਾਂ ਕਦੇ ਤੁਸੀਂ ਵੀ ਪਟਿਆਲ਼ੇ ਤੋਂ ਜ਼ਮਾਨਤ ਜ਼ਬਤ ਕਰਾਈ ਹੈ। ਇਸ ਤੋਂ ਇਲਾਵਾ ਦੇਸ਼ ਦੇ ਪਹਿਲੇ ਸਿੱਖ ਆਰਮੀ ਚੀਫ ਰਹੇ ਜਨਰਲ ਜੇਜੇ ਸਿੰਘ ਨੇ ਮੁੱਖ ਮੰਤਰੀ ਨੂੰ ਕਿਹਾ ਕਿ, ‘ਮੈਂ ਤਾਂ ਇਕ ਚੋਣ ਹਾਰਿਆਂ ਹਾਂ ਪਰ ਤੁਸੀਂ ਜ਼ਮੀਰ ਹਾਰ ਚੁੱਕੇ ਹੋ।’

ਦੱਸ ਦਈਏ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਬੇਅਦਬੀ ਤੇ ਗੋਲੀਕਾਂਡ ਸਬੰਧੀ ਮੁੱਦਿਆਂ ਨੂੰ ਲੈ ਕੇ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਸੀ। ਇਸ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ਵਿਚ ਜਾਣ ਦੀ ਤਿਆਰੀ ਕਰ ਰਹੇ ਹਨ।