ਸੰਵਿਧਾਨ ਅਤੇ ਖ਼ਜ਼ਾਨੇ ਦੀਆਂ ਧੱਜੀਆਂ ਉਡਾ ਰਹੇ ਹਨ ਕੈਪਟਨ : ਭਗਵੰਤ ਮਾਨ
ਕਿਹਾ - ਪੰਜਾਬ ਦੇ ਖ਼ਜ਼ਾਨੇ 'ਤੇ ਬੋਝ ਬਣੇ ਮੁੱਖ ਮੰਤਰੀ ਦੇ ਦਰਜਨ ਭਰ ਓ.ਐਸ.ਡੀ.
ਚੰਡੀਗੜ੍ਹ : ਆਪਣੀ ਹਿੱਲ ਰਹੀ ਕੁਰਸੀ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੈਬਨਿਟ ਮੰਤਰੀ ਪੱਧਰ ਦੇ ਰੁਤਬੇ ਵੰਡਣ 'ਚ ਮਸਰੂਫ਼ ਹਨ, ਪਰ ਕੈਪਟਨ ਦੇ ਇਹ ਸਿਆਸੀ ਪੈਂਤੜੇ ਜਿਥੇ ਸੰਵਿਧਾਨ ਦੀਆਂ ਧੱਜੀਆਂ ਉਡਾ ਰਹੇ ਹਨ, ਉਥੇ ਪੰਜਾਬ ਦੇ ਖ਼ਜ਼ਾਨੇ ਦੀਆਂ ਵੀ ਫੱਕੀਆਂ ਉਡਾ ਰਹੇ ਹਨ। ਜਿਸ ਦਾ ਆਮ ਆਦਮੀ ਪਾਰਟੀ (ਆਪ) ਸਿਧਾਂਤਕ ਅਤੇ ਵਿਵਹਾਰਿਕ ਵਿਰੋਧ ਕਰਦੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਪ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ।
ਇਕ ਪ੍ਰੈਸ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਰਾਜ ਕੁਮਾਰ ਵੇਰਕਾ ਨੂੰ ਕੈਬਨਿਟ ਮੰਤਰੀ ਦੇ ਬਰਾਬਰ ਦੀਆਂ ਸਹੂਲਤਾਂ ਅਤੇ ਰੁਤਬਾ ਦੇ ਕੇ ਕੈਪਟਨ ਅਮਰਿੰਦਰ ਸਿੰਘ ਨੇ ਦਿਖਾ ਦਿਤਾ ਹੈ ਕਿ ਕਾਂਗਰਸ ਅੰਦਰ ਸਭ ਕੁਝ ਠੀਕ ਨਾ ਹੋਣ ਕਰ ਕੇ ਵਿਧਾਇਕਾਂ ਅਤੇ ਆਗੂਆਂ ਨੂੰ ਕਿਸ ਤਰ੍ਹਾਂ ਦੇ ਲਾਲਚ ਦੇਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਪੰਜਾਬ ਦੇ 117 ਵਿਧਾਇਕਾਂ ਅਤੇ ਮੁੱਖ ਮੰਤਰੀ ਸਮੇਤ ਕੁੱਲ 18 ਮੰਤਰੀ ਹੀ ਬਣਾਏ ਜਾ ਸਕਦੇ ਹਨ, ਪਰ ਕੈਪਟਨ ਅਮਰਿੰਦਰ ਸਿੰਘ ਸਮੇਂ-ਸਮੇਂ 'ਤੇ ਉੱਠਦੇ ਅੰਦਰੂਨੀ ਸਿਆਸੀ ਤੁਫ਼ਾਨਾਂ ਨੂੰ ਠੱਲ੍ਹਣ ਲਈ ਕੈਬਨਿਟ ਮੰਤਰੀਆਂ ਦੇ ਰੁਤਬਿਆਂ ਦਾ ਪਟਾਰਾ ਖੋਲ੍ਹ ਲੈਂਦੇ ਹਨ।
ਇਸ ਸਮੇਂ ਮੰਤਰੀ ਮੰਡਲ 'ਚ ਬੇਸ਼ੱਕ ਇਕ ਅਹੁਦਾ (ਨਵਜੋਤ ਸਿੱਧੂ ਦੇ ਅਸਤੀਫ਼ੇ ਉਪਰੰਤ) ਖ਼ਾਲੀ ਪਿਆ ਹੈ, ਪਰ 10 ਦੇ ਕਰੀਬ ਕੈਬਨਿਟ/ਰਾਜ ਮੰਤਰੀਆਂ ਦੇ ਰੁਤਬੇ ਨਿਵਾਜੇ ਹੋਏ ਹਨ, ਜਦਕਿ ਮੁੱਖ ਮੰਤਰੀ ਦੀ ਆਪਣੀ ਓ.ਐਸ.ਡੀ ਫ਼ੌਜ ਦੀ ਗਿਣਤੀ ਇਕ ਦਰਜਨ ਤੋਂ ਟੱਪ ਚੁੱਕੀ ਹੈ ਅਤੇ ਇਨ੍ਹਾਂ ਦੀਆਂ ਕਾਰਾਂ-ਕੋਠੀਆਂ ਅਤੇ ਲਾਮ ਲਸ਼ਕਰ ਦਾ ਬੋਝ ਪੰਜਾਬ ਦੇ ਖ਼ਜ਼ਾਨੇ ਰਾਹੀਂ ਜਨਤਾ ਝੱਲ ਰਹੀ ਹੈ।